Farmer Protest: ਕਿਸਾਨਾਂ ਵੱਲੋਂ ਫਿਰੋਜ਼ਪੁਰ-ਫਾਜ਼ਿਲਕਾ ਮਾਰਗ ’ਤੇ ਧਰਨਾ
ਜਸਵੰਤ ਸਿੰਘ ਥਿੰਦ
ਮਮਦੋਟ, 30 ਦਸੰਬਰ
ਪੰਜਾਬ ਬੰਦ ਦੇ ਸੱਦੇ ਦਾ ਮਮਦੋਟ ਅਤੇ ਆਸ ਪਾਸ ਦੇ ਇਲਾਕੇ ਵਿੱਚ ਵੱਡਾ ਅਸਰ ਵੇਖਣ ਨੂੰ ਮਿਲਿਆ। ਪੰਜਾਬ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਫਿਰੋਜ਼ਪੁਰ-ਫਾਜ਼ਿਲਕਾ ਸੜਕ ’ਤੇ ਪੈਂਦੇ ਟੀ-ਪੁਆਇੰਟ ਉੱਤੇ ਕੇਂਦਰ ਸਰਕਾਰ ਖ਼ਿਲਾਫ਼ ਧਰਨਾ ਦਿੱਤਾ ਗਿਆ।
ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲਾ ਪ੍ਰਧਾਨ ਗੁਰਮੀਤ ਸਿੰਘ ਘੋੜੇ ਚੱਕ ਨੇ ਕਿਹਾ ਕਿ ਬੰਦ ਦੇ ਸੱਦੇ ਨੂੰ ਸਮੂਹ ਯੂਨੀਅਨ ਦੁਕਾਨਦਾਰਾਂ ਤੇ ਆਮ ਲੋਕਾਂ ਵੱਲੋਂ ਭਾਰੀ ਸਮਰਥਨ ਦਿੱਤਾ ਗਿਆ ਹੈ। ਮਮਦੋਟ ਦੇ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਰੱਖੀਆਂ। ਇਸ ਮੌਕੇ ਜੀਵਨ ਸਿੰਘ ਸੋਢੀ ਜ਼ਿਲਾ ਸਕੱਤਰ, ਗੁਰਸੇਵਕ ਸਿੰਘ ਬਲਾਕ ਪ੍ਰਧਾਨ ਮਮਦੋਟ, ਨਰਿੰਦਰ ਸਿੰਘ ਜਤਾਲਾ ਮਜ਼ਦੂਰ ਸੰਘਰਸ਼ ਕਮੇਟੀ, ਬਗੀਚਾ ਸਿੰਘ ਬੱਟੀ ਸਣੇ ਸੈਂਕੜੇ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਮਹਿਲ ਕਲਾਂ (ਲਖਵੀਰ ਸਿੰਘ ਚੀਮਾ): ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਲੁਧਿਆਣਾ-ਬਰਨਾਲਾ ਮੁੱਖ ਮਾਰਗ ‘ਤੇ ਪਿੰਡ ਵਜੀਦਕੇ ਖ਼ੁਰਦ ਵਿੱਚ ਸਵੇਰੇ ਸੱਤ ਵਜੇ ਤੋਂ ਸ਼ਾਮ ਚਾਰ ਵਜੇ ਤੱਕ ਆਵਾਜਾਈ ਪੂਰੀ ਤਰ੍ਹਾਂ ਠੱਪ ਰੱਖੀ ਗਈ। ਧਰਨੇ ਦੌਰਾਨ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਸਾਨੀ ਮੰਗਾਂ ਨੂੰ ਪੂਰਾ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਧਰਨੇ ਦੌਰਾਨ ਹਾਜ਼ਰ ਕਿਸਾਨਾਂ ਨੇ ਕੇਂਦਰ ਦੀ ਬੀਜੇਪੀ ਸਰਕਾਰ ਉਪਰ ਕਿਸਾਨ ਵਿਰੋਧੀ ਹੋਣ ਦੇ ਦੋਸ਼ ਲਗਾਏ। ਕਿਸਾਨਾਂ ਨੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮੋਢੇ ਨਾਲ ਮੋਢਾ ਲਗਾ ਕੇ ਸੰਘਰਸ਼ ਕਰਨ ਦਾ ਵੀ ਐਲਾਨ ਕੀਤਾ।
ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਸ਼ਹਿਣਾ ’ਚ ਸੜਕਾਂ ’ਤੇ ਆਵਾਜਾਈ ਅਤੇ ਬੱਸ ਸਰਵਿਸ ਬੰਦ ਰਹੀ। ਸਹਿਕਾਰੀ ਸੁਸਾਇਟੀ ਅਤੇ ਕਾਫੀ ਦਫ਼ਤਰ ਵੀ ਬੰਦ ਰਹੇ। ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਬਰਨਾਲਾ-ਬਾਜਾਖਾਨਾ ਜੀਟੀ ਰੋਡ ’ਤੇ ਧਰਨਾ ਵੀ ਦਿੱਤਾ।
ਭਦੌੜ (ਰਾਜਿੰਦਰ ਵਰਮਾ): ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦੇ ਸੱਦੇ ’ਤੇ ਭਦੌੜ ਪੂਰੀ ਤਰ੍ਹਾਂ ਬੰਦ ਰਿਹਾ ਹੈ। ਸ਼ਹਿਰ ਦੇ ਮੁੱਖ ਬਜ਼ਾਰਾਂ ਵਿੱਚ ਸਾਰੀਆਂ ਦੁਕਾਨਾਂ ਬੰਦ ਰਹੀਆਂ ਤੇ ਸ਼ਹਿਰ ਦੇ ਬੱਸ ਅੱਡੇ ’ਤੇ ਸੁੰਨ ਪਸਰੀ ਹੋਈ ਸੀ। ਕਸਬੇ ਅੰਦਰ ਐਮਰਜੈਂਸੀ ਸੇਵਾਵਾਂ ਜਾਰੀ ਰਹੀਆਂ।
ਲੰਬੀ (ਇਕਬਾਲ ਸਿੰਘ ਸ਼ਾਂਤ): ਹਲਕੇ ਭਰ ਵਿੱਚ ਭਾਕਿਯੂ ਏਕਤਾ ਉਗਰਾਹਾਂ, ਭਾਕਿਯੂ ਸਿੱਧੂਪੁਰ ਤੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਅੱਜ ਆਪੋ-ਆਪਣੇ ਪੱਧਰ ’ਤੇ ਮੋਰਚੇ ਲਗਾ ਕੇ ਕਿਸਾਨ ਸੰਘਰਸ਼ ਨੂੰ ਪੂਰੀ ਤਰ੍ਹਾਂ ਮਘਾਇਆ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਤੇ ਭਾਕਿਯੂ ਸਿੱਧੂਪੁਰ ਵੱਲੋਂ ਡੱਬਵਾਲੀ-ਅਬੋਹਰ ਕੌਮੀ ਸੜਕ ’ਤੇ ਸਥਿਤ ਪਿੰਡ ਹਾਕੂਵਾਲਾ ਵਿੱਚ ਆਵਾਜਾਈ ਨੂੰ ਠੱਪ ਕੀਤਾ। ਇਸ ਮੌਕੇ ਹਾਕੂਵਾਲਾ, ਮਿੱਡੂਖੇੜਾ, ਘੁਮਿਆਰਾ, ਲੁਹਾਰਾ, ਭੁੱਲਰਵਾਲਾ, ਕੰਦੂਖੇੜਾ, ਭੀਟੀਵਾਲਾ ਅਤੇ ਸਿੱਖਵਾਲਾ ਦੇ ਕਿਸਾਨਾਂ ਨੇ ਧਰਨੇ ਵਿੱਚ ਭਰਵੀਂ ਸ਼ਮੂਲੀਅਤ ਕੀਤੀ।
ਦੋਦਾ (ਜਸਵੀਰ ਸਿੰਘ ਬਰਾੜ): ਖੇਤਰ ਵਿੱਚ ਲੋਕਾਂ ਨੇ ਆਪਣੇ ਸਮੂਹ ਕਾਰੋਬਾਰ ਬੰਦ ਰੱਖੇ। ਪਿੰਡਾਂ ਵਿਚ ਵੀ ਦੁਕਾਨਦਾਰਾਂ ਨੇ ਆਪਣੀਆ ਦੁਕਾਨਾਂ ਬੰਦ ਰੱਖੀਆਂ। ਇੱਥੋਂ ਲੰਘਣ ਵਾਲੀਆਂ ਸਰਕਾਰੀ ਤੇ ਪ੍ਰਾਇਵੇਟ ਬੱਸਾਂ ਵੀ ਬੰਦ ਸਨ ਅਤੇ ਸੜਕਾਂ ਸੁੰਨੀਆਂ ਰਹੀਆਂ। ਇਲਾਕੇ ਦੇ ਕਿਸਾਨਾਂ ਨੇ ਕਿਹਾ ਕਿ ਉਹ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਸਣੇ ਮੰਨੀਆਂ ਮੰਗਾਂ ਲਾਗੂ ਕਰਵਾਉਣ ਤੱਕ ਅੰਦੋਲਨ ਜਾਰੀ ਰੱਖਣਗੇ।
ਸਰਦੂਲਗੜ੍ਹ (ਬਲਜੀਤ ਸਿੰਘ): ਸਰਦੂਲਗੜ੍ਹ ਤੇ ਝੁਨੀਰ ਦੀਆਂ ਸਮੂਹ ਦੁਕਾਨਾਂ ਤੇ ਹੋਰ ਅਦਾਰੇ ਪੂਰਨ ਰੂਪ ’ਚ ਬੰਦ ਰਹੇ। ਝੁਨੀਰ ਬੱਸ ਅੱਡੇ ’ਤੇ ਕਿਸਾਨ ਜਥੇਬੰਦੀ ਨੇ ਧਰਨਾ ਲਗਾ ਕੇ ਮਾਨਸਾ-ਸਿਰਸਾ ਕੌਮੀ ਮਾਰਗ ਨੂੰ ਬੰਦ ਕਰ ਦਿੱਤਾ। ਅਣਸੁਖਾਵੀਂ ਘਟਨਾ ਦੇ ਮੱਦੇਨਜ਼ਰ ਪੁਲੀਸ ਪਾਰਟੀ ਵੀ ਮੌਕੇ ’ਤੇ ਮੌਜੂਦ ਰਹੀ।
ਭੀਖੀ (ਕਰਨ ਭੀਖੀ): ਅੱਜ ਸਵੇਰੇ ਅੱਠ ਵਜੇ ਤੋਂ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ (ਸਿੱਧੁਪੁਰ) ਦੇ ਆਗੂਆਂ ਨੇ ਸਥਾਨਕ ਬਰਨਾਲਾ ਚੌਕ ’ਚ ਧਰਨਾ ਦਿੱਤਾ। ਸਿਰਫ ਐਮਰਜੈਂਸੀ ਸੇਵਾਵਾਂ ਛੱਡ ਕੇ ਕਸਬੇ ਦੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ। ਬੰਦ ਕਾਰਨ ਭਾਵੇਂ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਭੀਖੀ ਪੁਲੀਸ ਨੇ ਬਦਲਵੇਂ ਰਸਤੇ ਰਾਹੀਂ ਜਾਣ ’ਚ ਲੋਕਾਂ ਦੀ ਮਦਦ ਕੀਤੀ ਤੇ ਬਹੁਤ ਜ਼ਰੂਰੀ ਕੰਮ ਹੋਣ ’ਤੇ ਕਿਸਾਨ ਜਥੇਬੰਦੀ ਨੇ ਵੀ ਲੋਕਾਂ ਦਾ ਸਾਥ ਦਿੱਤਾ।
ਪੈਨਸ਼ਨਰ ਐਸੋਸੀਏਸ਼ਨ ਬਿਜਲੀ ਬੋਰਡ ਵੱਲੋਂ ਬੰਦ ਦਾ ਸਮਰਥਨ
