Farmer Protest: ਕਿਸਾਨ ਜਥੇਬੰਦੀਆਂ ਦੇ ਪੰਜਾਬ ਬੰਦ ਦੇ ਸੱਦੇ ਨੂੰ ਮਾਲਵੇ ’ਚ ਭਰਵਾਂ ਹੁੰਗਾਰਾ
ਜੋਗਿੰਦਰ ਸਿੰਘ ਮਾਨ
ਮਾਨਸਾ, 30 ਦਸੰਬਰ
ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ-ਮਜ਼ਦੂਰ ਮੋਰਚਾ ਵੱਲੋਂ ਕਿਸਾਨੀ ਮੰਗਾਂ ਦੀ ਪੂਰਤੀ ਲਈ ਦਿੱਤੇ ਗਏ ਬੰਦ ਦੇ ਸੱਦੇ ਨੂੰ ਮਾਲਵਾ ਖੇਤਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਭਰਵਾਂ ਹੁੰਗਾਰਾ ਮਿਲਿਆ ਹੈ। ਰੇਲਾਂ, ਬੱਸਾਂ ਤੇ ਬਾਜ਼ਾਰਾਂ ਸਣੇ ਸਬਜ਼ੀ ਮੰਡੀਆਂ ਅਤੇ ਆਮ ਕਾਰੋਬਾਰ ਸਭ ਕੁੱਝ ਬੰਦ ਰਹੇ। ਉਂਝ ਐਮਰਜੈਂਸੀ ਹਾਲਤਾਂ ’ਚ ਜਾਣ ਵਾਲਿਆਂ ਨੂੰ ਕਿਸਾਨਾਂ ਵੱਲੋਂ ਛੋਟ ਦਿੱਤੀ ਗਈ। ਮਾਨਸਾ ਵਿੱਚ ਕਿਸਾਨਾਂ ਨੇ ਦਿੱਲੀ-ਫਿਰੋਜ਼ਪੁਰ ਰੇਲ ਲਾਈਨ ’ਤੇ ਧਰਨਾ ਲਗਾ ਕੇ ਚਾਰ ਵਜੇ ਤੱਕ ਰੇਲ ਆਵਾਜਾਈ ਰੋਕੀ। ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਦੇ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਜਗਦੇਵ ਸਿੰਘ ਭੈਣੀਬਾਘਾ ਅਤੇ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਦਲਜੀਤ ਸਿੰਘ ਨੇ ਕਿਹਾ ਕਿ ਕਿਸਾਨਾਂ ਦੀ ਹਮਾਇਤ ਵਿੱਚ ਸਾਰੀਆਂ ਧਿਰਾਂ ਨੇ ਬੰਦ ਵਿੱਚ ਯੋਗਦਾਨ ਪਾ ਕੇ ਕੇਂਦਰ ਸਰਕਾਰ ਖਿਲਾਫ਼ ਮਿਸਾਲੀ ਰੋਸ ਪ੍ਰਗਟਾਵਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਖ਼ਿਲਾਫ਼ ਆਪਣੀਆਂ ਮੰਗਾਂ ਨੂੰ ਲੈ ਕੇ ਉਹ ਪ੍ਰਦਰਸ਼ਨ ਕਰ ਰਹੇ ਹਨ, ਜਦੋਂ ਤੱਕ ਕੇਂਦਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ, ਉਦੋਂ ਤੱਕ ਪ੍ਰਦਰਸ਼ਨ ਜਾਰੀ ਰਹਿਣਗੇ।
ਬਠਿੰਡਾ (ਮਨੋਜ ਸ਼ਰਮਾ): ਬਠਿੰਡਾ ਅਤੇ ਇਸ ਦੇ ਆਲੇ ਦੁਆਲੇ ਦੇ ਖੇਤਰਾਂ ਜਿਵੇਂ ਕਿ ਗੋਨਿਆਣਾ, ਰਾਮਾ ਮੰਡੀ, ਭੁੱਚੋ ਮੰਡੀ, ਰਾਮਪੁਰਾ ਫੂਲ ਅਤੇ ਮੋੜ ਮੰਡੀ ਦੇ ਬਜ਼ਾਰ ਐਮਰਜੈਂਸੀ ਸੇਵਾਵਾਂ ਤੋਂ ਇਲਾਵਾ ਪੂਰੀ ਤਰ੍ਹਾਂ ਬੰਦ ਰਹੇ। ਗੌਰਤਲਬ ਹੈ ਕਿ ਬੀਕੇਯੂ ਸਿੱਧਪੁਰ ਵੱਲੋਂ ਬਠਿੰਡਾ ਦੇ ਭਾਈ ਘਨਈਆ ਚੌਂਕ ਸਮੇਤ ਜ਼ਿਲ੍ਹੇ ਦੇ ਵੱਖ ਵੱਖ ਛੇ ਥਾਵਾਂ ’ਤੇ ਸੰਗਤ, ਤਲਵੰਡੀ, ਮੋੜ, ਬਠਿੰਡਾ ਚੰਡੀਗੜ੍ਹ ਚੌਕ ਰਾਮਪੁਰਾ ਫੂਲ, ਫੂਲ ਰੇਲਵੇ ਸਟੇਸ਼ਨ ’ਤੇ ਕਿਸਾਨ ਜਥੇਬੰਦੀਆਂ ਨੇ ਧਰਨੇ ਦਿੱਤੇ। ਭਾਰਤੀ ਕਿਸਾਨ ਯੂਨੀਅਨ (ਸਿੱਧਪੁਰ) ਵੱਲੋਂ ਅੰਮ੍ਰਿਤਸਰ-ਬਠਿੰਡਾ ਹਾਈਵੇਅ ’ਤੇ ਧਰਨਾ ਲਗਾਇਆ ਗਿਆ।
ਧਨੌਲਾ (ਰਵਿੰਦਰ ਰਵੀ): ਵਪਾਰ ਮੰਡਲ ਧਨੌਲਾ ਦੇ ਪ੍ਰਧਾਨ ਰਮਨ ਵਰਮਾ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਸੱਦੇ ਨੂੰ ਕਬੂਲਦਿਆਂ ਧਨੌਲਾ ਦੇ ਸਮੂਹ ਵਪਾਰੀਆਂ ਨੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ। ਸਿਵਲ ਪ੍ਰਸ਼ਾਸਨ ਨਾਲ ਜੁੜੇ ਮੁਲਾਜ਼ਮ ਵਰਗ ਨੇ ਬੰਦ ਦਾ ਸਮਰਥਨ ਕੀਤਾ ਹੈ, ਭਾਵਕਿ ਪ੍ਰਸ਼ਾਸਨਿਕ ਦਫ਼ਤਰਾਂ ਵਿੱਚੋਂ ਵੀ ਬੰਦ ਨੂੰ ਸਮਰਥਨ ਮਿਲਿਆ ਹੈ।
ਭੁੱਚੋ ਮੰਡੀ (ਪਵਨ ਗੋਇਲ): ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਮਨਜੀਤ ਧਨੇਰ) ਨੇ ਕਿਸਾਨੀ ਮੰਗਾਂ ਮਨਵਾਉਣ ਲਈ ਅੱਜ ਲਹਿਰਾ ਮੁਹੱਬਤ ਦੀ ਥਰਮਲ ਪਲਾਂਟ ਮਾਰਕੀਟ ਕੋਲ ਕੌਮੀ ਮਾਰਗ ’ਤੇ ਜਾਮ ਲਾਇਆ ਅਤੇ ਸਰਕਾਰਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਤਪਾ (ਰਵਿੰਦਰ ਰਵੀ/ਸੀ ਮਾਰਕੰਡਾ): ਪੰਜਾਬ ਬੰਦ ਦੇ ਸੱਦੇ ’ਤੇ ਤਪਾ, ਪਿੰਡ ਅਤੇ ਕਸਬੇ ਮੁਕੰਮਲ ਬੰਦ ਰਹੇ। ਬੱਸ ਅੱਡੇ ਅਤੇ ਰੇਲਵੇ ਸਟੇਸ਼ਨ ਸੁੰਨਸਾਨ ਦਿਖਾਈ ਦਿੱਤੇ। ਭਾਕਿਯੂ ਏਕਤਾ (ਸਿੱਧੂਪੁਰ) ਨੇ ਮੁੱਖ ਮਾਰਗ ’ਤੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕਰਦਿਆਂ ਐੱਮਐੱਸਪੀ ਨਾ ਦੇਣ ਅਤੇ ਹੋਰ ਕਿਸਾਨੀ ਮੰਗਾਂ ਨੂੰ ਨਾ ਮੰਨਣ ’ਤੇ ਕੇਂਦਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਡੀਐੱਸਪੀ ਗੁਰਬਿੰਦਰ ਸਿੰਘ ਦੀ ਅਗਵਾਈ ਹੇਠ ਤਪਾ ਪੁਲੀਸ ਨੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਮੁਕਤਸਰ ਵਿਖੇ ਬੰਦ ਮੁਕੰਮਲ ਤੌਰ ’ਤੇ ਸਫ਼ਲ ਰਿਹਾ। ਪਿੰਡ ਉਦੈਕਰਨ ਨੇੜੇ ਸੜਕ ਉੱਪਰ ਧਰਨਾ ਦੇ ਕੇ ਮੁਕਤਸਰ-ਕੋਟਕਪੂਰਾ ਸੜਕ ਮੁਕੰਮਲ ਤੌਰ ’ਤੇ ਬੰਦ ਕੀਤੀ ਗਈ ਸੀ। ਨਾਲ ਹੀ ਉਥੇ ਲੰਗਰ ਲਾ ਕੇ ਲੋਕਾਂ ਨੂੰ ਭੋਜਨ ਵੀ ਛਕਾਇਆ ਜਾ ਰਿਹਾ ਸੀ। ਮੁਕਤਸਰ ਦੇ ਬੱਸ ਅੱਡੇ ਅਤੇ ਰੇਲਵੇ ਸਟੇਸ਼ਨ ਵੀ ਸੁੰਨਸਾਨ ਰਹੇ।
