For the best experience, open
https://m.punjabitribuneonline.com
on your mobile browser.
Advertisement

ਫੱਗਣ ਫੁੱਲ ਖਿੜਾਵੇਗਾ...

09:58 AM Feb 24, 2024 IST
ਫੱਗਣ ਫੁੱਲ ਖਿੜਾਵੇਗਾ
Advertisement

ਜੋਗਿੰਦਰ ਕੌਰ ਅਗਨੀਹੋਤਰੀ

Advertisement

ਕੁਦਰਤ ਦੇ ਨਿਯਮ ਅਨੁਸਾਰ ਰੁੱਤਾਂ ਬਦਲਦੀਆਂ
ਹਨ। ਇਨ੍ਹਾਂ ਰੁੱਤਾਂ ਨੂੰ ਮਨੁੱਖ ਨੇ ਆਪਣੇ ਅਨੁਭਵ
ਦੇ ਆਧਾਰ ’ਤੇ ਹੀ ਵੱਖ-ਵੱਖ ਨਾਵਾਂ ਨਾਲ ਵੰਡ ਲਿਆ। ਛੇ ਰੁੱਤਾਂ ਨੂੰ ਉਸ ਨੇ ਸਾਲ ਦੇ ਬਾਰ੍ਹਾਂ ਮਹੀਨਿਆਂ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਵੰਡ ਕੇ ਆਪਣੀ ਬੁੱਧੀ ਦਾ ਸਬੂਤ ਦਿੱਤਾ ਹੈ। ਦੇਸੀ ਮਹੀਨਿਆਂ ਦਾ ਨਵਾਂ ਸਾਲ ਜਿਸ ਨੂੰ ਬਿਕਰਮੀ ਸੰਮਤ ਕਿਹਾ ਜਾਂਦਾ ਹੈ, ਇੱਕ ਵਿਸਾਖ ਨੂੰ ਸ਼ੁਰੂ ਹੋ ਜਾਂਦਾ ਹੈ ਅਤੇ ਚੇਤ ਮਹੀਨੇ ਤੱਕ ਚੱਲਦਾ ਹੈ।
ਉਂਜ ਤਾਂ ਹਰ ਮਹੀਨੇ ਦੀ ਆਪਣੀ ਆਪਣੀ ਥਾਂ ਹੈ ਪ੍ਰੰਤੂ ਫੱਗਣ ਦੇ ਮਹੀਨੇ ਦਾ ਵੀ ਮਹੱਤਵਪੂਰਨ ਸਥਾਨ ਹੈ। ਫੱਗਣ ਚੜ੍ਹਦਿਆਂ ਹੀ ਮੌਸਮ ਵਿੱਚ ਬਦਲਾਅ ਸ਼ੁਰੂ ਹੋ ਜਾਂਦਾ ਹੈ। ਠੰਢ ਦਾ ਜ਼ੋਰ ਘੱਟ ਹੋਣ ਲੱਗਦਾ ਹੈ ਅਤੇ ਹੌਲੀ-ਹੌਲੀ ਧੁੱਪ ਦਾ ਸੇਕ ਵਧਣਾ ਸ਼ੁਰੂ ਹੋ ਜਾਂਦਾ ਹੈ। ਇਸ ਮਹੀਨੇ ਵਿੱਚ ਦਿਨ ਵਧਦੇ ਹਨ ਤੇ ਰਾਤਾਂ ਛੋਟੀਆਂ ਹੁੰਦੀਆਂ ਜਾਂਦੀਆਂ ਹਨ। ਇਸ ਮਹੀਨੇ ਸ਼ਿਵਰਾਤਰੀ ਦਾ ਤਿਓਹਾਰ ਆਉਣ ’ਤੇ ਵੀ ਲੋਕ ਵੱਡੇ ਦਿਨਾਂ ਦੀ ਉਦਾਹਰਨ ਇੰਜ ਦਿੰਦੇ ਹਨ:
ਆਈ ਫੱਗਣ ਦੀ ਸ਼ਿਵਰਾਤ
ਓਡਾ ਦਿਨ ਤੇ ਓਡੀ ਰਾਤ।
ਭਾਵੇਂ ਤਿੱਥਾਂ ਦੇ ਵਧਣ ਘਟਣ ਅਤੇ ਸਾਲ ਵਿੱਚ ਲੌਂਦ ਦਾ (ਪੱਖਾਂ ਮੁਤਾਬਿਕ ਵਾਧੂ ਮਹੀਨਾ ਪ੍ਰੰਤੂ ਦਿਨ ਸਾਲ ਜਿੰਨੇ ਹੀ) ਮਹੀਨਾ ਆਉਣ ਕਰਕੇ ਤਿਓਹਾਰ ਅੱਗੇ ਪਿੱਛੇ ਹੋ ਜਾਂਦੇ ਹਨ। ਦਿਨਾਂ ਵਿੱਚ ਆਈ ਤਬਦੀਲੀ ਕਾਰਨ ਜਦੋਂ ਦਿਨ ਵੱਡੇ ਅਤੇ ਰਾਤਾਂ ਛੋਟੀਆਂ ਹੋ ਜਾਂਦੀਆਂ ਹਨ ਤਾਂ ਮਨੁੱਖ ਨੂੰ ਵੀ ਉਸੇ ਸਮੇਂ ਅਨੁਸਾਰ ਚੱਲਣਾ ਪੈਂਦਾ ਹੈ ਕਿਉਂਕਿ ਹਰ ਬੁੱਧੀਮਾਨ ਵਿਅਕਤੀ ਸੂਰਜ ਦੇ ਚੜ੍ਹਨ ਤੋਂ ਪਹਿਲਾਂ ਉੱਠਣਾ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਾ ਹੈ। ਇਸ ਸਮੇਂ ਖਾਣਾ ਖਾਣ ਵਿੱਚ ਵੀ ਬਦਲਾਅ ਆ ਜਾਂਦਾ ਹੈ। ਛੋਟੇ ਦਿਨਾਂ ਵਿੱਚ ਰੋਟੀ ਦੋ ਵਾਰ ਖਾਧੀ ਜਾਂਦੀ ਹੈ ਅਤੇ ਵੱਡੇ ਦਿਨਾਂ ਵਿੱਚ ਤਿੰਨ ਵਾਰ। ਖਾਣ ਪੀਣ ਦਾ ਸਮਾਂ ਦੋ ਤੋਂ ਤਿੰਨ ਵਾਰ ਹੋਣਾ ਇਸ ਗੱਲ ਦਾ ਸੰਕੇਤ ਦਿੰਦਾ ਹੈ ਕਿ ਵਿਅਕਤੀ ਦਾ ਖਾਣ-ਪੀਣ ਵੀ ਸਮੇਂ ’ਤੇ ਹੀ ਨਿਰਭਰ ਕਰਦਾ ਹੈ। ਸਿਆਣਿਆਂ ਦਾ ਕਥਨ ਇਸ ਗੱਲ ਦੀ ਪੁਸ਼ਟੀ ਇਉਂ ਕਰਦਾ ਹੈ:
ਫੱਗਣ ਨੂੰ ਕੀ ਜਾਣੇਗੀ
ਭਰ ਕਨਾਲਾ ਛਾਣੇਂਗੀ।
ਭਾਵ ਇਹ ਕਿ ਫੱਗਣ ਵਿੱਚ ਦਿਨ ਵੱਡੇ ਹੋਣ ਕਾਰਨ ਆਟਾ ਜ਼ਿਆਦਾ ਗੁੰਨ੍ਹਣਾ ਪਵੇਗਾ ਯਾਨੀ ਕਨਾਲੀ ਦੀ ਥਾਂ ਕਨਾਲਾ ਵਰਤਣਾ ਪਵੇਗਾ। ਕਨਾਲੀ ਪਰਾਤ ਵਰਗੀ ਹੀ ਹੁੰਦੀ ਸੀ। ਇਸ ਵਿੱਚ ਆਟਾ ਗੁੰਨ੍ਹਿਆ ਜਾਂਦਾ ਸੀ। ਪਿੱਤਲ ਦੇ ਭਾਂਡਿਆਂ ਦੀ ਆਮਦ ਤੋਂ ਪਹਿਲਾਂ ਜਾਂ ਇਸ ਦੀ ਅਣਹੋਂਦ ਕਾਰਨ ਮਿੱਟੀ ਦੇ ਭਾਂਡੇ ਵਰਤੇ ਜਾਂਦੇ ਸਨ। ਦਾਲ, ਖਿਚੜੀ, ਦਲੀਆ, ਸਾਗ ਆਦਿ ਮਿੱਟੀ ਦੇ ਕੁੱਜੇ ਵਿੱਚ ਬਣਾਇਆ ਜਾਂਦਾ ਸੀ, ਇਸ ਨੂੰ ਤਪਲਾ ਵੀ ਕਿਹਾ ਜਾਂਦਾ ਹੈ। ਲਗਭਗ ਚਾਲੀ ਸਾਲ ਪਹਿਲਾਂ ਪਿੰਡਾਂ ਵਿੱਚ ਔਰਤਾਂ ਇਸ ਕਨਾਲੀ ਨੂੰ ਕੱਪੜੇ ਧੋਣ ਲਈ ਵਰਤਦੀਆਂ ਸਨ। ਉਂਜ ਅਜਿਹੀਆਂ ਕਨਾਲੀਨੁਮਾ ਲੱਕੜ ਦੀਆਂ ਪਰਾਤਾਂ ਵੀ ਵਰਤੀਆਂ ਜਾਂਦੀਆਂ ਸਨ ਅਤੇ ਇਸ ਨਾਲ ਲੱਕੜ ਦੀ ਕੜਛੀ ਵੀ ਵਰਤੀ ਜਾਂਦੀ ਸੀ ਜਿਸ ਨੂੰ ਡੋਈ ਕਹਿੰਦੇ ਸਨ।
ਫੱਗਣ ਦੇ ਮਹੀਨੇ ਨੂੰ ਬਸੰਤ ਰੁੱਤ ਦੀ ਸ਼ੁਰੂਆਤ ਮੰਨਿਆ ਜਾਂਦਾ ਹੈ ਕਿਉਂਕਿ ਠੰਢ ਪੈਣ ਕਰਕੇ ਰੁੱਖਾਂ ਦੇ ਪੱਤੇ ਝੜ ਜਾਂਦੇ ਹਨ ਅਤੇ ਨਵਾਂ ਫੁਟਾਰਾ ਸ਼ੁਰੂ ਹੋ ਜਾਂਦਾ ਹੈ। ਆਪ ਮੁਹਾਰੇ ਧਰਤੀ ’ਤੇ ਜੜੀਆਂ ਬੂਟੀਆਂ ਅਤੇ ਘਾਹ ਉੱਗ ਪੈਂਦਾ ਹੈ। ਬੰਜਰ ਧਰਤੀ ਵੀ ਇੱਕ ਵਾਰ ਹਰੀ ਭਰੀ ਹੋ ਜਾਂਦੀ ਹੈ। ਆਪੇ ਉੱਗੀਆਂ ਬੂਟੀਆਂ ਉੱਤੇ ਰੰਗ ਬਿਰੰਗੇ ਫੁੱਲ ਨਿਕਲਦੇ ਹਨ, ਜਿਸ ਨੂੰ ਦੇਖ ਕੇ ਮਨ ਆਨੰਦਿਤ ਹੋ ਉੱਠਦਾ ਹੈ। ਪੰਛੀ ਵੀ ਖ਼ੁਸ਼ੀ ਵਿੱਚ ਆਪੋ ਆਪਣਾ ਰਾਗ ਅਲਾਪਦੇ ਹਨ। ਇਸ ਦੀ ਸ਼ੁਰੂਆਤ ਚਿੜੀਆਂ ਅਤੇ ਘੁੱਗੀਆਂ ਦੋਵੇਂ ਹੀ ਕਰਦੀਆਂ ਹਨ, ਜਦੋਂ ਇੱਕ ਘੁੱਗੀ ਬੋਲ ਕੇ ਹਟਦੀ ਹੈ ਤਾਂ ਦੂਜੀ ਘੁੱਗੀ ਬੋਲਦੀ ਹੈ ਅਤੇ ਫਿਰ ਇੱਕ ਇੱਕ ਕਰਕੇ ਬਾਕੀ ਬੋਲਦੀਆਂ ਹਨ। ਸੋ ਇਸ ਸੁੰਦਰ ਵਾਤਾਵਰਨ ਨੂੰ ਦੇਖ ਕੇ ਇਹੀ ਕਿਹਾ ਜਾਂਦਾ ਹੈ:
ਫੱਗਣ ਫੁੱਲ ਖਿੜਾਵੇਗਾ
ਸਭ ਦੇ ਮਨ ਨੂੰ ਭਾਵੇਗਾ।
ਪੰਛੀ ਖ਼ੁਸ਼ੀ ਵਿੱਚ ਨੱਚਣਗੇ
ਮੋਰ ਵੀ ਪੈਲਾਂ ਪਾਵੇਗਾ।
ਇਸ ਮਹੀਨੇ ਸਰ੍ਹੋਂ ਪੂਰੇ ਜੋਬਨ ’ਤੇ ਹੁੰਦੀ ਹੈ। ਪੀਲੇ ਪੀਲੇ ਫੁੱਲ ਬਸੰਤ ਦੇ ਦਰਸ਼ਨ ਕਰਵਾਉਂਦੇ ਹਨ। ਇਨ੍ਹੀਂ ਦਿਨੀਂ ਬਸੰਤ ਪੰਚਮੀ ਦਾ ਤਿਓਹਾਰ ਵੀ ਮਨਾਇਆ ਜਾਂਦਾ ਹੈ ਅਤੇ ਮੇਲੇ ਵੀ ਲੱਗਦੇ ਹਨ। ਬਸੰਤ ਪੰਚਮੀ ਵਾਲੇ ਦਿਨ ਲੋਕ ਪੀਲੇ ਰੰਗ ਦੇ ਕੱਪੜੇ ਪਹਿਨਦੇ ਹਨ। ਮੁੰਡੇ ਬਸੰਤੀ ਪੱਗਾਂ ਬੰਨ੍ਹਦੇ ਹਨ ਅਤੇ ਕੁੜੀਆਂ ਪੀਲੇ ਰੰਗ ਦਾ ਦੁੱਪਟਾ ਲੈਂਦੀਆਂ ਹਨ। ਇਸ ਦਿਨ ਲੋਕ ਪੀਲੇ ਰੰਗ ਦੇ ਿਮੱਠੇ ਚੌਲ ਵੀ ਬਣਾਉਂਦੇ ਹਨ। ਕਈ ਘਰਾਂ ਵਿੱਚ ਹਲਵਾ ਵੀ ਬਣਾਇਆ ਜਾਂਦਾ ਹੈ।
ਇਸ ਮਹੀਨੇ ਛੋਲਿਆਂ ਦੀ ਫ਼ਸਲ ਨੂੰ ਵੀ ਫ਼ਲ ਆਉਣਾ ਸ਼ੁਰੂ ਹੋ ਜਾਂਦਾ ਹੈ। ਚਿੱਟੇ ਛੋਲਿਆਂ ਨੂੰ ਚਿੱਟੇ ਰੰਗ ਦੇ ਫੁੱਲ ਲੱਗਦੇ ਹਨ ਅਤੇ ਕਾਲ਼ੇ ਛੋਲਿਆਂ ਨੂੰ ਗੁਲਾਬੀ ਰੰਗ ਦੇ। ਉਸ ਤੋਂ ਬਾਅਦ ਛੋਲਿਆਂ ਨੂੰ ਟਾਟੀਆ ਆ ਜਾਂਦਾ ਹੈ ਭਾਵ ਟਾਟਾਂ ਲੱਗਦੀਆਂ ਹਨ, ਜਿਨ੍ਹਾਂ ਵਿੱਚ ਦਾਣੇ ਬਣ ਕੇ ਪੱਕਦੇ ਹਨ। ਇਨ੍ਹਾਂ ਦਿਨਾਂ ਵਿੱਚ ਕਰੀਰ ਨੂੰ ਵੀ ਫੁੱਲ ਲੱਗਦੇ ਹਨ ਅਤੇ ਪਿੱਛੋਂ ਕਰੀਰ ’ਤੇ ਡੇਲੇ ਲੱਗਦੇ ਹਨ ਜਿਨ੍ਹਾਂ ਦਾ ਆਚਾਰ ਪਾ ਕੇ ਖਾਧਾ ਜਾਂਦਾ ਹੈ। ਲੋਕ ਗੀਤ ਕੁਦਰਤ ਨੂੰ ਵੀ ਆਪਣੇ ਕਲਾਵੇ ਵਿੱਚ ਲੈ ਕੇ ਉਨ੍ਹਾਂ ਦਾ ਗੁਣਗਾਨ ਕਰਦੇ ਹਨ:
ਫੱਗਣ ਮਹੀਨੇ ਮੀਂਹ ਪੈ ਜਾਂਦਾ
ਲੱਗਦਾ ਕਰੀਰੀਂ ਬਾਟਾ।
ਸਰ੍ਹੋਂ ਨੂੰ ਤਾਂ ਫੁੱਲ ਲੱਗ ਜਾਂਦੇ
ਛੋਲਿਆਂ ਨੂੰ ਪਵੇ ਪਟਾਕਾ।
ਫੱਗਣ ਦੇ ਪਿਛਲੇ ਪੱਖ ਵਿੱਚ ਪੂਰਨਮਾਸ਼ੀ ਨੂੰ ਹੋਲੀ ਦੇ ਤਿਓਹਾਰ ਵਜੋਂ ਮਨਾਇਆ ਜਾਂਦਾ ਹੈ। ਉੱਤਰ ਪ੍ਰਦੇਸ਼ ਵਿੱਚ ਬਰਸਾਨੇ ਦੀ ਹੋਲੀ ਪ੍ਰਸਿੱਧ ਹੈ ਕਿਉਂਕਿ ਇਹ ਪਿੰਡ ਰਾਧਾ ਜੀ ਦਾ ਪੇਕਾ ਪਿੰਡ ਹੈ। ਇਸ ਦਿਨ ਨੰਦ ਗਾਂਵ ਦੇ ਲੜਕੇ ਬਰਸਾਨਾ ਜਾ ਕੇ ਹੋਲੀ ਖੇਡਦੇ ਹਨ। ਪੰਜਾਬ ਵਿੱਚ ਹੋਲੀ ਦੇ ਨਾਲ- ਨਾਲ ਹੋਲਾ ਮਹੱਲਾ (ਆਨੰਦਪੁਰ ਸਾਹਿਬ) ਵੀ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ।
ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਨ੍ਹਾਂ ਦਿਨਾਂ ਵਿੱਚ ਕਣਕਾਂ ਨਿੱਸਰਦੀਆਂ ਹਨ। ਕਣਕਾਂ ਨਿੱਸਰੀਆਂ ਦੇਖ ਕੇ ਕਿਸਾਨ ਨੂੰ ਚਾਅ ਚੜ੍ਹ ਜਾਂਦਾ ਹੈ ਕਿਉਂਕਿ ਇਹ ਉਸ ਦੀ ਮਿਹਨਤ ਦਾ ਫ਼ਲ ਹੈ। ਇਸ ਦੇ ਸਹੀ ਸਲਾਮਤ ਪੱਕ ਕੇ ਘਰ ਆਉਣ ਨਾਲ ਪਰਿਵਾਰ ਦੀ ਸਭ ਤੋਂ ਵੱਡੀ ਲੋੜ ਪੂਰੀ ਹੋ ਜਾਂਦੀ ਹੈ। ਪਸ਼ੂ-ਪੰਛੀ, ਜੀਵ-ਜੰਤੂਆਂ ਲਈ ਵੀ ਇਹ ਰੁੱਤ ਖ਼ੁਸ਼ੀ ਲੈ ਕੇ ਆਉਂਦੀ ਹੈ। ਪਾਲਾ ਪੈਣ ਤੋਂ ਬਾਅਦ ਰੁੱਖ ਬਿਲਕੁਲ ਰੁੰਡ ਮਰੁੰਡ ਹੋ ਜਾਂਦੇ ਹਨ ਜਿਵੇਂ ਉਨ੍ਹਾਂ ਦੀ ਹਜ਼ਾਮਤ ਕੀਤੀ ਹੋਵੇ। ਫਿਰ ਕੁਝ ਹੀ ਦਿਨਾਂ ਵਿੱਚ ਉਨ੍ਹਾਂ ਉੱਤੇ ਨਵੇਂ ਪੱਤੇ ਆ ਜਾਂਦੇ ਹਨ। ਆਲਾ ਦੁਆਲਾ ਹਰਿਆ ਭਰਿਆ ਦੇਖ ਕੇ ਕਿਸ ਨੂੰ ਚਾਅ ਨਹੀਂ ਚੜ੍ਹਦਾ? ਪੰਛੀਆਂ ਨੂੰ ਵੀ ਨਵੇਂ ਘਰ ਬਣਾਉਣ ਦੀ ਖ਼ੁਸ਼ੀ ਚੜ੍ਹ ਜਾਂਦੀ ਹੈ। ਘੁੱਗੀਆਂ ਅਤੇ ਕਬੂਤਰ ਨਿੰਮ ਦੀਆਂ ਨਿੱਕੀਆਂ-ਨਿੱਕੀਆਂ ਡੰਡੀਆਂ, ਜੋ ਪੱਤਿਆਂ ਰਹਿਤ ਹੁੰਦੀਆਂ ਹਨ, ਨੂੰ ਆਪਣੀਆਂ ਚੁੰਝਾਂ ਨਾਲ ਚੁੱਕ ਕੇ ਆਪਣੇ ਆਲ੍ਹਣੇ ਬਣਾਉਂਦੇ ਹਨ।
ਆਮ ਕਹਾਵਤ ਹੈ ਕਿ ‘ਖੇੜੇ ਸੁੱਖ ਤਾਂ ਵਿਹੜੇ ਸੁੱਖ, ਵਿਹੜੇ ਸੁੱਖ ਤਾਂ ਘਰ ਸੁੱਖ।’ ਇਸ ਦਾ ਮਤਲਬ ਇਹ ਹੈ ਕਿ ਮਨੁੱਖ ਨੂੰ ਸਿਰਫ਼ ਆਪਣੀ ਖ਼ੁਸ਼ੀ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ ਬਲਕਿ ਦੂਜਿਆਂ ਦੀ ਖ਼ੁਸ਼ੀ ਵੀ ਮਨਾਉਣੀ ਚਾਹੀਦੀ ਹੈ। ਇਕੱਲਾ ਆਦਮੀ ਕਦੇ ਵੀ ਖ਼ੁਸ਼ ਨਹੀਂ ਰਹਿ ਸਕਦਾ। ਫੱਗਣ ਦੇ ਦਿਨਾਂ ਵਿੱਚ ਜਦੋਂ ਆਲੇ ਦੁਆਲੇ ਹਰਿਆਲੀ ਨਜ਼ਰ ਆਉਂਦੀ ਹੈ ਤਾਂ ਮਨੁੱਖ ਵੀ ਖ਼ੁਸ਼ ਹੋ ਜਾਂਦਾ ਹੈ ਅਤੇ ਉਸ ਦੇ ਅੰਦਰ ਵੀ ਨਵੀਆਂ ਖ਼ੁਸ਼ੀਆਂ ਪੁੰਗਰਦੀਆਂ ਹਨ। ਇਨ੍ਹਾਂ ਦਿਨਾਂ ਵਿੱਚ ਗੁਲਾਬੀ ਪਾਲਾ ਹੁੰਦਾ ਹੈ। ਨਾ ਜ਼ਿਆਦਾ ਗਰਮੀ ਅਤੇ ਨਾ ਹੀ ਠੰਢ ਹੁੰਦੀ ਹੈ, ਤਾਂ ਹੀ ਕਿਹਾ ਗਿਆ ਹੈ, ‘ਆਈ ਬਸੰਤ ਪਾਲਾ ਉਡੰਤ।’
ਸੰਪਰਕ: 94178-40323

Advertisement
Author Image

joginder kumar

View all posts

Advertisement
Advertisement
×