Farmer protest: ਕਿਸਾਨਾਂ ਦਾ ਦਿੱਲੀ ਕੂਚ: ਘੱਗਰ ਨਹਿਰ ਦੇ ਪੁਲ ’ਤੇ ਭਾਰੀ ਪੁਲੀਸ ਬਲ ਤਾਇਨਾਤ
ਰਾਮ ਕੁਮਾਰ ਮਿੱਤਲ
ਗੁਹਲਾ ਚੀਕਾ, 6 ਦਸੰਬਰ
ਕਿਸਾਨਾਂ ਦੇ ਦਿੱਲੀ ਕੂਚ ਦੇ ਮੱਦੇਨਜ਼ਰ ਕੈਥਲ ਜ਼ਿਲ੍ਹਾ ਪ੍ਰਸ਼ਾਸਨ ਨੇ ਗੂਹਲਾ ਚੀਕਾ ਦੇ ਟਟਿਆਣਾ ਸਰਹੱਦ ’ਤੇ ਸਥਿਤ ਘੱਗਰ ਨਦੀ ਦੇ ਪੁਲ ਉਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ। ਪ੍ਰਸ਼ਾਸਨ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਰੋਕਣ ਲਈ ਪੁਲੀਸ ਮੁਲਾਜ਼ਮਾਂ ਦੀ ਇੱਕ ਕੰਪਨੀ ਦੇ ਨਾਲ-ਨਾਲ ਜਲ ਤੋਪਾਂ, ਅੱਥਰੂ ਗੈਸ ਦੇ ਗੋਲੇ ਅਤੇ ਹਾਈਡਰਾ ਮਸ਼ੀਨਾਂ ਤਾਇਨਾਤ ਕੀਤੀਆਂ ਹੋਈਆਂ ਹਨ। ਗੂਹਲਾ ਚੀਕਾ ਨੂੰ ਪੰਜਾਬ ਨਾਲ ਜੋੜਨ ਵਾਲੀ ਟਟਿਆਣਾ ਸਰਹੱਦ ’ਤੇ ਭਾਵੇਂ ਅਜੇ ਤੱਕ ਪੰਜਾਬ ਵਾਲੇ ਪਾਸੇ ਤੋਂ ਕਿਸਾਨਾਂ ਦਾ ਕੋਈ ਜਥਾ ਨਹੀਂ ਪੁੱਜਿਆ ਪਰ ਪ੍ਰਸ਼ਾਸਨ ਨੇ ਇਹਤਿਆਤ ਵਜੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਹਨ। ਜ਼ਿਲ੍ਹਾ ਪ੍ਰਸ਼ਾਸਨ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਚੌਕਸ ਹੈ ਕਿ ਪੰਜਾਬ ਤੋਂ ਆਉਣ ਵਾਲੇ ਕਿਸਾਨ ਟਟਿਆਣਾ ਸਰਹੱਦ ਤੋਂ ਲੰਘ ਕੇ ਹਰਿਆਣਾ ਵਿੱਚ ਦਾਖ਼ਲ ਨਾ ਹੋਣ। ਸਰਹੱਦ ’ਤੇ ਭਾਰੀ ਪੁਲੀਸ ਤਾਇਨਾਤੀ ਦੇ ਬਾਵਜੂਦ ਚੀਕਾ ਪਟਿਆਲਾ ਰੋਡ ’ਤੇ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਆਮ ਵਾਂਗ ਹੈ। ਇਸ ਤੋਂ ਇਲਾਵਾ ਪੰਜਾਬ ਵਾਲੇ ਪਾਸੇ ਤੋਂ ਹਰਿਆਣਾ ਵਿਚ ਦਾਖ਼ਲ ਹੋਣ ਵਾਲੇ ਇੱਕ ਦਰਜਨ ਦੇ ਕਰੀਬ ਛੋਟੇ ਰਸਤਿਆਂ ’ਤੇ ਵਾਹਨਾਂ ਦੀ ਆਵਾਜਾਈ ਆਮ ਵਾਂਗ ਜਾਰੀ ਹੈ ਅਤੇ ਪ੍ਰਸ਼ਾਸਨ ਵੱਲੋਂ ਲਗਾਤਾਰ ਇੰਟਰਨੈੱਟ ਸੇਵਾ ਮੁਹੱਈਆ ਕਰਵਾਈ ਜਾ ਰਹੀ ਹੈ।