ਬਾਜ਼ਾਰ ਵੀ ਮੁਕੰਮਲ ਤੌਰ ’ਤੇ ਬੰਦ ਰਹੇ। ਡਿਪਟੀ ਕਮਿਸ਼ਨਰ ਦਫ਼ਤਰ ਅਤੇ ਬੈਂਕਾਂ ਵਿੱਚ ਵੀ ਕੋਈ ਕੰਮ ਕਰਾਉਣ ਵਾਸਤੇ ਨਹੀਂ ਆਇਆ।
ਤਲਵੰਡੀ ਸਾਬੋ (ਜਗਜੀਤ ਸਿੰਘ ਸਿੱਧੂ): ਸ਼ਹਿਰ ਦੇ ਸਮੂਹ ਬਾਜ਼ਾਰ, ਸੜਕੀ ਆਵਾਜਾਈ, ਸਬਜ਼ੀਆਂ ਅਤੇ ਫ਼ਲਾਂ ਦੀਆਂ ਦੁਕਾਨਾਂ ਬੰਦ ਰਹੀਆਂ। ਭਾਰਤੀ ਕਿਸਾਨ ਯੂਨੀਅਨ ਏਕਤਾ(ਸਿੱਧੂਪੁਰ) ਨੇ ਸਥਾਨਕ ਥਾਣਾ ਚੌਕ ਵਿੱਚ ਧਰਨਾ ਲਾ ਕੇ ਮਾਨਸਾ, ਸਰਦੂਲਗੜ੍ਹ, ਰਾਮਾਂ, ਰਾਮਪੁਰਾ ਤੇ ਬਠਿੰਡਾ ਸੜਕੀ ਮਾਰਗ ਜਾਮ ਕਰ ਦਿੱਤੇ।
ਧਰਮਕੋਟ (ਹਰਦੀਪ ਸਿੰਘ): ਕਿਸਾਨ ਜਥੇਬੰਦੀਆਂ ਵੱਲੋਂ ਅੱਜ ਬੰਦ ਦੇ ਸੱਦੇ ਦਾ ਅਸਰ ਧਰਮਕੋਟ ਅਤੇ ਆਸਪਾਸ ਦੇ ਕਸਬਿਆਂ ਵਿੱਚ ਦੇਖਣ ਨੂੰ ਮਿਲਿਆ। ਧਰਮਕੋਟ ਦੇ ਪ੍ਰਮੁੱਖ ਕਸਬੇ ਕਿਸ਼ਨਪੁਰਾ ਕਲਾਂ, ਜਲਾਲਾਬਾਦ, ਕੋਟ ਈਸੇ ਖਾਂ ਅਤੇ ਫਤਿਹਗੜ੍ਹ ਪੰਜਤੂਰ ਪੂਰੀ ਤਰ੍ਹਾਂ ਮੁਕੰਮਲ ਬੰਦ ਰਹੇ। ਫਤਿਹਗੜ੍ਹ ਪੰਜਤੂਰ ਦੇ ਪਾਸ ਮੋਗਾ-ਅੰਮ੍ਰਿਤਸਰ ਮੁੱਖ ਮਾਰਗ ’ਤੇ ਸਥਿਤ ਅੱਡਾ ਸ਼ਾਹ ਬੋਕਰ ਉੱਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ੋਨ ਪ੍ਰਧਾਨ ਹਰਬੰਸ ਸਿੰਘ ਸ਼ਾਹ ਵਾਲਾ, ਅਜੀਤ ਸਿੰਘ ਸੈਕਟਰੀ, ਅਵਤਾਰ ਸਿੰਘ ਧਰਮ ਸਿੰਘ ਵਾਲਾ ਅਤੇ ਕਪੂਰ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਨੇ ਆਵਾਜਾਈ ਰੋਕੀ।
ਗਿੱਦੜਬਾਹਾ (ਦਵਿੰਦਰ ਮੋਹਨ ਬੇਦੀ): ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਭਾਰਤੀ ਕਿਸਾਨ ਯੂਨੀਅਨ ਖੋਸਾ ਅਤੇ ਸਾਬਕਾ ਸੈਨਿਕ ਭਲਾਈ ਵਿੰਗ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸਥਾਨਕ ਭਾਰੂ ਚੌਕ ’ਤੇ ਧਰਨਾ ਦਿੱਤਾ ਗਿਆ।
