ਕਿਸਾਨੀ ਮੁੱਦੇ ਪਹਿਲ ਦੇ ਆਧਾਰ ’ਤੇ ਹੱਲ ਹੋਣ: ਰਾਣਾ ਗੁਰਜੀਤ
ਧਿਆਨ ਸਿੰਘ ਭਗਤ
ਕਪੂਰਥਲਾ, 5 ਦਸੰਬਰ
ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਝੋਨੇ ਦੀ ਚੁਕਾਈ ਵਿੱਚ ਦੇਰੀ ਹੋਣ ਤੇ ਚਿੰਤਾ ਜਤਾਉਂਦਿਆਂ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਦੀ ਖਰੀਦ ਕਰਵਾਉਣ ਲਈ ਮੁਸ਼ਕਲਾਂ ਪੈਦਾ ਕਰਨ ਵਾਲੇ ਸਾਰੇ ਮੁੱਦਿਆਂ ਨੂੰ ਹੱਲ ਕਰਨ ਲਈ ਕਿਹਾ ਹੈ। ਵਿਧਾਇਕ ਨੇ ਕਿਹਾ ਕਿ ਕਿਸਾਨ ਫਸਲਾਂ ਦੀ ਪੈਦਾਵਾਰ ਲਈ ਸਖ਼ਤ ਮਿਹਨਤ ਕਰਦੇ ਹਨ। ਫਸਲ ਵੇਚਣ ਸਮੇਂ ਸਮੱਸਿਆਵਾਂ ਪੈਦਾ ਹੋਣ ਤੇ ਇਹ ਕਿਸਾਨਾਂ ਲਈ ਬਹੁਤ ਦੁਖਦਾਈ ਹੈ। ਰਾਣਾ ਗੁਰਜੀਤ ਸਿੰਘ ਨੇ ਸੁਝਾਅ ਦਿੰਦਿਆਂ ਕਿਹਾ ਕਿ ਕਿਸਾਨਾਂ ਕੋਲ ਝੋਨੇ ਦੀ ਵਾਢੀ ਅਤੇ ਕਣਕ ਦੀ ਕਾਸ਼ਤ ਵਿਚਕਾਰ ਬਹੁਤ ਥੋੜਾ ਸਮਾਂ ਹੁੰਦਾ ਹੈ। ਇਸ ਲਈ ਕਿਸਾਨਾਂ ਦੀ ਸਾਉਣੀ ਦੀ ਫਸਲ ਮੰਡੀਆਂ ਵਿੱਚ ਪਹੁੰਚਣ ਉੱਤੇ ਤੁਰੰਤ ਖਰੀਦੀ ਜਾਵੇ। ਉਨ੍ਹਾਂ ਇਸ ਸੀਜ਼ਨ ਵਿੱਚ ਖੇਤਾਂ ਵਿੱਚ ਫਸਲਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਵੱਡੀ ਕਮੀ ਲਈ ਕਿਸਾਨਾਂ ਅਤੇ ਰਾਜ ਏਜੰਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਮੰਡੀਆਂ ਵਿੱਚ ਝੋਨੇ ਦੀ ਕੁਲ ਆਮਦ ਘਟਣ ’ਤੇ ਚਿੰਤਾ ਜ਼ਾਹਿਰ ਕੀਤੀ। ਰਾਣਾ ਗੁਰਜੀਤ ਨੇ ਕਿਹਾ ਕਿ ਭਵਿੱਖ ਵਿੱਚ ਸ਼ੈਲਰ ਮਾਲਕਾਂ ਦੇ ਸਾਰੇ ਮਸਲੇ ਪਹਿਲਾਂ ਹੱਲ ਕੀਤੇ ਜਾਣ ਤਾਂ ਕਿ ਸੀਜ਼ਨ ਦੌਰਾਨ ਕੋਈ ਸਮੱਸਿਆ ਨਾ ਆਵੇ।