ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Farmer protest: ਡੱਲੇਵਾਲ ਨੂੰ ਕੁਝ ਹੋਇਆ ਤਾਂ ਕੇਂਦਰ ਸਰਕਾਰ ਦੀ ਹੋਵੇਗੀ ਜ਼ਿੰਮੇਵਾਰੀ: ਉਗਰਾਹਾਂ

10:05 PM Jan 04, 2025 IST
featuredImage featuredImage
ਟੋਹਾਣਾ ਮਹਾਪੰਚਾਇਤ ਦੌਰਾਨ ਇਕੱਠੇ ਹੋਏ ਕਿਸਾਨ।

ਗੁਰਦੀਪ ਸਿੰਘ ਭੱਟੀ/ਟਨਸ

Advertisement

ਟੋਹਾਣਾ, 4 ਜਨਵਰੀ

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਇਥੋਂ ਦੀ ਐਡੀਸ਼ਨਲ ਅਨਾਜ ਮੰਡੀ ਵਿੱਚ ਹੋਈ ਕਿਸਾਨ ਮਹਾਪੰਚਾਇਤ ਦੌਰਾਨ ਆਪਣੇ ਸੰਬੋਧਨ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵਾਅਦਾਖਿਲਾਫ਼ੀ ਕਰ ਰਹੀ ਹੈ ਅਤੇ ਉਹ ਦਿੱਲੀ ਅੰਦੋਲਨ ਖ਼ਤਮ ਕਰਨ ਲਈ ਕੀਤੇ ਸਮਝੌਤੇ ਤੋਂ ਪਿੱਛੇ ਹਟ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਅਨਾਜ ਦਾ ਵਪਾਰ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਦੇ ਇਰਾਦੇ ਨਾਲ ਖੇਤੀ ਕਾਨੂੰਨ ਪਿਛਲੇ ਦਰਵਾਜ਼ਿਉਂ ਮੁੜ ਤੋਂ ਲਾਗੂ ਕਰਨ ਜਾ ਰਹੀ ਹੈ। ਉਨ੍ਹਾਂ ਡੱਲੇਵਾਲ ਦੀ ਮੰਗ ਨੂੰ ਮੰਨ ਲੈਣ ਲਈ ਕੇਂਦਰ ਸਰਕਾਰ ’ਤੇ ਦਬਾਅ ਬਣਾਉਣ ਵਾਸਤੇ ਕਿਹਾ। ਉਗਰਾਹਾਂ ਨੇ ਕਿਹਾ, ‘‘ਡੱਲੇਵਾਲ ਦੇ ਸੰਘਰਸ਼ ਨੂੰ ਸੂਬਾ ਸਰਕਾਰ ਨਾਲ ਕਿਉਂ ਜੋੜਿਆ ਜਾ ਰਿਹਾ ਹੈ ਜਦੋਂ ਕਿ ਮਾਮਲਾ ਸਿੱਧਾ ਕੇਂਦਰ ਸਰਕਾਰ ਨਾਲ ਜੁੜਿਆ ਹੋਇਆ ਹੈ। ਜੇ ਡੱਲੇਵਾਲ ਨੂੰ ਕੁਝ ਹੋਇਆ ਤਾਂ ਉਸ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ। ਕਾਰੋਬਾਰੀਆਂ ਦੇ ਹੱਥਾਂ ’ਚ ਅਨਾਜ ਦਾ ਕੰਟਰੋਲ ਆ ਗਿਆ ਤਾਂ ਕਿਸਾਨਾਂ ਦੇ ਨਾਲ ਨਾਲ ਮਜ਼ਦੂਰ ਵੀ ਹਾਸ਼ੀਏ ’ਤੇ ਚਲੇ ਜਾਣਗੇ।’’ ਉਨ੍ਹਾਂ ਕਿਸਾਨਾਂ ਵਿੱਚ ਫੁੱਟ ਨੂੰ ਨਕਾਰਦਿਆਂ ਕਿਹਾ ਕਿ ਕਿਸਾਨਾਂ ਦਾ ਨਿਸ਼ਾਨਾ ਇਕੋ-ਇਕ ਹੈ। ਖ਼ਰਾਬ ਮੌਸਮ ਅਤੇ ਸੰਘਣੀ ਧੁੰਦ ਦੇ ਬਾਵਜੂਦ ਮਹਾਪੰਚਾਇਤ ’ਚ ਕਿਸਾਨਾਂ ਦਾ ਵੱਡਾ ਇਕੱਠ ਹੋਇਆ।

Advertisement

ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਮੰਗਾਂ ਮਨਵਾਉਣ ਲਈ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦਾ ਲਾਹਾ ਕੇਂਦਰ ਨੂੰ ਮਿਲ ਰਿਹਾ ਹੈ ਜਦਕਿ ਪੰਜਾਬ ਸਰਕਾਰ ਅਤੇ ਸਿੱਖਾਂ ਨੂੰ ਇਸ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਖਨੌਰੀ-ਸ਼ੰਭੂ ਬਾਰਡਰ ’ਤੇ ਕਿਸਾਨਾਂ ਦਾ 10 ਮਹੀਨਿਆਂ ਤੋਂ ਚੱਲ ਰਿਹਾ ਸੰਘਰਸ਼ ਚਾਰ-ਪੰਜ ਹੋਰ ਮਹੀਨੇ ਜਾਰੀ ਰਹੇਗਾ। ਟਿਕੈਤ ਨੇ ਕਿਹਾ ਕਿ ਉਨ੍ਹਾਂ ਨਾਲ ਏਕੇ ਲਈ ਐੱਸਕੇਐੱਮ ਨੇ ਛੇ ਮੈਂਬਰੀ ਕਮੇਟੀ ਬਣਾਈ ਸੀ ਪਰ ਇਹ ਗੱਲਬਾਤ ਸਿਰੇ ਨਾ ਚੜ੍ਹ ਸਕੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਚਾਹੁੰਦੀ ਹੈ ਕਿ ਕਿਸਾਨ ਆਪਸ ’ਚ ਹੀ ਉਲਝੇ ਰਹਿਣ ਅਤੇ ਉਨ੍ਹਾਂ ਦੇ ਮੁੱਦਿਆਂ ਦਾ ਕੋਈ ਹੱਲ ਨਾ ਨਿਕਲੇ। ਮਹਾਪੰਚਾਇਤ ਦੌਰਾਨ ਕਿਸਾਨਾਂ ਨੇ ਕੇਂਦਰ ਦੇ ਖੇਤੀ ਮੰਡੀ ਨੀਤੀ ਖਰੜੇ ਨੂੰ ਮੁੱਢੋਂ ਰੱਦ ਕਰ ਦਿੱਤਾ। ਇਕ ਮਤੇ ’ਚ ਕਿਹਾ ਗਿਆ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਖਰੜੇ ਦੇ ਵਿਰੋਧ ਵਿੱਚ ਕੇਂਦਰ ਸਰਕਾਰ ਨੂੰ ਪੱਤਰ ਲਿਖਣ।

ਇਸ ਦੌਰਾਨ ਖਨੌਰੀ ਬਾਰਡਰ ’ਤੇ ਮਰਨ ਵਰਤ ਉਪਰ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਹਮਾਇਤ ਦਿੰਦਿਆਂ ਆਗੂਆਂ ਨੇ ਕੇਂਦਰ ਨੂੰ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਨੂੰ ਕੁਝ ਹੋਇਆ ਤਾਂ ਇਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਉਨ੍ਹਾਂ ਕੇਂਦਰ ਨੂੰ ਡੱਲੇਵਾਲ ਨਾਲ ਗੱਲਬਾਤ ਕਰਕੇ ਕਿਸਾਨੀ ਮੰਗਾਂ ਮੰਨਣ ਲਈ ਜ਼ੋਰ ਪਾਇਆ। ਖ਼ਰਾਬ ਮੌਸਮ ਅਤੇ ਠੰਢ ਦੇ ਬਾਵਜੂਦ ਵੱਡੀ ਗਿਣਤੀ ’ਚ ਜੁੜੇ ਕਿਸਾਨਾਂ ਨੂੰ ਰਾਕੇਸ਼ ਟਿਕੈਤ, ਜੋਗਿੰਦਰ ਸਿੰਘ ਉਗਰਾਹਾਂ, ਡਾ ਦਰਸ਼ਨ ਪਾਲ, ਰਾਮਿੰਦਰ ਪਟਿਆਲਾ, ਮਨਜੀਤ ਸਿੰਘ ਧੰਨੇਰ, ਸੁਖਦੇਵ ਜੰਮੂ, ਆਰ. ਵੈਂਕੱਈਆ, ਸਤਿਆਵਾਨ, ਬਲਦੇਵ ਸਿੰਘ ਨਿਹਾਲਗੜ੍ਹ, ਜੋਗਿੰਦਰ ਸਿੰਘ ਨੈਨ, ਰੁਲਦੂ ਸਿੰਘ ਮਾਨਸਾ ਅਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ। ਮਹਾਪੰਚਾਇਤ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਜੇ ਹਾਲੇ ਵੀ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਹੱਕੀ ਮੰਗਾਂ ਨਾ ਮੰਨੀਆਂ ਤਾਂ ਦਿੱਲੀ ਅੰਦੋਲਨ ਲਈ ਖਰੜਾ ਤਿਆਰ ਹੈ। ਉਨ੍ਹਾਂ ਕਿਹਾ ਕਿ ਮੰਗਾਂ ਮਨਵਾਉਣ ਲਈ ਦਿੱਲੀ ਜਾ ਕੇ ਉਸ ਨੂੰ ਘੇਰਨ ਦੀ ਲੋੜ ਨਹੀਂ ਹੈ, ਸਗੋਂ ਕੇਐੱਮਪੀ ਅਤੇ ਹੋਰ ਥਾਵਾਂ ’ਤੇ ਰਾਹ ਬੰਦ ਕਰਕੇ ਕੇਂਦਰ ’ਤੇ ਦਬਾਅ ਬਣਾਇਆ ਜਾਵੇਗਾ। ਉਨ੍ਹਾਂ ਹਰਿਆਣਾ ਸਰਕਾਰ ਵੱਲੋਂ ਐੱਮਐੱਸਪੀ ਦੇਣ ਦੇ ਦਾਅਵੇ ਵੀ ਰੱਦ ਕਰ ਦਿੱਤੇ। ਉਨ੍ਹਾਂ ਯੂਪੀ ਵਿੱਚ ਸੰਗਠਨ ਖੜ੍ਹਾ ਕਰਨ ਲਈ ਵੀ ਮਦਦ ਮੰਗੀ। ਮਹਾਪੰਚਾਇਤ ’ਚ ਔਰਤਾਂ ਪੀਲੀਆਂ ਚੁੰਨੀਆਂ ਲੈ ਕੇ ਪੁੱਜੀਆਂ ਸਨ। ਵੱਖ ਵੱਖ ਜਥੇਬੰਦੀਆਂ ਅਤੇ ਪਿੰਡਾਂ ਵੱਲੋਂ ਲੰਗਰ ਤੇ ਚਾਹ-ਨਾਸ਼ਤੇ ਤੋਂ ਇਲਾਵਾ ਸਾਹਿਤ ਦੇ ਸਟਾਲ ਵੀ ਲਾਏ ਹੋਏ ਸਨ।

 

Advertisement
Tags :
Farmer Protest