ਕਿਸਾਨ ਆਗੂ ਰਣਯੋਧ ਸਿੰਘ ਦਾ ਰਤਨਹੇੜੀ ’ਚ ਸਸਕਾਰ
ਜੋਗਿੰਦਰ ਸਿੰਘ ਓਬਰਾਏ
ਖੰਨਾ, 19 ਦਸੰਬਰ
ਇੱਥੋਂ ਨੇੜਲੇ ਪਿੰਡ ਰਤਨਹੇੜੀ ਦੇ ਵਸਨੀਕ 56 ਸਾਲਾ ਰਣਯੋਧ ਸਿੰਘ ਨੇ 14 ਦਸੰਬਰ ਨੂੰ ਸ਼ੰਭੂ ਬਾਰਡਰ ’ਤੇ ਸਲਫਾਸ ਨਿਗਲ ਲਈ ਸੀ। ਰਣਯੋਧ ਸਿੰਘ ਦੀ ਕੱਲ੍ਹ ਸਵੇਰੇ ਮੌਤ ਹੋ ਗਈ ਸੀ।
ਉਹ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਦਾ ਮੋਢੀ ਕਾਰਕੁਨ ਸੀ। ਕੱਲ੍ਹ ਦੇਰ ਸ਼ਾਮ ਉਸ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਅਤੇ ਅੱਜ ਸਵੇਰੇ ਪਹਿਲਾਂ ਉਸ ਦੀ ਮ੍ਰਿਤਕ ਦੇਹ ਸ਼ੰਭੂ ਬਾਰਡਰ ’ਤੇ ਲਿਜਾਈ ਗਈ ਜਿੱਥੇ ਕਿਸਾਨ ਆਗੂਆਂ ਵੱਲੋਂ ਸ਼ਰਧਾਂਜਲੀ ਦੇਣ ਉਪਰੰਤ ਇਕ ਕਾਫ਼ਲੇ ਦੇ ਰੂਪ ਵਿਚ ਉਸ ਦੀ ਦੇਹ ਪਿੰਡ ਰਤਨਹੇੜੀ ਲਿਆਂਦੀ ਗਈ।
ਬਾਅਦ ਦੁਪਹਿਰ ਕਿਸਾਨ ਯੂਨੀਅਨ ਦੇ ਝੰਡੇ ਵਿੱਚ ਲਪੇਟੀ ਰਣਯੋਧ ਸਿੰਘ ਦੀ ਦੇਹ ਨੂੰ ਉਸ ਦੇ ਪੁੱਤਰ ਜਗਦੀਪ ਸਿੰਘ ਜੱਗੀ ਨੇ ਅਗਨੀ ਦਿਖਾਈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਨੇ ਸਰਕਾਰਾਂ ਦੀਆਂ ਨੀਤੀਆਂ ਤੋਂ ਖ਼ਫ਼ਾ ਹੋ ਕੇ ਜ਼ਹਿਰ ਨਿਗਲੀ ਸੀ।
ਇਸ ਮੌਕੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਵੱਡੀ ਗਿਣਤੀ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਤੋਂ ਇਲਾਵਾ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਦੇ ਪਿਤਾ ਭੁਪਿੰਦਰ ਸਿੰਘ, ਅਕਾਲੀ ਆਗੂ ਯਾਦਵਿੰਦਰ ਸਿੰਘ ਯਾਦੂ, ਹਨੀ ਰੋਸ਼ਾ, ਸਮਾਜ ਸੇਵੀ ਹਰਜਿੰਦਰ ਸਿੰਘ ਚਾਹਲ, ਕਾਂਗਰਸ ਵੱਲੋਂ ਡਾ. ਗੁਰਮੁਖ ਸਿੰਘ ਚਾਹਲ, ਸ਼ੇਰੇ ਪੰਜਾਬ ਕਿਸਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਿੰਦਰ ਸਿੰਘ ਭੰਗੂ, ਕਿਸਾਨ ਯੂਨੀਅਨ (ਰਾਜੇਵਾਲ) ਵੱਲੋਂ ਤਰਲੋਚਨ ਸਿੰਘ, ਗੰਨਾ ਸੰਘਰਸ਼ ਕਮੇਟੀ ਦੇ ਆਗੂ ਗੁਰਜੀਤ ਸਿੰਘ, ਹਰਜੀਤ ਸਿੰਘ, ਸਰਪੰਚ ਜਗਤਾਰ ਸਿੰਘ ਰਤਨਹੇੜੀ, ਹਰਦੇਵ ਸਿੰਘ ਬਿੱਲੂ, ਮਲਕੀਤ ਸਿੰਘ ਅਤੇ ਕੁਲਵਿੰਦਰ ਸਿੰਘ ਸ਼ਾਮਲ ਸਨ।