ਬਿਜਲੀ ਦੇ ਕੱਟਾਂ ਤੋਂ ਕਿਸਾਨ ਤੇ ਆਮ ਲੋਕ ਪ੍ਰੇਸ਼ਾਨ
ਪੱਤਰ ਪ੍ਰੇਰਕ
ਸ਼ਾਹਕੋਟ, 7 ਸਤੰਬਰ
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵੱਲੋਂ ਲਗਾਏ ਜਾ ਰਹੇ ਅਣ ਐਲਾਨੇ ਕੱਟਾਂ ਤੋਂ ਕਿਸਾਨ ਤੇ ਆਮ ਲੋਕ ਬੇਹੱਦ ਪ੍ਰੇਸ਼ਾਨ ਹਨ। ਅਤਿ ਦੀ ਗਰਮੀ ਵਿਚ ਪਾਵਰਕੌਮ ਵੱਲੋਂ ਲਗਾਏ ਜਾ ਰਹੇ ਲੰਬੇ ਕੱਟਾਂ ਨੇ ਲੋਕਾਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਸ਼ਾਹਕੋਟ ਦਾ ਇਕ ਵਫ਼ਦ ਪਾਵਰਕੌਮ ਮਲਸੀਆਂ ਦੇ ਐੱਸਡੀਓ ਨੂੰ ਮਿਲਿਆ। ਉਨ੍ਹਾਂ ਦੇ ਦਫਤਰ ਵਿਚ ਮੌਜੂਦ ਨਾ ਹੋਣ ਕਾਰਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਗੁਰਚਰਨ ਸਿੰਘ ਚਾਹਲ ਨੇ ਐੱਸਡੀਓ ਅਤੇ ਐਕਸੀਅਨ ਨਕੋਦਰ ਨੂੰ ਫੋਨ ’ਤੇ ਕਿਸਾਨਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਉਂਦਿਆਂ 8 ਘੰਟੇ ਨਿਰਵਿਘਨ ਬਿਜਲੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ। ਜ਼ਿਲ੍ਹਾ ਪ੍ਰੈਸ ਸਕੱਤਰ ਮਨਜੀਤ ਸਿੰਘ ਮਲਸੀਆਂ ਨੇ ਦੱਸਿਆ ਕਿ ਇਸ ਸਮੇਂ ਝੋਨੇ, ਚਾਰੇ ਅਤੇ ਸਬਜ਼ੀਆਂ ਨੂੰ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਬਿਜਲੀ ਦੀ ਸਪਲਾਈ ਵਿਚ ਸੁਧਾਰ ਨਾ ਕੀਤਾ ਤਾਂ ਉਨ੍ਹਾਂ ਦੀ ਯੂਨੀਅਨ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਇਸ ਸਬੰਧੀ ਪਾਵਰਕੌਮ ਦੇ ਐਕਸੀਅਨ ਨਕੋਦਰ ਇੰਦਰਜੀਤ ਸਿੰਘ ਅਤੇ ਐੱਸਡੀਓ ਮਲਸੀਆਂ ਦਾ ਪੱਖ ਜਾਣਨਾ ਚਾਹਿਆ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।