ਗੂਹਲਾ ਦੇ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੀਕਾ ਪਟਿਆਲਾ ਰੋਡ ਨੂੰ ਕਿਸੇ ਵੀ ਕੀਮਤ ’ਤੇ ਬੰਦ ਨਾ ਕੀਤਾ ਜਾਵੇ। ਸਥਾਨਕ ਵਾਸੀਆਂ ਨੇ ਦੱਸਿਆ ਕਿ ਚੀਕਾ ਸ਼ਹਿਰ ਦੇ ਲੋਕਾਂ ਨੂੰ ਦਵਾਈਆਂ ਅਤੇ ਹੋਰ ਕੰਮਾਂ ਲਈ ਪਟਿਆਲਾ ਜਾਣਾ ਪੈਂਦਾ ਹੈ। ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਕਿਸਾਨਾਂ ਦੇ ਦਿੱਲੀ ਵੱਲ ਮਾਰਚ ਦੇ ਮੱਦੇਨਜ਼ਰ ਚੀਕਾ ਪਟਿਆਲਾ ਰੋਡ ਨੂੰ ਇੱਕ ਮਹੀਨੇ ਲਈ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਸੀ। ਇਸ ਦੌਰਾਨ ਪੈਦਲ ਯਾਤਰੀ ਵੀ ਸਰਹੱਦ ਪਾਰ ਨਹੀਂ ਕਰ ਸਕੇ ਸਨ।
ਇਸ ਸਬੰਧ ਵਿੱਚ ਚੀਕਾ ਥਾਣਾ ਇੰਚਾਰਜ ਸੁਰੇਸ਼ ਸੈਣੀ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਦਿੱਲੀ ਵੱਲ ਮਾਰਚ ਕਰਨ ਦੇ ਐਲਾਨ ਤੋਂ ਬਾਅਦ ਚੀਕਾ ਦੀ ਟਟਿਆਣਾ ਸਰਹੱਦ ’ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸਰਹੱਦ ਤੋਂ ਲੰਘਣ ਵਾਲੇ ਹਰ ਵਿਅਕਤੀ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਪਿਛਲੇ ਦੋ ਦਿਨਾਂ ਤੋਂ ਸਰਹੱਦ ’ਤੇ ਕਿਸੇ ਵੀ ਤਰ੍ਹਾਂ ਦੀ ਕੋਈ ਗਤੀਵਿਧੀ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।
ਕਿਸਾਨਾਂ ਦੀਆਂ ਮੰਗਾਂ ਫੌਰੀ ਪੂਰੇ ਕਰੇ ਸਰਕਾ: ਬੀਕੇਯੂ ਚੜੂਨੀ
ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਆਈਟੀਸੈੱਲ ਇੰਚਾਰਜ ਜਰਨੈਲ ਸਿੰਘ ਜੈਲੀ ਨੇ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਸਰਹੱਦ ’ਤੇ ਬੈਠੇ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ ਅਤੇ ਸਰਕਾਰ ਵੱਲੋ ਇਨ੍ਹਾਂ ਨੂੰ ਤੁਰੰਤ ਪੂਰਾ ਕੀਤਾ ਜਾਣਾ ਚਾਹੀਦਾ ਹੈ। ਜੈਲੀ ਨੇ ਕਿਹਾ ਕਿ ਜੇਕਰ ਪੰਜਾਬ ਦੇ ਕਿਸਾਨ ਉਨ੍ਹਾਂ ਦੀ ਯੂਨੀਅਨ ਤੋਂ ਮਦਦ ਦੀ ਮੰਗ ਕਰਨਗੇ ਤਾਂ ਇਸ ’ਤੇ ਵੀ ਵਿਚਾਰ ਕੀਤਾ ਜਾਵੇਗਾ।