ਗਿੱਦੜਬਾਹਾ (ਦਵਿੰਦਰ ਮੋਹਨ ਬੇਦੀ): ਪੈਨਸ਼ਨਰ ਐਸੋਸ਼ੀਏਸ਼ਨ ਬਿਜਲੀ ਬੋਰਡ ਡਿਵੀਜ਼ਨ ਗਿੱਦੜਬਾਹਾ ਦੇ ਮੇਘ ਰਾਜ ਬੁੱਟਰ ਨੇ ਅੱਜ ਪੰਜਾਬ ਬੰਦ ਦੇ ਸੱਦੇ ਦੀ ਹਮਾਇਤ ਕਰਦਿਆਂ ਡਵੀਜ਼ਨ ਅੱਗੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਮੰਨਣ ਦੀ ਬਜਾਏ ਕਿਸਾਨੀ ਸੰਘਰਸ਼ ਨੂੰ ਕਿਸੇ ਵੀ ਤਰ੍ਹਾਂ ਤਾਰਪੀਡੋ ਕਰਨ ਜਾਂ ਜਗਜੀਤ ਸਿੰਘ ਡੱਲੇਵਾਲ ਨੂੰ ਕੋਈ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤਾਂ ਕੇਂਦਰ ਦੇ ਨਾਲ ਨਾਲ ਪੰਜਾਬ ਸਰਕਾਰ ਨੂੰ ਵੀ ਇਸ ਦਾ ਖਮਿਆਜ਼ਾ ਭੁਗਤਨਾ ਪਵੇਗਾ।
ਮਖੂ ਵਿੱਚ ਨੈਸ਼ਨਲ ਹਾਈਵੇਅ ਅਤੇ ਰੇਲਵੇ ਟਰੈਕ ’ਤੇ ਜਾਮ
ਮਖੂ (ਨਵਜੋਤ ਸ਼ਰਮਾ): ਅੱਜ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਕਿਸਾਨ ਸੰਘਰਸ਼ ਕਮੇਟੀ (ਕੋਟਬੁੱਢਾ), ਭਾਰਤੀ ਕਿਸਾਨ ਯੂਨੀਅਨ (ਖੋਸਾ) ਦੇ ਕਿਸਾਨਾਂ ਮਜਦੂਰਾਂ ਵੱਲੋਂ ਮੱਖੂ ਵਿਖੇ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇਅ-54 ਅਤੇ ਰੇਲਵੇ ਟਰੈਕ ਫਿਰੋਜ਼ਪੁਰ-ਜਲੰਧਰ ’ਤੇ ਸਾਰੇ ਵਰਗਾਂ ਦੇ ਸਹਿਯੋਗ ਨਾਲ ਧਰਨਾ ਦਿੱਤਾ। ਜ਼ਿਲ੍ਹਾ ਆਗੂ ਸੁਖਵਿੰਦਰ ਸਿੰਘ ਅਲੀਪੁਰ, ਬਲਾਕ ਆਗੂ ਕੁਲਵਿੰਦਰ ਸਿੰਘ, ਵੀਰ ਸਿੰਘ ਨਿਜਾਮਦੀਨ ਵਾਲਾ, ਕਰਨੈਲ ਸਿੰਘ ਭੋਲਾ ਅਤੇ ਜਸਬੀਰ ਸਿੰਘ ਝਾਮਕੇ ਨੇ ਦੱਸਿਆ ਕਿ ਅੱਜ ਦੇ ਪੰਜਾਬ ਬੰਦ ਦੇ ਸੱਦੇ ਵਿੱਚ ਮਖੂ ਸ਼ਹਿਰ ਤੇ ਨਾਲ ਲੱਗਦੇ ਕਸਬਿਆਂ ਨੂੰ ਸਾਰੇ ਵਰਗਾਂ ਵੱਲੋਂ ਹੀ ਭਰਵਾਂ ਸਮਰਥਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਜਲਦ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।