ਕਿਸਾਨਾਂ ਤੇ ਆੜ੍ਹਤੀਆਂ ਵੱਲੋਂ ਕੇਂਦਰ ਖ਼ਿਲਾਫ਼ ਮੁਜ਼ਾਹਰੇ
ਦਵਿੰਦਰ ਸਿੰਘ
ਯਮੁਨਾਨਗਰ, 21 ਅਗਸਤ
ਕੇਂਦਰ ਸਰਕਾਰ ਦੇ ਖੇਤੀ ਆਰਡੀਨੈਂਸਾਂ ਸਣੇ ਹੋਰ ਲੋਕ ਵਿਰੋਧੀ ਫ਼ੈਸਲਿਆਂ ਦੇ ਰੋਸ ਵਜੋਂ ਅਨਾਜ ਮੰਡੀ ਆੜ੍ਹਤੀ ਐਸੋਸੀਏਸ਼ਨ ਅਤੇ ਭਾਰਤੀ ਕਿਸਾਨ ਯੁੂਨੀਅਨ ਨੇ ਜ਼ਿਲ੍ਹਾ ਸਕੱਤਰੇਤ ਸਾਹਮਣੇ ਰੋਸ ਮੁਜ਼ਾਹਰਾ ਕੀਤਾ। ਮੀਂਹ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਆੜ੍ਹਤੀ, ਜ਼ਿਲ੍ਹਾ ਪ੍ਰਧਾਨ ਸ਼ਿਵ ਕੁਮਾਰ ਸੰਧਾਲਾ ਦੀ ਅਗਵਾਈ ਵਿੱਚ ਇੱਕਠੇ ਹੋਏ ਅਤੇ ਡਿਪਟੀ ਕਮਿਸ਼ਨਰ ਰਾਹੀਂ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਨੂੰ ਯਾਦ ਪੱਤਰ ਦਿੱਤਾ। ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਸ੍ਰੀ ਸੰਧਾਲਾ ਨੇ ਕਿਹਾ ਕਿ ਹਰਿਆਣਾ ਵਿੱਚ ਮੰਡੀ ਵਿਵਸਥਾ ਮਜ਼ਬੂਤ ਹੈ ਜਿਥੇ ਸਰਕਾਰੀ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕਿਸਾਨ ਦੇ ਸਾਹਮਣੇ ਬੋਲੀ ਸਿਸਟਮ ਨਾਲ ਊੱਚੀ ਬੋਲੀ ਲਾ ਕੇ ਕਿਸਾਨ ਦੀ ਉਪਜ ਨੂੰ ਖਰੀਦਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਆੜ੍ਹਤੀ ਜ਼ਰੂਰਤ ਹੋਵੇ ਤਾਂ ਕਿਸਾਨ ਦੀ ਫਸਲ ਨੂੰ ਸੁੱਕਾ ਕੇ, ਉਸ ਦੀ ਸਫਾਈ ਕਰਵਾ ਕੇ ਢੇਰੀਆਂ ਬਣਵਾ ਕੇ ਵਪਾਰੀਆਂ ਨੂੰ ਬੁਲਾਉਂਦਾ ਹੈ ਅਤੇ ਕਿਸਾਨ ਦੀ ਫਸਲ ਦੀ ਵਕਾਲਤ ਕਰਦਾ ਹੈ ਤਾਂ ਕਿ ਕਿਸਾਨ ਨੂੰ ਜ਼ਿਆਦਾ ਤੋਂ ਜ਼ਿਆਦਾ ਪੈਸਾ ਮਿਲੇ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਲਾਗੂ ਕੀਤਾ ਜਾ ਰਿਹਾ ਬਿਹਾਰ ਮਾਡਲ ਪਹਿਲਾਂ ਹੀ ਫੇਲ੍ਹ ਹੋ ਚੁੱਕਾ ਹੈ ਇਸ ਲਈ ਇਨ੍ਹਾਂ ਆਰਡੀਨੈਂਸਾਂ ਨੂੰ ਰੱਦ ਕਰਨਾ ਚਾਹੀਦਾ ਹੈ ਤਾਂ ਕਿਸਾਨੀ ਤਬਾਹ ਹੋਣ ਤੋਂ ਬਚਾਇਆ ਜਾ ਸਕੇ।
