ਬੱਸ ਹਾਦਸੇ ’ਚ ਜ਼ਖ਼ਮੀ ਕਿਸਾਨ ਆਗੂ ਨੇ ਦਮ ਤੋੜਿਆ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 14 ਜਨਵਰੀ
ਦਸ ਦਿਨ ਪਹਿਲਾਂ ਹੰਢਿਆਇਆ (ਬਰਨਾਲਾ) ਕੋਲ ਬੱਸ ਹਾਦਸੇ ’ਚ ਜ਼ਖ਼ਮੀ ਹੋਏ ਕਿਸਾਨ ਆਗੂ ਬਸੰਤ ਸਿੰਘ ਕੋਠਾ ਗੁਰੂ ਨੇ ਦੇਰ ਰਾਤ ਇਥੇ ਏਮਸ ਹਸਪਤਾਲ ਵਿੱਚ ਦਮ ਤੋੜ ਦਿੱਤਾ। ਇਸ ਦੇ ਨਾਲ ਹੀ ਹਾਦਸੇ ’ਚ ਫ਼ੌਤ ਹੋਣ ਵਾਲਿਆਂ ਦੀ ਗਿਣਤੀ ਚਾਰ ਹੋ ਗਈ ਹੈ।
ਟੋਹਾਣਾ (ਹਰਿਆਣਾ) ਵਿਚ 4 ਜਨਵਰੀ ਨੂੰ ‘ਕਿਸਾਨ ਮਹਾਪੰਚਾਇਤ’ ਵਿੱਚ ਸ਼ਾਮਿਲ ਹੋਣ ਜਾ ਰਹੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਪਿੰਡ ਕੋਠਾ ਗੁਰੂ (ਬਠਿੰਡਾ) ਤੋਂ ਚੱਲੀ ਵਰਕਰਾਂ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਹਾਦਸੇ ’ਚ ਪਿੰਡ ਕੋਠਾ ਗੁਰੂ ਦੀਆਂ ਤਿੰਨ ਔਰਤਾਂ ਸਰਬਜੀਤ ਕੌਰ, ਜਸਵੀਰ ਕੌਰ ਅਤੇ ਬਲਵੀਰ ਕੌਰ ਦੀ ਮੌਤ ਹੋ ਗਈ ਸੀ। ਇਸੇ ਬੱਸ ’ਚ ਸਵਾਰ ਬਸੰਤ ਸਿੰਘ ਦੀ ਰੀੜ੍ਹ ਦੀ ਹੱਡੀ ਟੁੱਟ ਗਈ ਸੀ ਤੇ ਤੇ ਉਹ ਏਮਸ ’ਚ ਇਲਾਜ ਅਧੀਨ ਸੀ। ਹਾਦਸੇ ਦੇ ਜ਼ਖ਼ਮੀਆਂ ’ਚੋਂ ਕਿਸਾਨ ਕਰਮ ਸਿੰਘ ਦੀ ਹਾਲਤ ਵੀ ਗੰਭੀਰ ਹੈ ਤੇ ਉਹ ਵੀ ਏਮਸ ਬਠਿੰਡਾ ਦਾਖਲ ਹੈ।
ਬਸੰਤ ਸਿੰਘ ਜ਼ਿਲ੍ਹੇ ਦੇ ਮੀਤ ਪ੍ਰਧਾਨ ਸਨ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਬਸੰਤ ਸਿੰਘ ਦੇ ਦੇਹਾਂਤ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਦੱਸਦਿਆਂ ਕਿਹਾ ਕਿ ਉਸ ਵੱਲੋਂ ਛੱਡੇ ਅਧੂਰੇ ਕਾਰਜਾਂ ਦੀ ਪੂਰਤੀ ਲਈ ਜਥੇਬੰਦੀ ਹੋਰ ਵੀ ਤਨਦੇਹੀ ਨਾਲ ਕੰਮ ਕਰੇਗੀ।