ਹਾਈ ਕੋਰਟ ਵੱਲੋਂ ਧਰਮਕੋਟ ਨਗਰ ਕੌਂਸਲ ਦੇ ਅੱਠ ਵਾਰਡਾਂ ਦੀ ਚੋਣ ’ਤੇ ਰੋਕ
ਹਰਦੀਪ ਸਿੰਘ
ਧਰਮਕੋਟ, 20 ਦਸੰਬਰ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਧਰਮਕੋਟ ਨਗਰ ਕੌਂਸਲ ਦੇ ਅੱਠ ਵਾਰਡਾਂ ਲਈ ਸ਼ਨਿੱਚਰਵਾਰ ਨੂੰ ਹੋਣ ਵਾਲੀ ਚੋਣ ’ਤੇ ਰੋਕ ਲਾ ਦਿੱਤੀ ਹੈ। ਸਾਬਕਾ ਵਿਧਾਇਕ ਕਾਕਾ ਸੁਖਜੀਤ ਸਿੰਘ ਲੋਹਗੜ੍ਹ ਨੇ ਦੱਸਿਆ ਕਿ ਧਰਮਕੋਟ ਨਗਰ ਕੌਂਸਲ ਦੀਆਂ ਨਾਮਜ਼ਦਗੀਆਂ ਭਰਨ ਨੂੰ ਲੈ ਕੇ ਕਾਂਗਰਸ ਦੇ 10 ਉਮੀਦਵਾਰਾਂ ਨੇ ਹਾਈ ਕੋਰਟ ਪਹੁੰਚ ਕਰਕੇ ਕਾਗਜ਼ ਦਾਖਲ ਕਰਨ ਲਈ ਅਦਾਲਤੀ ਸੁਰੱਖਿਆ ਹਾਸਲ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਸ ਸਭ ਦੇ ਬਾਵਜੂਦ ਮੌਜੂਦਾ ਵਿਧਾਇਕ ਦੇ ਕਥਿਤ ਦਬਾਅ ਕਰਕੇ ਪੁਲੀਸ ਤੇ ਚੋਣ ਅਧਿਕਾਰੀਆਂ ਨੇ ਕਾਂਗਰਸ ਦੇ ਇਨ੍ਹਾਂ 10 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਵਿਚ ਅੜਿੱਕਾ ਡਾਹਿਆ ਅਤੇ ਸਿਰਫ 6 ਉਮੀਦਵਾਰਾਂ ਦੀਆਂ ਫਾਈਲਾਂ ਹੀ ਜਮ੍ਹਾਂ ਕੀਤੀਆਂ ਗਈਆਂ। ਇਸ ਮਾਮਲੇ ਨੂੰ ਲੈ ਕੇ ਮੁੜ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ। ਹਾਈਕੋਰਟ ਨੇ ਇਨ੍ਹਾਂ ਅੱਠ ਵਾਰਡਾਂ ਵਿਚ ਭਲਕੇ ਚੋਣਾਂ ਨਾ ਕਰਵਾਉਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਕਾਂਗਰਸ ਨੇ ਇਹ ਰਿੱਟ ਪਟੀਸ਼ਨ ਉਮੀਦਵਾਰ ਸੰਦੀਪ ਸਿੰਘ ਸੰਧੂ ਵਾਰਡ ਨੰਬਰ 7 ਰਾਹੀਂ ਦਾਖਲ ਕੀਤੀ ਸੀ। ਸਾਬਕਾ ਐਡਵੋਕੇਟ ਜਨਰਲ ਤੇਜਬੀਰ ਸਿੰਘ ਹੁੰਦਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹਾਈ ਕੋਰਟ ਨੇ ਅੱਜ ਇਹ ਫੈਸਲਾ ਸੁਣਾਇਆ ਹੈ।