ਅਬੋਹਰ (ਪੰਕਜ ਕੁਮਾਰ): ਅਬੋਹਰ ਦੇ ਸਾਰੇ ਬਾਜ਼ਾਰ ਅਤੇ ਦੁਕਾਨਾਂ ਮੁਕੰਮਲ ਬੰਦ ਰਹੀਆਂ। ਸਵੇਰ ਵੇਲੇ ਖੁੱਲ੍ਹੀਆਂ ਦੁਕਾਨਾਂ ਨੂੰ ਕਿਸਾਨ ਜਥੇਬੰਦੀਆਂ ਦੇ ਮੈਂਬਰਾਂ ਵੱਲੋਂ ਨਿਮਰਤਾ ਸਹਿਤ ਅਪੀਲ ਕਰਕੇ ਬੰਦ ਕਰਵਾਇਆ ਗਿਆ। ਇੱਥੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਮਲੋਟ ਚੌਕ, ਸ੍ਰੀਗੰਗਾਨਗਰ ਰੋਡ, ਹਨੂੰਮਾਨਗੜ੍ਹ ਰੋਡ, ਸੀਤੋ ਰੋਡ ’ਤੇ ਸਵੇਰੇ 7 ਵਜੇ ਧਰਨਾ ਦਿੱਤਾ ਗਿਆ। ਪੁਲੀਸ ਪ੍ਰਸ਼ਾਸਨ ਨੇ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਦਾ ਮੁਆਇਨਾ ਵੀ ਕੀਤਾ।
ਰਾਮਪੁਰਾ ਫੂਲ (ਰਮਨਦੀਪ ਸਿੰਘ): ਅੱਜ ਭਾਕਿਯੂ ਕ੍ਰਾਂਤੀਕਾਰੀ ਤੇ ਭਾਕਿਯੂ ਏਕਤਾ ਸਿੱਧੂਪੁਰ ਦੀ ਅਗਵਾਈ ’ਚ ਕਿਸਾਨਾਂ ਨੇ ਬਠਿੰਡਾ-ਚੰਡੀਗੜ੍ਹ ਮੁੱਖ ਮਾਰਗ ’ਤੇ ਮੌੜ ਚੌਕ ’ਚ ਜਾਮ ਲਗਾਇਆ। ਇਲਾਕੇ ਦੀਆਂ ਸੜਕਾਂ ਸਣੇ ਰੇਲ ਆਵਾਜਾਈ ਪ੍ਰਭਾਵਿਤ ਹੋਈ ਤੇ ਰੇਲਾਂ ਰੱਦ ਹੋਈਆਂ।
ਪੱਖੋ ਕੈਂਚੀਆਂ (ਰੋਹਿਤ ਗੋਇਲ): ਖਨੌਰੀ ਅਤੇ ਸ਼ੰਭੂ ਬਾਰਡਰ ’ਤੇ ਕਿਸਾਨੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦੇ ਸੱਦੇ ਤਹਿਤ ਅੱਜ ਸਨੱਅਤੀ ਕਸਬਾ ਪੱਖੋ ਕੈਂਚੀਆਂ ਪੂਰੀ ਤਰ੍ਹਾਂ ਮੁਕੰਮਲ ਬੰਦ ਰਿਹਾ। ਇਸ ਬੰਦ ਦੌਰਾਨ ਪੱਖੋਂ ਕੈਂਚੀਆਂ ਦੀਆਂ ਸਨਅਤੀ ਯੂਨਿਟਾਂ ਅਤੇ ਦੁਕਾਨਾਂ ਪੂਰੀ ਤਰ੍ਹਾਂ ਬੰਦ ਰੱਖੀਆਂ ਗਈਆਂ।
ਹਸਪਤਾਲ ਤੇ ਮੈਡੀਕਲ ਸਟੋਰ ਖੁੱਲ੍ਹੇ
ਭੁੱਚੋ ਮੰਡੀ (ਪਵਨ ਗੋਇਲ): ਇਲਾਕੇ ਵਿੱਚ ਪੰਜਾਬ ਬੰਦ ਦੇ ਸੱਦੇ ਨੂੰ ਭਰਵਾਂ ਸਹਿਯੋਗ ਮਿਲਿਆ। ਇਸ ਦੌਰਾਨ ਭੁੱਚੋ ਮੰਡੀ ਦਾ ਬਾਜ਼ਾਰ ਪੂਰਨ ਤੌਰ ’ਤੇ ਬੰਦ ਰਿਹਾ। ਹਸਪਤਾਲ ਅਤੇ ਮੈਡੀਕਲ ਸਟੋਰ ਖੁੱਲ੍ਹੇ ਸਨ। ਰੇਲ ਅਤੇ ਬੱਸ ਸੇਵਾਵਾਂ ਬਿੱਲਕੁੱਲ ਬੰਦ ਸੀ। ਬੱਸ ਅੱਡੇ, ਰੇਲਵੇ ਸਟੇਸ਼ਨ ਅਤੇ ਬਜ਼ਾਰਾਂ ਵਿੱਚ ਸੁੰਨ ਪਸਰੀ ਰਹੀ। ਸਵੇਰੇ ਲੱਗਭੱਗ ਸੱਤ ਕੁ ਵਜੇ ਕਿਸਾਨਾਂ ਨੇ ਦੁੱਧ ਦੀਆਂ ਕੁੱਝ ਡੇਅਰੀਆਂ ਵੀ ਬੰਦ ਕਰਵਾ ਦਿੱਤੀਆਂ ਸਨ। ਸਰਕਾਰੀ ਹਸਪਤਾਲ ਵਿੱਚ ਮਰੀਜ਼ਾਂ ਦੀ ਗਿਣਤੀ ਆਮ ਨਾਲੋਂ ਕਾਫੀ ਘੱਟ ਰਹੀ।
ਕੋਟਕਪੂਰਾ ਵਿੱਚ ਨਹੀਂ ਆਈ ਕੋਈ ਵੀ ਰੇਲ ਗੱਡੀ ਜਾਂ ਬੱਸ
ਕੋਟਕਪੂਰਾ (ਬਲਵਿੰਦਰ ਸਿੰਘ ਹਾਲੀ): ਕੋਟਕਪੂਰਾ ਸ਼ਹਿਰ ਅਤੇ ਆਸ-ਪਾਸ ਦੇ ਇਲਾਕੇ ਪੂਰੀ ਤਰ੍ਹਾਂ ਬੰਦ ਰਹੇ। ਪਿੰਡਾਂ ਵਿੱਚੋਂ ਨਾ ਦੁੱਧ ਆਇਆ, ਨਾ ਸਬਜ਼ੀਆਂ ਤੇ ਨਾ ਹੀ ਪਸ਼ੂਆਂ ਲਈ ਹਰਾ ਚਾਰਾ। ਕੋਟਕਪੂਰਾ ਦਾ ਰੇਲਵੇ ਸਟੇਸ਼ਨ ਅਤੇ ਬੱਸ ਅੱਡਾ ਵੀ ਪੂਰੀ ਤਰ੍ਹਾਂ ਸੁਨਸਾਨ ਦਿਖਾਈ ਦਿੱਤਾ। ਪੂਰਾ ਦਿਨ ਇੱਥੇ ਨਾ ਕੋਈ ਰੇਲ ਗੱਡੀ ਆਈ ਤੇ ਨਾ ਹੀ ਕੋਈ ਬੱਸ ਆਈ। ਅੱਡਿਆਂ ਅਤੇ ਰੇਲਵੇ ਸਟੇਸ਼ਨ ਤੇ ਆਸੇ ਪਾਸੇ ਤੋਂ ਆਏ ਕੁਝ ਮੁਸਾਫਰ ਪ੍ਰੇਸ਼ਾਨ ਦਿਖਾਈ ਦਿੱਤੇ। ਕਿਸਾਨ ਜਥੇਬੰਦੀਆਂ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਕੋਟਕਪੂਰਾ ਬੱਤੀਆਂ ਵਾਲੇ ਚੌਕ ਵਿੱਚ ਧਰਨਾ ਦਿੱਤਾ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਬਠਿੰਡਾ ਜੰਕਸ਼ਨ ’ਤੇ ਅੱਜ ਨਾ ਕੂਕੀਆਂ ਰੇਲਾਂ
ਬਠਿੰਡਾ (ਸ਼ਗਨ ਕਟਾਰੀਆ): ‘ਪੰਜਾਬ ਬੰਦ’ ਦਾ ਸੱਦਾ ਬਠਿੰਡਾ ਜ਼ਿਲ੍ਹੇ ’ਚ ਅਸਰਦਾਰ ਰਿਹਾ। ਬਠਿੰਡਾ ਦੇ ਭਾਈ ਘਨੱਈਆ ਚੌਕ, ਸੰਗਤ ਚੌਕ, ਤਲਵੰਡੀ ਸਾਬੋ ਦੇ ਰਵੀਦਾਸ ਚੌਕ, ਰਾਮਪੁਰਾ ਰੇਲਵੇ ਸਟੇਸ਼ਨ, ਮੌੜ ਕੈਂਚੀਆਂ ਆਦਿ ਥਾਵਾਂ ’ਤੇ ਕਿਸਾਨਾਂ ਵੱਲੋਂ ਧਰਨੇ ਲਾ ਕੇ ਸੜਕੀ ਅਤੇ ਰੇਲ ਆਵਾਜਾਈ ਰੋਕੀ ਗਈ। ਬੰਦ ਦੌਰਾਨ ਐਮਰਜੈਂਸੀ ਸੇਵਾਵਾਂ, ਵਿਆਹਾਂ, ਮਰੀਜ਼ਾਂ, ਏਅਰਪੋਰਟ ਤਰਫ਼ ਜਾਣ ਵਾਲਿਆਂ ਨੂੰ ਛੋਟ ਦਿੱਤੀ ਗਈ, ਜਦ ਕਿ ਦੁੱਧ, ਸਬਜ਼ੀਆਂ ਵਗ਼ੈਰਾ ਦੀ ਸਪਲਾਈ ਬੰਦ ਰਹੀ। ਬਠਿੰਡਾ ਦੇ ਪ੍ਰਮੁੱਖ ਰੇਲਵੇ ਸਟੇਸ਼ਨ ਤੋਂ ਗੁਜ਼ਰਨ ਵਾਲੀਆਂ ਬਹੁਤ ਸਾਰੀਆਂ ਰੇਲਾਂ ਨੂੰ ਰੇਲਵੇ ਵਿਭਾਗ ਵੱਲੋਂ ਰੱਦ ਕਰ ਦਿੱਤਾ ਗਿਆ। ਬੱਸਾਂ ਵੀ ਸੜਕਾਂ ’ਤੇ ਨਹੀਂ ਆਈਆਂ। ਪ੍ਰਾਈਵੇਟ ਵਾਹਨ ਸੜਕਾਂ ’ਤੇ ਨਾ-ਮਾਤਰ ਹੀ ਦਿਖਾਈ ਦਿੱਤੇ। ਸੜਕੀ ਆਵਾਜਾਈ ਦੌਰਾਨ ਕਈ ਥਾਵਾਂ ’ਤੇ ਲੰਘਣ ਵਾਲੇ ਰਾਹਗੀਰਾਂ ਅਤੇ ਧਰਨਾਕਾਰੀਆਂ ਦਰਮਿਆਨ ਤਲਖ਼ ਕਲਾਮੀ ਹੋਈ। ਲੋਕਾਂ ਦਾ ਤਰਕ ਸੀ ਕਿ ਉਨ੍ਹਾਂ ਨੂੰ ਸੜਕਾਂ ਤੋਂ ਲੰਘਣ ਉੱਪਰ ਰੋਕ ਲਾ ਕੇ, ਖੱਜਲ ਕੀਤਾ ਜਾ ਰਿਹਾ ਹੈ।
