For the best experience, open
https://m.punjabitribuneonline.com
on your mobile browser.
Advertisement

ਕਿਸਾਨ ਜਥੇਬੰਦੀਆਂ ਵੱਲੋਂ ਸ਼ੰਭੂ ਮੋਰਚੇ ’ਚ ਪਹਿਰੇਦਾਰੀ ਦਾ ਸੱਦਾ

07:18 AM Jun 10, 2024 IST
ਕਿਸਾਨ ਜਥੇਬੰਦੀਆਂ ਵੱਲੋਂ ਸ਼ੰਭੂ ਮੋਰਚੇ ’ਚ ਪਹਿਰੇਦਾਰੀ ਦਾ ਸੱਦਾ
ਮੀਟਿੰਗ ਮਗਰੋਂ ਗੱਲਬਾਤ ਕਰਦੇ ਹੋਏ ਕਿਸਾਨ ਆਗੂ।
Advertisement

ਪਾਲ ਸਿੰਘ ਨੌਲੀ
ਜਲੰਧਰ, 9 ਜੂਨ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜ਼ਿਲ੍ਹਾ ਜਲੰਧਰ ਇਕਾਈ ਵੱਲੋਂ ਸ਼ੰਭੂ ਮੋਰਚੇ ’ਤੇ ਕਿਸਾਨਾਂ ਦਾ ਜਥਾ 20 ਜੂਨ ਨੂੰ ਰਵਾਨਾ ਹੋਵੇਗਾ। ਜਥੇਬੰਦੀ ਵੱਲੋਂ ਜ਼ਿਲ੍ਹੇ ਦੇ ਪਿੰਡ ਰੇੜਵਾਂ ਵਿੱਚ ਕੀਤੀ ਮੀਟਿੰਗ ਦੌਰਾਨ ਇਸ ਗੱਲ ਦੀ ਵੀ ਵਿਉਂਤ ਘੜੀ ਗਈ ਹੈ ਕਿ ਪੰਜਾਬ ਵਿੱਚ 15 ਜੂਨ ਤੋਂ ਝੋਨੇ ਦੀ ਲੁਆਈ ਸ਼ੁਰੂ ਹੋ ਰਹੀ ਹੈ ਤੇ ਮੋਰਚੇ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਦੀ ਗਿਣਤੀ ਨੂੰ ਘੱਟਣ ਨਾ ਦਿੱਤਾ ਜਾਵੇ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਚੱਲ ਰਿਹਾ ਮੋਰਚਾ ਚੌਥੇ ਮਹੀਨੇ ਵਿੱਚ ਸ਼ਾਮਲ ਹੋ ਗਿਆ ਹੈ।
ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਦੀ ਅਗਵਾਈ ਵਿੱਚ ਪਿੰਡ ਰੇੜਵਾਂ ’ਚ ਹੋਈ ਮੀਟਿੰਗ ਵਿੱਚ ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ ਅਤੇ ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ ਉਚੇਚੇ ਤੌਰ ’ਤੇ ਪੁੱਜੇ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਝੋਨੇ ਦੀ ਲੁਆਈ ਦੇ ਨਾਲ-ਨਾਲ ਮੋਰਚੇ ਵਿੱਚ ਵੀ ਪਹਿਰਾ ਦੇਣਾ ਹੈ। ਉਨ੍ਹਾਂ ਕਿਸਾਨਾਂ ਤੇ ਮਜ਼ਦੂਰਾਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਜਿੱਥੇ ਫਸਲਾਂ ਦੀ ਸਾਂਭ ਸੰਭਾਲ ਬੇਹੱਦ ਜ਼ਰੂਰੀ ਹੈ, ਉਥੇ ਮੋਰਚੇ ਦੌਰਾਨ ਕਿਸਾਨੀ ਮੰਗਾਂ ਤੋਂ ਵੀ ਪਿੱਛੇ ਨਹੀਂ ਹੱਟਣਾ ਹੈ। ਉਨ੍ਹੰ ਪਿੰਡਾਂ ਦੀਆਂ ਇਕਾਈਆਂ ਨੂੰ ਪਿੰਡਾਂ ਦੇ ਖਜ਼ਾਨੇ ਭਰਨ ਦੀ ਅਪੀਲ ਕੀਤੀ। ਇਸ ਮੌਕੇ
ਕਿਸਾਨ ਜਥੇਬੰਦੀ ਨੇ ਕਿਹਾ ਕਿ ਨਵੀਂ ਐੱਮਪੀ ਬਣੀ ਕੰਗਨਾ ਰਣੌਤ ਵੱਲੋਂ ਹਵਾਈ ਅੱਡੇ ’ਤੇ ਹੰਗਾਮਾ ਕਰਨ ਤੇ ਬਾਅਦ ਵਿੱਚ ਪੰਜਾਬ ’ਚ ਅਤਿਵਾਦ ਫੈਲਣ ਵਰਗੀਆਂ ਟਿਪਣੀਆਂ ਕਰਕੇ ਸੂਬੇ ਦੇ ਸ਼ਾਂਤ ਮਾਹੌਲ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਕਿਸਾਨ ਆਗੂਆਂ ਨੇ ਕਿਹਾ ਕਿ ਹਵਾਈ ਅੱਡੇ ’ਤੇ ਆਪਣੀ ਡਿਊਟੀ ਨਿਭਾ ਰਹੀ ਸੀਆਈਐੱਸਐੱਫ ਦੀ ਜਵਾਨ ਕੁਲਵਿੰਦਰ ਕੌਰ ਦੀ ਡਿਊਟੀ ਵਿਚ ਕੰਗਨਾ ਰਣੌਤ ਵੱਲੋਂ ਵਿਘਨ ਪਾਉਣਾ ਨਿੰਦਣਯੋਗ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਸਰਕਾਰੀ ਡਿਊਟੀ ਕਰ ਰਹੀ ਮੁਲਾਜ਼ਮ ਨੂੰ ਪ੍ਰੇਸ਼ਾਨ ਕਰਨ ਦੇ ਮਾਮਲੇ ਵਿੱਚ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਵਿਰੁੱਧ ਮਾਮਲਾ ਦਰਜ ਕੀਤਾ ਜਾਵੇ।
ਕਿਸਾਨ ਆਗੂਆਂ ਨੇ ਇਹ ਮੰਗ ਵੀ ਕੀਤੀ ਕਿ ਕੁਲਵਿੰਦਰ ਕੌਰ ਵਿਰੁੱਧ ਦਰਜ ਕੀਤਾ ਪਰਚਾ ਰੱਦ ਕੀਤਾ ਜਾਵੇ ਤੇ ਉਸ ਨੂੰ ਨੌਕਰੀ ’ਤੇ ਬਹਾਲ ਕੀਤਾ ਜਾਵੇ। ਇਸ ਮੌਕੇ ਜਰਨੈਲ ਸਿੰਘ ਰਾਮੇ, ਸ਼ੇਰ ਸਿੰਘ ਰਾਮੇ, ਲਵਪ੍ਰੀਤ ਸਿੰਘ ਕੋਟਲੀ ਗਾਜਰਾਂ, ਦਲਬੀਰ ਸਿੰਘ ਕੰਗ, ਹਰਫੂਲ ਸਿੰਘ ਰਾਜੇਵਾਲ ਆਦਿ ਹਾਜ਼ਰ ਸਨ।

Advertisement

Advertisement
Advertisement
Author Image

Advertisement