Sports News: ਸ਼ਾਟ ਪੁਟਰ ਬਹਾਦਰ ਸਿੰਘ ਸੱਗੂ ਚੁਣ ਗਏ Athletic Federation of India ਦੇ ਪ੍ਰਧਾਨ
ਅਕਾਂਕਸ਼ਾ ਐਨ ਭਾਰਦਵਾਜ/ਪੀਟੀਆਈ
ਜਲੰਧਰ/ਚੰਡੀਗੜ੍ਹ, 7 ਜਨਵਰੀ
ਏਸ਼ੀਆਈ ਖੇਡਾਂ ਦੇ ਸੋਨ ਤਗ਼ਮਾ ਜੇਤੂ ਸਾਬਕਾ ਸ਼ਾਟ-ਪੁੱਟ ਖਿਡਾਰੀ ਬਹਾਦਰ ਸਿੰਘ ਸੱਗੂ (Bahadur Singh Sagoo) ਮੰਗਲਵਾਰ ਨੂੰ ਬਿਨਾਂ ਮੁਕਾਬਲਾ ਅਥਲੈਟਿਕਸ ਫੈਡਰੇਸ਼ਨ ਆਫ਼ ਇੰਡੀਆ (Athletic Federation of India - AFI) ਦੇ ਪ੍ਰਧਾਨ ਚੁਣੇ ਗਏ। ਸੱਗੂ (51 ਸਾਲ), ਜੋ ਪਹਿਲਾਂ ਪੀਏਪੀ ਜਲੰਧਰ ਵਿਖੇ ਖੇਡ ਸਕੱਤਰ ਵਜੋਂ ਸੇਵਾ ਨਿਭਾ ਰਹੇ ਸਨ, ਹੁਣ ਪਠਾਨਕੋਟ ਵਿੱਚ ਚੌਥੀ ਆਈਆਰਬੀ ’ਚ ਕਮਾਂਡੈਂਟ ਵਜੋਂ ਤਾਇਨਾਤ ਹਨ।
ਉਨ੍ਹਾਂ 2002 ਦੀਆਂ ਬੂਸਾਨ ਏਸ਼ੀਆਈ ਖੇਡਾਂ ਵਿੱਚ ਗੋਲਾ ਸੁੱਟਣ ’ਚ ਸੋਨ ਤਗ਼ਮਾ ਜਿੱਤਿਆ ਸੀ ਅਤੇ 2000 ਤੇ 2004 ਦੀਆਂ ਓਲੰਪਿਕ ਵਿੱਚ ਵੀ ਹਿੱਸਾ ਲਿਆ ਸੀ।ਫੈਡਰੇਸ਼ਨ ਦੇ ਪ੍ਰਧਾਨ ਵਜੋਂ ਉਨ੍ਹਾਂ ਦੀ ਚੋਣ ਸਦਕਾ ਉਨ੍ਹਾਂ ਦੇ ਸ਼ੁਭਚਿੰਤਕਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ।
ਉਨ੍ਹਾਂ ਦੇ ਪ੍ਰਸੰਸਕ ਬਹਾਦਰ ਸਿੰਘ ਦੇ ਸ਼ਾਂਤ ਸੁਭਾਅ ਦੇ ਬਹੁਤ ਪ੍ਰਸੰਸਕ ਹਨ ਅਤੇ ਉਸਦੇ ਦੋਸਤਾਨਾ ਸੁਭਾਅ ਲਈ ਉਸਦੀ ਕਦਰ ਕਰਦੇ ਹਨ। ਜਲੰਧਰ ਸਪੋਰਟਸ ਕਾਲਜ ਦੇ ਜੈਵਲਿਨ ਥਰੋਅ ਦੇ ਕੋਚ ਬਾਬਾ ਗੁਰਦੀਪ ਸਿੰਘ, ਜੋ ਸਾਈਂਂ ਦਾਸ ਸਕੂਲ ਵਿੱਚ ਬਹਾਦਰ ਸਿੰਘ ਦੇ ਹਮਜਮਾਤੀ ਸਨ, ਨੇ ਕਿਹਾ, ‘‘ਬਹਾਦਰ ਸਿੰਘ ਇੱਕ ਅਜਿਹਾ ਆਦਮੀ ਹੈ ਜਿਸ ਵਿੱਚ ਕੋਈ ਆਕੜ, ਕੋਈ ਹੰਕਾਰ ਅਤੇ ਕੋਈ ਨਾਂਹਪੱਖੀ ਰਵੱਈਆ ਨਹੀਂ ਹੈ। ਉਹ ਆਪਣੇ ਪਿਆਰ ਭਰੇ ਸੁਭਾਅ ਲਈ ਮਸ਼ਹੂਰ ਹੈ। ਬਹਾਦਰ ਸਿੰਘ ਨੇ ਸਕੂਲ ਦੇ ਮੈਦਾਨ ਤੋਂ ਆਪਣਾ ਖੇਡ ਸਫ਼ਰ ਸ਼ੁਰੂ ਕੀਤਾ ਅਤੇ ਫਿਰ ਅਸੀਂ ਦੋਵੇਂ ਇਕੱਠੇ ਡੀਏਵੀ ਕਾਲਜ ਗਏ।’’
ਉਨ੍ਹਾਂ ਦੀ ਚੋਣ AFI ਦੇ ਦੋ-ਰੋਜ਼ਾ ਸਾਲਾਨਾ ਆਮ ਇਜਲਾਸ ਵਿੱਚ ਦੋ ਸਾਲ ਦੀ ਮਿਆਦ ਲਈ ਕੀਤੀ ਗਈ ਹੈ। ਪਹਿਲਾਂ ਉਹ ਏਐਫਆਈ ਐਥਲੀਟ ਕਮਿਸ਼ਨ ਦੇ ਮੈਂਬਰ ਹਨ। ਇਸ ਚੋਣ ਲਈ ਮੌਜੂਦਾ ਸੀਨੀਅਰ ਮੀਤ ਪ੍ਰਧਾਨ ਅਤੇ ਆਪਣੇ ਸਮੇਂ ਦੀ ਨਾਮੀ ਅਥਲੀਟ ਅੰਜੂ ਬੌਬੀ ਜਾਰਜ (Anju Bobby George) ਵੱਲੋਂ ਚੋਣ ਮੈਦਾਨ ਤੋਂ ਲਾਂਭੇ ਹਟ ਜਾਣ ਤੋਂ ਬਾਅਦ ਸੱਗੂ ਚੋਣ ਮੈਦਾਨ ਵਿੱਚ ਬਚੇ ਇਕਲੌਤੇ ਉਮੀਦਵਾਰ ਸਨ।
ਪਿਛਲੇ ਸਾਲਾਂ ਵਾਂਗ ਹੀ ਬਾਕੀ ਅਹੁਦਿਆਂ ਲਈ ਚੋਣ ਨਹੀਂ ਹੋਈ। ਦਿੱਲੀ ਇਕਾਈ ਦੇ ਸੀਨੀਅਰ ਅਧਿਕਾਰੀ ਸੰਦੀਪ ਮਹਿਤਾ ਨੂੰ ਏਐਫਆਈ ਦੇ ਸਕੱਤਰ ਵਜੋਂ ਬਿਨਾਂ ਮੁਕਾਬਲਾ ਚੁਣਿਆ ਗਿਆ। ਉਹ ਪਿਛਲੀ ਕਾਰਜਕਾਰੀ ਕੌਂਸਲ ਵਿੱਚ ਸੀਨੀਅਰ ਸੰਯੁਕਤ ਸਕੱਤਰ ਸਨ। ਸਟੈਨਲੀ ਜੋਨਜ਼ ਨੂੰ ਖਜ਼ਾਨਚੀ ਬਣਾਇਆ ਗਿਆ ਹੈ।