ਫ਼ਿਰੋਜ਼ਪੁਰ ਮੰਡਲ ਅਧੀਨ 163 ਰੇਲ ਗੱਡੀਆਂ ਰੱਦ; 60 ਗੱਡੀਆਂ ਦੇਰੀ ਨਾਲ ਚੱਲੀਆਂ
ਫ਼ਿਰੋਜ਼ਪੁਰ (ਸੰਜੀਵ ਹਾਂਡਾ): ਜ਼ਿਲ੍ਹੇ ਦੇ ਕਿਸਾਨਾਂ ਨੇ ਲਗਭਗ ਸਾਰੇ ਮੁੱਖ ਮਾਰਗਾਂ ’ਤੇ ਜਾਮ ਲਾ ਕੇ ਐਮਰਜੈਂਸੀ ਕੇਸਾਂ ਤੋਂ ਇਲਾਵਾ ਹੋਰ ਕਿਸੇ ਨੂੰ ਵੀ ਲੰਘਣ ਲਈ ਰਾਹ ਨਹੀਂ ਦਿੱਤਾ। ਸਵੇਰੇ ਸੱਤ ਵਜੇ ਤੋਂ ਲੈ ਕੇ ਸ਼ਾਮ ਚਾਰ ਵਜੇ ਤੱਕ ਸ਼ਹਿਰਾਂ ਅਤੇ ਪਿੰਡਾਂ ਵਿਚ ਸਾਰੀਆਂ ਦੁਕਾਨਾਂ, ਪੈਟਰੋਲ ਪੰਪ, ਗੈਸ ਏਜੰਸੀਆਂ ਬੰਦ ਰਹੀਆਂ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਦਰ ਸਥਿਤ ਤਕਰੀਬਨ ਸਾਰੇ ਸਰਕਾਰੀ ਦਫ਼ਤਰ ਵੀ ਬੰਦ ਰਹੇ। ਇਸ ਬੰਦ ਦੀ ਵਜ੍ਹਾ ਕਰਕੇ ਵੱਡੀ ਗਿਣਤੀ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ। ਕਈ ਥਾਵਾਂ ਤੇ ਰਾਹਗੀਰਾਂ ਅਤੇ ਕਿਸਾਨਾਂ ਵਿਚਾਲੇ ਤਿੱਖੀ ਬਹਿਸ ਵੀ ਹੋਈ। ਬੰਦ ਦੌਰਾਨ ਬੱਸਾਂ ਅਤੇ ਰੇਲ ਗੱਡੀਆਂ ਵੀ ਨਹੀਂ ਚੱਲਣ ਦਿੱਤੀਆਂ ਗਈਆਂ। ਫ਼ਿਰੋਜ਼ਪੁਰ ਰੇਲ ਮੰਡਲ ਦੇ ਅਧਿਕਾਰੀਆਂ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਮੰਡਲ ਅੰਦਰ 163 ਰੇਲ ਗੱਡੀਆਂ ਅੱਜ ਰੱਦ ਕੀਤੀਆਂ ਗਈਆਂ। ਇਸ ਤੋਂ ਤਕਰੀਬਨ 60 ਰੇਲ ਗੱਡੀਆਂ ਦੇਰੀ ਨਾਲ ਚਲਾਈਆਂ ਗਈਆਂ।
ਕਾਲਾਂਵਾਲੀ ’ਚ ਦੁਪਹਿਰ ਤੱਕ ਰੇਲ ਆਵਾਜਾਈ ਪ੍ਰਭਾਵਿਤ
ਕਾਲਾਂਵਾਲੀ (ਭੁਪਿੰਦਰ ਪੰਨੀਵਾਲੀਆ): ਪੰਜਾਬ ਬੰਦ ਦਾ ਅਸਰ ਕਾਲਾਂਵਾਲੀ ਵਿੱਚ ਵੀ ਦੇਖਣ ਨੂੰ ਮਿਲਿਆ, ਜਿਸ ਕਾਰਨ ਪੰਜਾਬ ਵੱਲ ਜਾਣ ਵਾਲੀਆਂ ਰੇਲਗੱਡੀਆਂ ਨੂੰ ਸਿਰਸਾ ਵਿੱਚ ਹੀ ਰੋਕ ਦਿੱਤਾ ਗਿਆ। ਇਸ ਦੇ ਨਾਲ ਹੀ ਹਰਿਆਣਾ ਰੋਡਵੇਜ਼ ਅਤੇ ਪੰਜਾਬ ਵੱਲ ਜਾਣ ਵਾਲੀਆਂ ਪ੍ਰਾਈਵੇਟ ਬੱਸਾਂ ਦੀ ਆਵਾਜਾਈ ਵੀ ਬੰਦ ਰਹੀ, ਜਿਸ ਕਾਰਨ ਪੰਜਾਬ ਵੱਲ ਜਾਣ ਵਾਲੇ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਬਾਅਦ ਦੁਪਹਿਰ 2 ਵਜੇ ਤੋਂ ਬਾਅਦ ਪੰਜਾਬ ਵੱਲ ਰੇਲਾਂ ਦੀ ਆਵਾਜਾਈ ਸ਼ੁਰੂ ਹੋਈ। ਕਿਸਾਨ ਅੰਦੋਲਨ ਕਾਰਨ ਰੇਵਾੜੀ ਤੋਂ ਫਾਜ਼ਿਲਕਾ ਜਾਣ ਵਾਲੀ ਰੇਲਗੱਡੀ ਜੋ ਕਿ ਕਰੀਬ ਸਾਢੇ 10 ਵਜੇ ਕਾਲਾਂਵਾਲੀ ਪਹੁੰਚਦੀ ਹੈ, ਨੂੰ ਸਿਰਸਾ ਵਿੱਚ ਰੋਕ ਦਿੱਤਾ ਗਿਆ ਸੀ। ਕਰੀਬ 1.40 ਵਜੇ ਕਾਲਾਂਵਾਲੀ ਪੁੱਜਣ ਵਾਲੀ ਗੱਡੀ ਵੀ ਕਾਲਾਂਵਾਲੀ ਨਹੀਂ ਪੁੱਜੀ। ਗੋਰਖਪੁਰ ਤੋਂ ਬਠਿੰਡਾ ਜਾਣ ਵਾਲੀ ਗੋਰਖਧਾਮ ਐਕਸਪ੍ਰੈੱਸ ਵੀ ਕਰੀਬ ਦੋ ਘੰਟੇ ਦੇਰੀ ਨਾਲ ਬਠਿੰਡਾ ਲਈ ਰਵਾਨਾ ਹੋਈ।
ਐੱਮਪੀਏ ਵੱਲੋਂ ਧਰਨੇ ’ਚ ਸ਼ਮੂਲੀਅਤ
ਜੈਤੋ (ਸ਼ਗਨ ਕਟਾਰੀਆ): ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਜੈਤੋ ਨੇ ਬਲਾਕ ਪ੍ਰਧਾਨ ਡਾ. ਹਰਪਾਲ ਸਿੰਘ ਡੇਲਿਆਂ ਵਾਲੀ ਦੀ ਅਗਵਾਈ ’ਚ ਅੱਜ ਇੱਥੇ ਲੱਗੇ ਕਿਸਾਨ ਧਰਨੇ ਵਿੱਚ ਸ਼ਮੂਲੀਅਤ ਕਰਕੇ ਕੇਂਦਰ ਸਰਕਾਰ ਤੋਂ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਮੰਨਣ ਦੀ ਅਪੀਲ ਕੀਤੀ। ਧਰਨੇ ਵਿੱਚ ਬਲਵਿੰਦਰ ਜੈਤੋ, ਗੁਰਚਰਨ ਭਗਤੂਆਣਾ, ਜਲੰਧਰ ਸਿੰਘ ਬਰਾੜ, ਬੂਟਾ ਸਿੰਘ, ਕੇਵਲ ਜੈਤੋ, ਬਲਰਾਜ ਸਿੰਘ, ਹਰਮੇਲ ਸਿੰਘ, ਜਸਵੀਰ ਸਿੰਘ, ਸੰਦੀਪ ਰੰਗਾ, ਵਕੀਲ ਕੁਮਾਰ ਅਤੇ ਜਗਸੀਰ ਸਿੰਘ ਮੱਲਾ ਸ਼ਾਮਲ ਹੋਏ।
ਮੱਸਿਆ ’ਤੇ ਜਾਣ ਵਾਲੇ ਸ਼ਰਧਾਲੂ ਹੋਏ ਪ੍ਰੇਸ਼ਾਨ
ਮਾਨਸਾ: ਬੰਦ ਦੌਰਾਨ ਪੋਹ ਮਹੀਨੇ ਦੀ ਮੱਸਿਆ ’ਤੇ ਇਲਾਕੇ ਦੇ ਵੱਖ-ਵੱਖ ਗੁਰੂ ਘਰਾਂ ਵਿੱਚ ਨਤਮਾਸਤਕ ਹੋਣ ਵਾਲੇ ਸ਼ਰਧਾਲੂਆਂ ਨੂੰ ਵੀ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਸੋਮਵਾਰ ਦੀ ਮੱਸਿਆ ਨੂੰ ਬੜਾ ਅਹਿਮ ਮੰਨਿਆ ਜਾਂਦਾ ਹੈ, ਜਿਸ ਕਰਕੇ ਹਰ ਕੋਈ ਗੁਰੂ ਘਰਾਂ ਵਿੱਚ ਜਾਣ ਲਈ ਉਤਾਵਲਾ ਸੀ ਪਰ ਆਵਾਜਾਈ ਜਾਮ ਹੋਣ ਕਰਕੇ ਹਰ ਕਿਸੇ ਨੂੰ ਬੱਸਾਂ ਅਤੇ ਹੋਰ ਆਪਣੇ ਸਾਧਨਾਂ ਰਾਹੀਂ ਜਾਣ ਵਿੱਚ ਭਾਰੀ ਕਠਨਾਈ ਦਾ ਸਾਹਮਣਾ ਕਰਨਾ ਪਿਆ।
ਨੈਸ਼ਨਲ ਹਾਈਵੇਅ-54 ਜਾਮ
