ਪਿੰਡ ਲਦਾਲ ’ਚ ਕਿਸਾਨ ਭੈਣਾਂ ਦਾ ਸਨਮਾਨ
ਰਮੇਸ਼ ਭਾਰਦਵਾਜ
ਲਹਿਰਾਗਾਗਾ, 12 ਦਸੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਪ੍ਰਧਾਨ ਬਹਾਲ ਸਿੰਘ ਢੀਂਡਸਾ ਦੀ ਅਗਵਾਈ ਅਧੀਨ ਪਿੰਡ ਲਦਾਲ ਵਿੱਚ ਇੱਕ ਰੈਲੀ ਕੀਤੀ ਗਈ ਜਿਸ ਵਿੱਚ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭਟਾਲ ਕਲਾਂ ਨੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਮਾਲਾ ਪ੍ਰਾਜੈਕਟ ਤਹਿਤ ਸੜਕ ਕੱਢੀ ਜਾ ਰਹੀ ਹੈ, ਪਰ ਕਿਸਾਨਾਂ ਨੂੰ ਜ਼ਮੀਨਾਂ ਦਾ ਬਣਦਾ ਮੁੱਲ ਵੀ ਨਹੀਂ ਦਿੱਤਾ ਜਾ ਰਿਹਾ। ਕਿਸਾਨ ਆਗੂਆਂ ਨੇ ਕਿਹਾ ਕਿ ਅਸਲ ਵਿੱਚ ਪੰਜਾਬ ਅੰਦਰ ਭਾਰਤ ਮਾਲਾ ਪ੍ਰਾਜੈਕਟ ਦੀ ਜ਼ਰੂਰਤ ਨਹੀਂ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਤਰਫੋਂ ਅੱਜ ਪਿੰਡ ਲਦਾਲ ਦੀਆਂ ਕਿਸਾਨ ਮਾਵਾਂ-ਭੈਣਾਂ ਨੂੰ ਸਨਮਾਨਿਤ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਪਿੰਡ ਦੁਨੇਵਾਲਾ ਜਾਣ ਸਮੇਂ ਭਾਰਤੀ ਕਿਸਾਨ ਯੂਨੀਅਨ ਦੇ ਕਾਫ਼ਲੇ ਨੂੰ ਪੁਲੀਸ ਵੱਲੋਂ ਪਿੰਡ ਲਦਾਲ ਵਿੱਚ ਰੋਕੇ ਜਾਣ ਤੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲੈਣ ’ਤੇ ਲਦਾਲ ਦੀਆਂ ਕਿਸਾਨ ਭੈਣਾਂ ਨੇ ਅੱਗੇ ਹੋ ਕੇ ਕਿਸਾਨ ਸਾਥੀਆਂ ਨੂੰ ਛੁੜਵਾਇਆ। ਰੈਲੀ ਮੌਕੇ ਬਲਾਕ ਆਗੂ ਹਰਸੇਵਕ ਸਿੰਘ ਲਹਿਲਾਂ, ਬਹਾਦਰ ਸਿੰਘ ਭਟਾਲ, ਕਰਨੈਲ ਸਿੰਘ ਗਨੌਟਾ, ਗੁਰਪ੍ਰੀਤ ਸਿੰਘ ਸੰਗਤਪੁਰਾ, ਦਰਸ਼ਨ ਸਿੰਘ ਸੰਗਤਪੁਰਾ, ਨਛੱਤਰ ਸਿੰਘ ਲਦਾਲ, ਗੁਰਪ੍ਰੀਤ ਸਿੰਘ ਲਦਾਲ ਤੇ ਗੱਗੀ ਸਿੰਘ ਲੇਹਲ ਕਲਾਂ ਹਾਜ਼ਰ ਸਨ।