ਸ਼ਾਹਬਾਦ ਮਾਰਕੰਡਾ (ਸਤਨਾਮ ਸਿੰਘ): ਸ਼ਾਹਬਾਦ ਅਨਾਜ ਮੰਡੀ ਦੀਆਂ ਦੋਵੇਂ ਐਸੋਸੀਏਸ਼ਨਾਂ ਨੇ ਅੱਜ ਮਜ਼ਦੂਰ, ਕਿਸਾਨ, ਤੇ ਮੁਨਸ਼ੀਆਂ ਨੂੰ ਤਬਾਹ ਕਰਨ ਵਾਲੇ ਤਿੰਨਾਂ ਕਾਨੂੰਨਾਂ ਦਾ ਵਿਰੋਧ ਕੀਤਾ, ਜਿਸ ਦੇ ਰੋਸ ਵਜੋਂ ਉਨ੍ਹਾਂ ਇਸ ਰੋਜ਼ਾ ਹੜਤਾਲ ਕੀਤੀ। ਇਹ ਹੜਤਾਲ ਸ਼ਾਹਬਾਦ ਅਨਾਜ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਬਿਟੂ ਕਾਲੜਾ ਤੇ ਮਹਾਂਰਿਸ਼ੀ ਮਾਰਕੰਡੇਸ਼ਵਰ ਕੱਚਾ ਆੜ੍ਹਤੀ ਐਸੋਸ਼ੀਏਸ਼ਨ ਦੇ ਪ੍ਰਧਾਨ ਧੰਨਪਤ ਰਾਏ ਦੀ ਅਗਵਾਈ ਵਿਚ ਕੀਤੀ ਗਈ, ਜਿਸ ਵਿੱਚ ਕੰਮਕਾਜ ਠੱਪ ਕੀਤਾ ਗਿਆ। ਉਨ੍ਹਾਂ ਸਰਕਾਰ ਕਾਲੇ ਕਾਨੂੰਨ ਲਾਗੂ ਕਰਕੇ ਕਿਸਾਨਾਂ ਤੇ ਮਜ਼ਦੂਰਾਂ ਨਾਲ ਧੱਕਾ ਕਰ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਨਰਾਇਣਗੜ੍ਹ ਵਿੱਚ ਕਾਨੂੰਨਾਂ ਦੇ ਵਿਰੋਧ ਕਾਰਨ ਹੜਤਾਲ
ਨਰਾਇਣਗੜ੍ਹ (ਫਰਿੰਦਰ ਪਾਲ ਗੁਲਿਆਣੀ): ਇਥੇ ਕੱਚਾ ਆੜ੍ਹਤੀ ਐਸੋਸੀਏਸ਼ਨ ਤੇ ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰਾਂ ਨੇ ਸਰਕਾਰ ਵੱਲੋਂ ਖੇਤੀ ਨਾਲ ਜੁੜੇ ਤਿੰਨ ਕਾਨੂੰਨਾਂ ਨੂੰ ਲਿਆਉਣ ਦੇ ਵਿਰੋਧ ਵਿੱਚ ਹੜਤਾਲ ਕੀਤੀ ਅਤੇ ਮੰਡੀ ਵਿੱਚ ਸਥਿਤ ਆਪਣੀਆਂ ਦੁਕਾਨਾਂ ਬੰਦ ਕਰ ਕੇ ਸਰਕਾਰ ਪ੍ਰਤੀ ਆਪਣਾ ਰੋਸ ਪ੍ਰਗਟਾਇਆ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰਾਂ ਨੇ ਵੀ ਆੜ੍ਹਤੀਆਂ ਦੀ ਇਸ ਹੜਤਾਲ ਨੂੰ ਆਪਣਾ ਸਮਰਥਨ ਦਿੱਤਾ। ਆੜ੍ਹਤੀ ਨੀਰਜ ਅਗਰਵਾਲ ਨੇ ਕਿਹਾ ਕਿ ਤਿੰਨੇ ਕਾਨੂੰਨ ਲਾਗੂ ਹੋਣ ਨਾਲ ਸਾਰਿਆਂ ਨੂੰ ਘਾਟਾ ਹੋਵੇਗਾ ਅਤੇ ਕਿਸਾਨ, ਵਪਾਰੀ, ਆੜ੍ਹਤੀ, ਮੁਨੀਮ ਬਰਬਾਦ ਹੋਣ ਦੀ ਕਗਾਰ ’ਤੇ ਆ ਜਾਣਗੇ। ਉਨ੍ਹਾਂ ਦੱਸਿਆ ਕਿ ਤਿੰਨੇ ਕਾਨੂੰਨ ਗਲਤ ਹਨ ਅਤੇ ਇਨ੍ਹਾਂ ਨੂੰ ਜਲਦ ਰੱਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਾਡੀ ਮੰਡੀਆਂ ਪਹਿਲਾਂ ਠੀਕ ਤਰ੍ਹਾਂ ਨਾਲ ਚੱਲ ਰਹੀਆਂ ਸਨ ਉਵੇਂ ਹੀ ਚੱਲਣੀਆਂ ਚਾਹੀਦੀਆਂ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਕਹਿ ਰਹੀ ਹੈ ਕਿ ਬਾਹਰ ਵਪਾਰੀ ਨੂੰ ਕੋਈ ਟੈਕਸ ਨਹੀਂ ਦੇਣਾ ਪਵੇਗਾ ਅਤੇ ਸਾਡੀ ਮੰਗ ਹੈ ਕਿ ਮੰਡੀ ਵਿੱਚ ਵੀ ਲੱਗਣ ਵਾਲੇੇ ਟੈਕਸ ਨੂੰ ਹੀ ਖਤਮ ਕਰ ਦਿੱਤਾ ਜਾਵੇ। ਕਿਸਾਨ ਯੂਨੀਅਨ ਦੇ ਆਗੂ ਰਾਜੀਵ ਸ਼ਰਮਾ ਦਾ ਕਿਹਾ ਉਹ ਆੜ੍ਹਤੀਆਂ ਦੀ ਹੜਤਾਲ ਨੂੰ ਸਮਰਥਨ ਦੇਣ ਲਈ ਮੰਡੀ ਵਿੱਚ ਆਏ ਹਨ ਅਤੇ ਸਰਕਾਰ ਨੇ ਜਿਹੜੇ ਤਿੰਨ ਕਾਨੂੰਨ ਲਿਆਂਦੇ ਹਨ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਕਾਨੂੰਨ ਬਣਾਇਆ ਜਾਵੇ ਕਿ ਜਿਸ ਤਹਿਤ ਕੀਮਤ ਤੋਂ ਘੱਟ ਕੋਈ ਫ਼ਸਲ ਨਾ ਖ਼ਰੀਦੀ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਰਾਹਤ ਦੇਣ ਦਾ ਕੋਈ ਪ੍ਰਬੰਧ ਕਰੇ ਨਾ ਕਿ ਉਨ੍ਹਾਂ ਲਈ ਹੋਰ ਮੁਸੀਬਤਾਂ ਪੈਦਾ ਕਰੇ। ਉਨ੍ਹਾਂ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠ ਦਬਿਆ ਹੋਇਆ ਤੇ ਇਨ੍ਹਾਂ ਕਾਨੂੰਨਾਂ ਕਾਰਨ ਉਹ ਬਿਲਕੁਲ ਤਬਾਹ ਹੋ ਜਾਵੇਗਾ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਾਲੇ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ। ਇਸ ਮੌਕੇ ਕਾਫ਼ੀ ਗਿਣਤੀ ਵਿੱਚ ਕਿਸਾਨ, ਆੜ੍ਹਤੀ ਹਾਜ਼ਰ ਸਨ।