Farmer Protest: ਮੁੱਖ ਮੰਤਰੀ ਵੱਲੋਂ ਕਿਸਾਨਾਂ ਨੂੰ ਧਰਨੇ ਲਗਾਉਣ ਲਈ ਮਜਬੂਰ ਕੀਤਾ ਜਾ ਰਿਹੈ: ਚੰਨੀ
ਜਗਮੋਹਨ ਸਿੰਘ
ਰੂਪਨਗਰ, 5 ਮਾਰਚ
Farmer Protest - Channi Comment: ਅੱਜ ਇੱਥੇ ਸਿੰਘ ਭਗਵੰਤ ਪੁਰ ਵਿਖੇ ਲੋਕਾਂ ਵੱਲੋ ਕੌਮੀ ਮਾਰਗ ’ਤੇ ਦਿੱਤੇ ਧਰਨੇ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਦੋਸ਼ ਲਾਇਆ ਕਿ ‘ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ਜਿਹੜਾ ਕਹਿੰਦਾ ਸੀ ਕਿ ਮੈਂ ਕਿਸਾਨ ਦਾ ਪੁੱਤ ਹਾਂ, ਅੱਜ ਉਸ ਨੇ ਕੇਂਦਰ ਸਰਕਾਰ ਅਤੇ ਕੇਜਰੀਵਾਲ ਦੇ ਅੱਗੇ ਗੋਡੇ ਟੇਕੇ ਹੋਏ ਹਨ’।
ਉਨ੍ਹਾਂ ਦੋਸ਼ ਲਾਇਆ, ‘‘ਉਹ ਕੇਂਦਰ ਦਾ ਪਿੱਠੂ ਬਣ ਕੇ ਇੱਕ ਸੋਚੀ ਸਮਝੀ ਸਾਜ਼ਿਸ਼ ਅਧੀਨ ਕਿਸਾਨਾਂ ਨੂੰ ਕੁੱਟ ਅਤੇ ਲੁੱਟ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਕੇਂਦਰ ਅਤੇ ਕੇਜਰੀਵਾਲ ਦੀ ਸ਼ਹਿ ’ਤੇ ਕਿਸਾਨਾਂ ਨੂੰ ਥਾਣਿਆਂ ਅੰਦਰ ਡੱਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਪੰਜਾਬ ਦਾ ਮੁੱਖ ਧੰਦਾ ਹੈ ਅਤੇ ਇਸ ਧੰਦੇ ਨਾਲ ਕਿਸਾਨਾਂ ਤੋਂ ਇਲਾਵਾ ਮਜ਼ਦੂਰ, ਆੜ੍ਹਤੀ, ਦੁਕਾਨਦਾਰ, ਸ਼ੈਲਰ ਮਾਲਕ ਤੇ ਕਈ ਹੋਰ ਵਰਗ ਜੁੜੇ ਹੋਏ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਰਾਹੀਂ ਭਾਜਪਾ ਦੀ ‘ਸਾਜਿਸ਼’ ਅਧੀਨ ਕਿਸਾਨਾਂ ਨੂੰ ਥਾਣਿਆਂ ਅੰਦਰ ਡੱਕਿਆ ਜਾ ਰਿਹਾ ਹੈ, ਜਿਸ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਪਾਰਲੀਮੈਂਟ ਦੀ 30 ਪਾਰਲੀਮੈਂਟ ਮੈਂਬਰਾਂ ਵਾਲੀ ਸਟੈਂਡਿੰਗ ਕਮੇਟੀ ਦੇ ਉਹ ਚੇਅਰਮੈਨ ਹਨ ਅਤੇ ਉਨ੍ਹਾਂ ਰਿਪੋਰਟ ਦਿੱਤੀ ਹੈ ਕਿ ਕਿਸਾਨਾਂ ਨੂੰ ਫਸਲਾਂ ’ਤੇ ਐਮਐਸਪੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਕਮੇਟੀ ਵੱਲੋਂ ਆਉਣ ਵਾਲੇ ਸਮੇਂ ਵਿੱਚ ਵੀ ਰਿਪੋਰਟ ਦਿੱਤੀ ਜਾ ਰਹੀ ਹੈ, ਜਿਸ ਵਿੱਚ ਮਜ਼ਦੂਰ ਅਤੇ ਕਿਸਾਨ ਪੱਖੀ ਤਕੜੇ ਫੈਸਲੇ ਲਏ ਜਾਣਗੇ।
ਉਨ੍ਹਾਂ ਕਿਹਾ ਕਿ ਪਰਸੋਂ ਇੱਕ ਸੋਚੀ ਸਮਝੀ ਸਾਜਿਸ਼ ਅਧੀਨ ਕਿਸਾਨਾਂ ਨੂੰ ਬੁਲਾ ਕੇ ਭੜਕਾਇਆ ਗਿਆ ਤੇ ਉਨ੍ਹਾਂ ਦੀ ‘ਬੇਇਜ਼ਤੀ’ ਕੀਤੀ ਗਈ ਤੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਗਈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਕਿਸਾਨਾਂ ਨੂੰ ਧਰਨੇ ਲਗਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਇੱਕ ਅੱਧੀ ਮੰਗ ਤੋਂ ਇਲਾਵਾ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨੀਆਂ ਸਨ। ਉਨ੍ਹਾਂ ਕਿਹਾ ਮੁੱਖ ਮੰਤਰੀ ਨੂੰ ਕਿਸਾਨੀ ਸਬੰਧੀ ਬਿਲਕੁਲ ਵੀ ਜਾਣਕਾਰੀ ਨਹੀਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਿਸਾਨਾਂ ਨਾਲ ਪੂਰੀ ਤਰ੍ਹਾਂ ਖੜ੍ਹੀ ਹੈ।
ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਨਵਜੀਤ ਸਿੰਘ ਨਵੀ, ਜਨਰਲ ਸਕੱਤਰ ਤਾਰਾ ਚੰਦ, ਇਕਬਾਲ ਸਿੰਘ ਸਾਲਾਪੁਰ, ਹਰਮਿੰਦਰ ਸਿੰਘ ਲੱਕੀ, ਦਰਸ਼ਨ ਸਿੰਘ ਸੰਧੂ, ਬਬਲਾ ਗੋਸਲਾਂ ਆਦਿ ਵੀ ਹਾਜ਼ਰ ਸਨ।