‘120 ਬਹਾਦਰ’ ਵਿਚ ਮੇਜਰ ਸ਼ੈਤਾਨ ਸਿੰਘ ਦਾ ਕਿਰਦਾਰ ਨਿਭਾਉਣਗੇ ਫ਼ਰਹਾਨ ਅਖ਼ਤਰ
ਮੁੰਬਈ:
ਅਦਾਕਾਰ ਤੇ ਨਿਰਦੇਸ਼ਕ ਫ਼ਰਹਾਨ ਅਖ਼ਤਰ ਨੇ ਅੱਜ ਆਪਣੇ ਨਵੇਂ ਫਿਲਮ ਦੇ ਪ੍ਰਾਜੈਕਟ ‘120 ਬਹਾਦਰ’ ਦਾ ਐਲਾਨ ਕੀਤਾ ਹੈ। ਇਹ ਫਿਲਮ ਰੇਜ਼ਾਂਗ ਲਾ ਦੀ ਲੜਾਈ ’ਤੇ ਅਧਾਰਿਤ ਹੈ, ਜੋ 1962 ਵਿੱਚ ਭਾਰਤ ਨੇ ਚੀਨ ਨਾਲ ਲੜੀ ਸੀ ਤੇ ਇਸ ਵਿਚ ਭਾਰਤੀ ਫੌਜ ਦੇ ਜਵਾਨਾਂ ਨੇ ਬਹਾਦਰੀ ਨਾਲ ਦੁਸ਼ਮਣਾਂ ਦਾ ਡੱਟ ਕੇ ਮੁਕਾਬਲਾ ਕੀਤਾ ਸੀ। ਇਸ ਫਿਲਮ ਵਿਚ ਫ਼ਰਹਾਨ ਨੇ ਫੌਜੀ ਅਫਸਰ ਮੇਜਰ ਸ਼ੈਤਾਨ ਸਿੰਘ ਦਾ ਕਿਰਦਾਰ ਨਿਭਾਇਆ ਹੈ। ਫ਼ਰਹਾਨ ਨੇ ਇਸ ਫਿਲਮ ਦਾ ਅੱਜ ਇੰਸਟਾਗ੍ਰਾਮ ’ਤੇ ਪਹਿਲਾ ਪੋਸਟਰ ਸ਼ੇਅਰ ਕੀਤਾ ਹੈ। ਇਸ ਪੋਸਟਰ ਵਿੱਚ ਮੇਜਰ ਸ਼ੈਤਾਨ ਸਿੰਘ ਲੱਦਾਖ ਦੀ ਬਰਫ਼ ਨਾਲ ਲੱਦੀ ਪਹਾੜੀ ’ਤੇ ਖੜ੍ਹਾ ਦਿਖਾਈ ਦੇ ਰਿਹਾ ਹੈ। ਇਸ ਪੋਸਟਰ ਦੀ ਕੈਪਸ਼ਨ ਵਿੱਚ ਉਸ ਨੇ ਭਾਰਤੀ ਫੌਜ ਦਾ ਧੰਨਵਾਦ ਕਰਦਿਆਂ ਕਿਹਾ, ‘ਉਨ੍ਹਾਂ ਨੇ ਜੋ ਹਾਸਲ ਕੀਤਾ ਉਹ ਕਦੇ ਵੀ ਭੁਲਾਇਆ ਨਹੀਂ ਜਾਵੇਗਾ। ਮੇਰੇ ਲਈ ਇਹ ਬਹੁਤ ਸਨਮਾਨ ਵਾਲੀ ਗੱਲ ਹੈ ਕਿ ਮੈਂ ਪਰਮਵੀਰ ਚੱਕਰ ਨਾਲ ਸਨਮਾਨਿਤ ਮੇਜਰ ਸ਼ੈਤਾਨ ਸਿੰਘ ਤੇ ਚਾਰਲੀ ਕੰਪਨੀ, 13 ਕੁਮਾਉਂ ਰੈਜੀਮੈਂਟ ਦੇ ਜਵਾਨਾਂ ਦੀ ਕਹਾਣੀ ਪੇਸ਼ ਕਰ ਰਿਹਾ ਹਾਂ।’ ਇਸ ਫਿਲਮ ਦੀ ਸ਼ੂਟਿੰਗ ਵੀ ਅੱਜ ਲੱਦਾਖ ਵਿਚ ਸ਼ੁਰੂ ਹੋ ਗਈ ਹੈ, ਜਿਸ ਦਾ ਪੋਸਟਰ ਵੀ ਐਕਸਲ ਐਂਟਰਟੇਨਮੈਂਟ ਤੇ ਟ੍ਰਿਗਰ ਹੈਪੀ ਸਟੂਡੀਓਜ਼ ਨੇ ਅੱਜ ਜਾਰੀ ਕੀਤਾ ਹੈ। -ਏਐੱਨਆਈ