ਕਰੰਟ ਲੱਗਣ ਨਾਲ ਕਿਸਾਨ ਦੀ ਮੌਤ
ਪੱਤਰ ਪ੍ਰੇਰਕ
ਲਹਿਰਾਗਾਗਾ, 12 ਜੂਨ
ਇੱਥੇ ਅੱਜ ਨੇੜਲੇ ਪਿੰਡ ਗਾਗਾ ਦੇ ਕਿਸਾਨ ਦੀ ਖੇਤੀ ਵਿੱਚ ਕੰਮ ਕਰਦੇ ਸਮੇਂ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ। ਮ੍ਰਿਤਕ ਦੋ ਬੱਚਿਆਂ ਦਾ ਪਿਤਾ ਸੀ ਅਤੇ ਉਸ ਨੇ ਕਰੀਬ ਡੇਢ ਮਹੀਨਾ ਪਹਿਲਾਂ ਹੀ ਆਪਣੇ ਇਕਲੌਤੇ ਪੁੱਤਰ ਨੂੰ ਪੜ੍ਹਾਈ ਲਈ ਵਿਦੇਸ਼ ਭੇਜਿਆ ਹੈ ਅਤੇ ਉਨ੍ਹਾਂ ਦੀ ਧੀ ਵੀ ਅਜੇ ਕੁਆਰੀ ਹੈ। ਥਾਣਾ ਲਹਿਰਾਗਾਗਾ ਦੀ ਪੁਲੀਸ ਨੇ ਸੀਆਰਪੀਸੀ ਦੀ ਧਾਰਾ 174 ਤਹਿਤ ਕਾਰਵਾਈ ਕਰਦਿਆਂ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੂਨਕ ਭੇਜ ਦਿੱਤਾ ਹੈ। ਮ੍ਰਿਤਕ ਦੇ ਪਿਤਾ ਨਛੱਤਰ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਗੁਲਜ਼ਾਰ ਸਿੰਘ ਖੇਤੀ ਦਾ ਕੰਮ ਕਰਦਾ ਹੈ। ਜੋ ਅੱਜ ਸਵੇਰੇ ਕਰੀਬ 10 ਵਜੇ ਖੇਤ ਚੰਗਾਲੀਵਾਲਾ ਵਿੱਚ ਮੋਟਰ ਦੀ ਵਾਰੀ ਨੂੰ ਲੈ ਕੇ ਪਾਣੀ ਦੇਣ ਗਿਆ ਸੀ। ਸਾਢੇ 11 ਵਜੇ ਲਾਡੀ ਸਿੰਘ ਜੋ ਖੇਤ ਵਿੱਚ ਉਸ ਨਾਲ ਮੌਜੂਦ ਸੀ, ਨੇ ਫੋਨ ਕੀਤਾ ਕਿ ਗੁਲਜ਼ਾਰ ਸਿੰਘ ਨੂੰ ਮੋਟਰ ਚਲਾਉਂਦੇ ਸਮੇਂ ਸਟਾਰਟਰ ਵਿੱਚੋਂ ਕਰੰਟ ਲੱਗ ਗਿਆ ਹੈ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਹਿਰਾਗਾਗਾ ਲਿਆਂਦਾ ਗਿਆ, ਜਿਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਗਾਜੇਵਾਸ ਵਿੱਚ ਕਰੰਟ ਲੱਗਣ ਨਾਲ ਨੋਜਵਾਨ ਦੀ ਮੌਤ
ਸਮਾਣਾ (ਪੱਤਰ ਪ੍ਰੇਰਕ ): ਇੱਥੋਂ ਨੇੜਲੇ ਪਿੰਡ ਗਾਜੇਵਾਸ ‘ਚ ਐਤਵਾਰ ਨੂੰ ਦੁਪਹਿਰ ਸਮੇਂ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ ਹੋ ਗਈ। ਗਾਜੇਵਾਸ ਪੁਲੀਸ ਚੋੌਕੀ ਦੇ ਏਐੱਸਆਈ ਚਰਨਜੀਤ ਸਿੰਘ ਨੇ ਦੱਸਿਆ ਕਿ ਮਨਜਿੰਦਰ ਸਿੰਘ (32) ਪੁੱਤਰ ਮਿਸ਼ਰਾ ਸਿੰਘ ਵਾਸੀ ਪਿੰਡ ਗਾਜੇਵਾਸ ਦੀ ਪਤਨੀ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਪਿੰਡ ‘ਚ ਨਵੇਂ ਮਕਾਨ ਦੀ ਉਸਾਰੀ ਲਈ ਬਿਜਲੀ ਦਾ ਕੁਨੈਕਸ਼ਨ ਗੁਆਂਢੀ ਰਿਸ਼ਤੇਦਾਰ ਤੋਂ ਲਿਆ ਹੋਇਆ ਹੈ। ਕੰਮ ਕਰਦੇ ਸਮੇਂ ਉਸ ਦੇ ਪਤੀ ਦਾ ਅਚਾਨਕ ਹੱਥ ਬਿਜਲੀ ਦੀ ਤਾਰ ਨਾਲ ਛੂਹ ਗਿਆ। ਇਸ ਕਾਰਨ ਉਸ ਨੂੰ ਕਰੰਟ ਲੱਗਿਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਅਧਿਕਾਰੀ ਅਨੁਸਾਰ ਦਰਜ ਬਿਆਨਾਂ ਦੇ ਅਧਾਰ ‘ਤੇ 174 ਦੀ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾਉਣ ਉਪਰੰਤ ਮ੍ਰਿਤਕ ਦੀ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ। ਮ੍ਰਿਤਕ ਆਪਣੇ ਪਿੱਛੇ ਪਤਨੀ ਤੇ ਇਕ 4 ਸਾਲ ਦਾ ਬੱਚਾ ਛੱਡ ਗਿਆ ਹੈ।