ਜ਼ੀਰਾ (ਹਰਮੇਸ਼ਪਾਲ ਨੀਲੇਵਾਲ): ਅੱਜ ਜ਼ੀਰਾ ਵਿੱਚ ਵੱੱਖ- ਵੱਖ ਕਿਸਾਨ ਜਥੇਬੰਦੀਆਂਨੇ ਸਵੇਰੇ ਸੱਤ ਤੋਂ ਸ਼ਾਮ ਪੰਜ ਵਜੇ ਤੱਕ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇਅ-54 ਪਿੰਡ ਲਹਿਰਾ ਰੋਹੀ ਨੇੜੇ ਜਾਮ ਕਰਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ, ਅਮਨਦੀਪ ਸਿੰਘ ਕੱਚਰਭੰਨ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਆਗੂ ਬੂਟਾ ਸਿੰਘ ਬੁਰਜ ਗਿੱਲ, ਟਰੇਡ ਯੂਨੀਅਨ ਕੌਂਸਲ ਜ਼ੀਰਾ ਦੇ ਪ੍ਰਧਾਨ ਤਰਸੇਮ ਸਿੰਘ ਹਰਾਜ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਬਲਰਾਜ ਸਿੰਘ ਫੇਰੋਕੇ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦਿਲਬਾਗ ਸਿੰਘ, ਪੀਐੱਸਈਬੀ ਐਂਪਲਾਈਜ਼ ਫੈਡਰੇਸ਼ਨ ਬਲਕਾਰ ਸਿੰਘ ਭੁੱਲਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਹੁਣ ਵੀ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਕਿਸਾਨੀ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਬਰੇਟਾ ਦੇ ਕੈਂਚੀਆਂ ਚੌਕ ’ਚ ਧਰਨਾ
ਬਰੇਟਾ (ਸੱਤ ਪ੍ਰਕਾਸ਼ ਸਿੰਗਲਾ): ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਕੈਂਚੀਆਂ ਚੌਕ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਤੇ ਕਈ ਘੰਟੇ ਆਵਾਜਾਈ ਠੱਪ ਕੀਤੀ ਗਈ। ਜਥੇਬੰਦੀ ਦੇ ਜ਼ਿਲ੍ਹਾ ਜਰਨਲ ਸਕੱਤਰ ਤਾਰਾ ਚੰਦ ਬਰੇਟਾ ਨੇ ਦੱਸਿਆ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਅਣਗੌਲਿਆ ਕਰ ਰਹੀ ਹੈ। ਆਗੂਆਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਡੱਲੇਵਾਲ ਦੀ ਸਿਹਤ ਨੂੰ ਦੇਖਦਿਆਂ ਤੁਰੰਤ ਗੱਲਬਾਤ ਸ਼ੁਰੂ ਕਰੇ ਤੇ ਦਿੱਲੀ ਜਾਣ ਵਾਲੇ ਕਿਸਾਨਾਂ ਦੇ ਰਸਤੇ ਖੋਲ੍ਹੇ ਜਾਣ। ਸੂਬਾ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਸਮੇਤ ਬਾਕੀ ਸੂਬਿਆਂ ਲਈ ਭੇਜੇ ਗਏ ਖੇਤੀ ਉਪਜ ਮੰਡੀਕਰਨ ਨੀਤੀ ਦੇ ਨਵੇਂ ਖਰੜੇ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਅੱਜ ਦੇ ਧਰਨੇ ਉਪਰੰਤ ਸ਼ਹਿਰ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ।