ਪੁਲੀਸ ਵੱਲੋਂ ਨਕਲੀ ਸੀਮਿੰਟ ਦੇ ਧੰਦੇ ਦਾ ਪਰਦਾਫ਼ਾਸ਼
ਪੱਤਰ ਪ੍ਰੇਰਕ
ਤਰਨ ਤਾਰਨ, 27 ਮਾਰਚ
ਸਥਾਨਕ ਥਾਣਾ ਸਿਟੀ ਦੀ ਪੁਲੀਸ ਨੇ ਨਕਲੀ ਸੀਮਿੰਟ ਦਾ ਧੰਦਾ ਕਰਦੇ ਤਿੰਨ ਮੈਂਬਰੀ ਗਰੋਹ ਦਾ ਪਰਦਾਫਾਸ਼ ਕੀਤਾ ਹੈ| ਪੁਲੀਸ ਨੇ ਕੱਲ੍ਹ ਗਰੋਹ ਦੇ ਇਕ ਮੈਂਬਰ ਨੂੰ ਨਕਲੀ ਸੀਮਿੰਟ ਨਾਲ ਲੱਦੇ ਟਰੱਕ ਸਣੇ ਗ੍ਰਿਫ਼ਤਾਰ ਕੀਤਾ ਹੈ| ਜਾਣਕਾਰੀ ਅਨੁਸਾਰ ਪੁਲੀਸ ਅਧਿਕਾਰੀ ਏਐੱਸਆਈ ਕਿਰਪਾਲ ਸਿੰਘ ਦੀ ਅਗਵਾਈ ਵਾਲੀ ਪੁਲੀਸ ਨੇ ਕੱਲ੍ਹ ਸ਼ਾਮ ਵੇਲੇ ਪਿੰਡ ਦਦੇਹਰ ਸਾਹਿਬ ਵਾਸੀ ਹਰਪਾਲ ਸਿੰਘ ਨੂੰ ਉਸ ਵੇਲੇ ਗ੍ਰਿਫ਼ਤਾਰ ਕੀਤਾ ਜਦੋਂ ਉਹ ਨਕਲੀ ਸੀਮਿੰਟ ਨਾਲ ਲੱਦਿਆ ਟਰੱਕ ਲੈ ਕੇ ਤਰਨ ਤਾਰਨ ਦੀ ਬਾਠ ਰੋਡ ’ਤੇ ਕਿਰਾਏ ’ਤੇ ਲਏ ਗੁਦਾਮ ਤੱਕ ਆ ਰਿਹਾ ਸੀ| ਗਰੋਹ ਦੇ ਦੋ ਫ਼ਰਾਰ ਮੈਂਬਰਾਂ ਵਿੱਚ ਨਿਸ਼ਾਨ ਸਿੰਘ ਅਤੇ ਜਤਿੰਦਰ ਸਿੰਘ ਕਾਲਾ ਵਾਸੀ ਐਮਾ ਮੱਲੀਆਂ ਸ਼ਾਮਲ ਹਨ| ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਤਰਨ ਤਾਰਨ ਦੀ ਬਾਠ ਰੋਡ ’ਤੇ ਗੁਦਾਮ ਕਿਰਾਏ ’ਤੇ ਲਿਆ ਹੋਇਆ ਸੀ। ਇਹ ਉਹ ਇੱਕ ਕੰਪਨੀ ਦੀਆਂ ਖਾਲੀ ਬੋਰੀਆਂ ’ਚ ਨਕਲੀ ਸੀਮਿੰਟ ਭਰ ਕੇ ਅੱਗੇ ਵੇਚਦੇ ਸਨ| ਪੁਲੀਸ ਨੂੰ ਨਕਲੀ ਸੀਮਿੰਟ ਦੀਆਂ 150 ਬੋਰੀਆਂ ਬਰਾਮਦ ਹੋਈਆਂ ਹਨ| ਪੁਲੀਸ ਨੇ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਹੈ|