ਜੱਗ ਜਿਊਂਦਿਆਂ ਦੇ ਮੇਲੇ...
ਗੁਰਬਿੰਦਰ ਸਿੰਘ ਮਾਣਕ
ਅਸਲ ਵਿੱਚ ਇਹ ਜੀਵਨ ਇੱਕ ਮੇਲੇ ਦੀ ਨਿਆਈਂ ਹੈ ਤੇ ਮੇਲਾ ਮੇਲੀਆਂ-ਗੇਲੀਆਂ ਨਾਲ ਹੀ ਚੰਗਾ ਲੱਗਦਾ ਹੈ। ਜੀਵਨ ਦਾ ਇਹ ਮੇਲਾ ਮਨੁੱਖ ਦੇ ਚੱਲਦੇ ਸਾਹਾਂ ਨਾਲ ਹੀ ਮਾਣਿਆ ਜਾ ਸਕਦਾ ਹੈ। ਕੰਮ-ਧੰਦੇ, ਮਿਹਨਤ-ਮੁਸ਼ੱਕਤ, ਵਿਆਹ-ਸ਼ਾਦੀ, ਸੁਫ਼ਨੇ-ਸੱਧਰਾਂ, ਰਿਸ਼ਤੇ-ਨਾਤੇ, ਪਿਆਰ-ਮੁਹੱਬਤ, ਸਾਂਝਾਂ-ਸਕੀਰੀਆਂ, ਦੁਖ-ਸੁਖ, ਸੈਰ-ਸਫ਼ਰ, ਰੌਣਕਾਂ-ਮੇਲੇ ਗੱਲ ਕੀ ਜੀਵਨ ਨਾਲ ਜੁੜੀ ਹਰ ਸਰਗਰਮੀ ਜੀਵਨ ਤੋਰ ਦੇ ਚੱਲਦਿਆਂ ਤੇ ਜਿਊਂਦਿਆਂ ਨਾਲ ਹੀ ਮਾਣਨ ਦਾ ਸਬੱਬ ਬਣਦਾ ਹੈ। ਅਸਲ ਵਿੱਚ ਮਾਨਵੀ ਜ਼ਿੰਦਗੀ ਦਾ ਯਥਾਰਥ ਬਹੁਤ ਕਰੂਰ ਹੈ। ਮਨੁੱਖੀ ਜੀਵਨ ਬਹੁਤ ਛੋਟਾ ਹੈ ਤੇ ਧਰਤੀ ’ਤੇ ਵਿਚਰਦਿਆਂ ਮਨੁੱਖ ਦੇ ਦਾਈਏ ਬਹੁਤ ਵੱਡੇ ਹੁੰਦੇ ਹਨ। ਆਸਾਂ-ਉਮੰਗਾਂ ਤੇ ਸੁਫ਼ਨੇ-ਸੱਧਰਾਂ ਨੂੰ ਸਾਕਾਰ ਕਰਨ ਵਿੱਚ ਮਨੁੱਖ ਸਾਰਾ ਜੀਵਨ ਹਫਿਆ ਹੋਇਆ ਦੌੜਿਆ ਰਹਿੰਦਾ ਹੈ। ਮਨਾਂ ਦੇ ਕਈ ਵਲਵਲੇ, ਸੱਜਣਾਂ, ਪਿਆਰਿਆਂ ਤੇ ਸਾਕਾਂ-ਸਕੀਰੀਆਂ ਨੂੰ ਮਿਲਣ-ਗਿਲਣ ਦੀ ਇੱਛਾ ਕਈ ਵਾਰ ਜੀਵਨ ਦੀਆਂ ਦੁਸ਼ਵਾਰੀਆਂ ਦੀ ਭੇਂਟ ਚੜ੍ਹ ਜਾਂਦੀ ਹੈ।
ਜ਼ਿੰਦਗੀ ਦੇ ਸਾਹਾਂ ਨੂੰ ਚੱਲਦਾ ਰੱਖਣ ਲਈ, ਮਨੁੱਖ ਨੂੰ ਜਿਹੜੀ ਮਿਹਨਤ-ਮੁਸ਼ੱਕਤ ਕਰਨੀ ਪੈਂਦੀ ਹੈ, ਉਸ ਦਾ ਕੋਈ ਹੱਦ-ਬੰਨ੍ਹਾ ਨਹੀਂ ਹੈ। ਖੇਤੀਬਾੜੀ ਦਾ ਧੰਦਾ ਤਾਂ ਹੈ ਹੀ ਅਜਿਹਾ ਕਿ ਇਸ ਵਿੱਚੋਂ ਕਦੇ ਵਿਹਲ ਮਿਲਦੀ ਹੀ ਨਹੀਂ। ਇੱਥੇ ਤਾਂ ਇਹ ਹਾਲਤ ਹੈ ਕਿ ਛੋਟੇ ਹੁੰਦੇ ਖੇਡਦਿਆਂ ਇੱਕ ਗੀਤ ਦੀਆਂ ਸਤਰਾਂ ਬੋਲਿਆ ਕਰਦੇ ਸਾਂ ਕਿ ‘ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ।’ ਉਦੋਂ ਇਹਦੇ ਅਰਥਾਂ ਦਾ ਪਤਾ ਨਹੀਂ ਸੀ ਜੋ ਹੁਣ ਸਮਝ ਆਉਂਦਾ ਹੈ। ਜੀਵਨ ਜਿਊਣ ਦੀਆਂ ਦੁਸ਼ਵਾਰੀਆਂ ਨਾਲ ਜੂਝਦਾ ਮਨੁੱਖ ਇੱਕ ਕੰੰਮ ਛੱਡਦਾ ਹੈ ਤਾਂ ਦੂਜਾ ਤਿਆਰ ਹੁੰਦਾ ਹੈ। ਪੁਰਾਣੇ ਸਮਿਆਂ ਵਿੱਚ ਤਾਂ ਬਹੁਤੇ ਲੋਕ ਹਮੇਸ਼ਾਂ ਕੰੰਮ ਵਿੱਚ ਰੁੱਝੇ ਰਹਿੰਦੇ ਸਨ। ਮਨ ਵਿੱਚ ਇਹੀ ਤਾਂਘ ਹੁੰਦੀ ਸੀ ਕਿ ਮੇਲੇ ’ਤੇ ਚੱਲਾਂਗੇ ਤੇ ਖ਼ੂਬ ਮੌਜਾਂ ਮਾਣਾਂਗੇ। ਦੋਸਤਾਂ, ਮਿੱਤਰਾਂ ਪਿਆਰਿਆਂ ਨੂੰ ਵੀ ਮਿਲਣ-ਗਿਲਣ ਦਾ ਇਹੀ ਸਬੱਬ ਹੁੰਦਾ ਸੀ।
ਅਸਲ ਵਿੱਚ ਆਪਣੇ ਦੋਸਤਾਂ-ਮਿੱਤਰਾਂ ਤੇ ਰਿਸ਼ਤੇਦਾਰੀਆਂ ਨਾਲ ਮੇਲ-ਮਿਲਾਪ, ਗੱਲਾਂ-ਬਾਤਾਂ, ਦੁਖ-ਸੁਖ ਸਾਂਝੇ ਕਰਨੇ ਮਨੁੱਖੀ ਮਨ ਨੂੰ ਅਨੇਕਾਂ ਤਲਖੀਆਂ ਤੇ ਪਰੇਸ਼ਾਨੀਆਂ ਦੇ ਬਾਵਜੂਦ ਜਿਊਣ ਦੇ ਚਾਅ ਨਾਲ ਭਰੀ ਰੱਖਦੇ ਹਨ। ਮਨੁੱਖ, ਧਰਤੀ ਉੱਤੇ ਕੇਵਲ ਕੰਮ ਕਰਨ ਤੇ ਖਾਣ-ਪੀਣ ਲਈ ਹੀ ਨਹੀਂ ਆਉਂਦਾ, ਸਗੋਂ ਸਮਾਜਿਕ ਪ੍ਰਾਣੀ ਹੋਣ ਦੇ ਨਾਲ ਆਪਣੇ ਆਲੇ-ਦੁਆਲੇ ਵਸੇ ਲੋਕਾਂ, ਸਾਕਾਂ-ਸਕੀਰੀਆਂ ਤੇ ਹੋਰ ਅਨੇਕਾਂ ਲੋਕਾਂ ਦੇ ਸੰਪਰਕ ਵਿੱਚ ਆ ਕੇ ਜੀਵਨ ਦੀ ਤੋਰ ਨੂੰ ਸੁਖਾਵਾਂ ਬਣਾਉਣ ਦੇ ਯਤਨ ਵੀ ਕਰਦਾ ਹੈ। ਦੁੱਖ, ਤਕਲੀਫ਼, ਪਰੇਸ਼ਾਨੀ ਤੇ ਮੌਤ ਦੇ ਸਦਮੇ ਵਿੱਚ ਫਸੇ ਮਨੁੱਖ ਨੂੰ ਦੂਜਿਆਂ ਵੱਲੋਂ ਮਿਲੇ ਹੌਸਲੇ, ਹਮਦਰਦੀ ਤੇ ਸੰਵੇਦਨਾ ਨਾਲ ਜਿਹੜੀ ਸ਼ਕਤੀ ਮਿਲਦੀ ਹੈ, ਉਹ ਉਸ ਦੇ ਮਨ ਦੀ ਢਹਿੰਦੀ ਕਲਾ ਨੂੰ ਦੂਰ ਕਰਕੇ ਚੜ੍ਹਦੀ ਕਲਾ ਤੇ ਹਿੰਮਤ ਦੇ ਰਾਹ ਤੋਰ ਦਿੰਦੀ ਹੈ। ਇਕੱਲਿਆਂ ਤਾਂ ਮਨੁੱਖ ਖ਼ੁਸ਼ੀ ਵੀ ਨਹੀਂ ਮਨਾ ਸਕਦਾ। ਜੱਗ ਵਿੱਚ ਜਿਊਂਦਿਆਂ ਮਨੁੱਖ ਦੂਜਿਆਂ ਨਾਲ ਮੇਲ-ਮਿਲਾਪ ਤੇ ਸਾਂਝ ਪਾ ਕੇ ਹੀ ਆਪਣੇ ਮਨ ਦੀ ਖ਼ੁਸ਼ੀ ਨੂੰ ਦੂਣ-ਸਵਾਇਆ ਕਰ ਸਕਦਾ ਹੈ।
ਇਸ ਜਹਾਨ ਦਾ ਮੇਲਾ ਤਾਂ ਜਿਊਂਦੇ ਜੀਅ ਹੀ ਹੈ, ਮਰਨ ਪਿੱਛੋਂ ਭਲਾਂ ਕਿਹਨੂੰ ਕੁਝ ਯਾਦ ਰਹਿੰਦਾ ਹੈ। ਪੁਰਾਣੇ ਵੇਲਿਆਂ ਵਿੱਚ ਲੋਕ ਦੂਰ-ਦਰਾਡੇ ਵੀ ਮਿਲਣ ਦੀ ਤਾਂਘ ਵਿੱਚ ਰਾਤ-ਬਰਾਤੇ ਤੇ ਪੈਰੀਂ ਤੁਰ ਕੇ ਕਈ ਕਈ ਮੀਲਾਂ ਦਾ ਸਫ਼ਰ ਝੱਲ ਕੇ ਵੀ ਰਿਸ਼ਤੇਦਾਰੀਆਂ ਨੂੰ ਨਿਵਾਜਦੇ ਸਨ। ਪ੍ਰਾਹੁਣਚਾਰੀ ਵਿੱਚ ਜਾਣ ਦਾ ਬਹੁਤ ਚਾਅ ਹੁੰਦਾ ਸੀ। ਜਦੋਂ ਮਿਲਿਆਂ ਕਦੇ ਵੱਧ ਸਮਾਂ ਹੋ ਜਾਣਾ ਤਾਂ ਇੱਕ ਦੂਜੇ ਨੂੰ ਗਿਲੇ, ਸ਼ਿਕਵੇ ਤੇ ਨਹੋਰਿਆਂ ਨਾਲ ਇਹ ਅਹਿਸਾਸ ਕਰਾਉਣਾ ਕਿ ਰਿਸ਼ਤੇਦਾਰੀਆਂ ਤਾਂ ਮਿਲਣ-ਗਿਲਣ ਦੀਆਂ ਹੀ ਹੁੰਦੀਆਂ ਹਨ। ਵਿਆਹ-ਸ਼ਾਦੀਆਂ ਤੇ ਮਰਨਿਆਂ-ਪਰਨਿਆਂ ’ਤੇ ਜਾਣਾ ਤਾਂ ਲੋਕ ਆਪਣਾ ਫਰਜ਼ ਸਮਝਦੇ ਹੀ ਸਨ ਪਰ ਇਸ ਤੋਂ ਬਿਨਾਂ ਵੀ ਇੱਕ ਦੂਜੇ ਦੇ ਮਨ ਵਿੱਚ ਮਿਲਣ ਦੀ ਤਾਂਘ ਹੁੰਦੀ ਸੀ। ਲੋਕ ਆਪਣੇ ਕੰਮਾਂਕਾਰਾਂ ਵਿੱਚੋਂ ਏਨਾ ਕੁ ਸਮਾਂ ਕੱਢ ਹੀ ਲੈਂਦੇ ਸਨ ਕਿ ਸਾਕਾਂ-ਸਕੀਰੀਆਂ ਨਾਲ ਮਿਲ-ਗਿਲ ਕੇ ਦੁਖ-ਸੁਖ ਸਾਂਝੇ ਕਰ ਲਈਏ।
ਅਜੋਕੀ ਜ਼ਿੰਦਗੀ ਬਹੁਤ ਤੇਜ਼ ਦੌੜਨ ਲੱਗ ਪਈ ਹੈ। ਤੇਜ਼ ਰਫ਼ਤਾਰ ਸਾਧਨਾਂ ਦੇ ਬਾਵਜੂਦ ਹਰ ਕੋਈ ਸਮਾਂ ਨਾ ਹੋਣ ਦੀ ਦੁਹਾਈ ਪਾਉਂਦਾ ਹੈ। ਨਵੇਂ ਯੁੱਗ ਦੇ ਤਕਨੀਕੀ ਸਾਧਨਾਂ ਮੋਬਾਈਲ, ਕੰਪਿਊਟਰ ਤੇ ਇੰਟਰਨੈੱਟ ਨੇ ਦੁਨੀਆ ਬਹੁਤ ਛੋਟੀ ਕਰ ਦਿੱਤੀ ਹੈ। ਹੁਣ ਰਿਸ਼ਤੇਦਾਰੀਆਂ ਵਿੱਚ ਮਿਲਣ-ਗਿਲਣ ਜਾਣ ਦਾ ਰੁਝਾਨ ਬਹੁਤ ਘੱਟ ਗਿਆ ਹੈ। ਨੇੜਲੇ ਰਿਸ਼ਤਿਆਂ ਵਿੱਚ ਵੀ ਹੁਣ ਪ੍ਰਾਹੁਣੇ ਬਣ ਕੇ ਜਾਣ ਦੀ ਇੱਛਾ ਮਨਾਂ ਵਿੱਚੋਂ ਮਨਫੀ ਹੋ ਗਈ ਹੈ। ਅਜੋਕੇ ਸਮਿਆਂ ਵਿੱਚ ਤਾਂ ਮੁਲਾਕਾਤਾਂ ਹੁਣ ਮੋਬਾਈਲ ’ਤੇ ਹੀ ਹੁੰਦੀਆਂ ਹਨ। ਕਿਸੇ ਬਿਮਾਰ-ਠਮਾਰ ਦਾ ਪਤਾ ਵੀ ਹੁਣ ਫੋਨ ’ਤੇ ਹੀ ਲੈ ਲਿਆ ਜਾਂਦਾ ਹੈ। ਅਸਲ ਵਿੱਚ ਬਦਲ ਰਹੇ ਸਮਿਆਂ ਨੇ ਜ਼ਿੰਦਗੀ ਨੂੰ ਮੁੱਢੋਂ-ਸੁੱਢੋਂ ਹੀ ਬਦਲ ਕੇ ਰੱਖ ਦਿੱਤਾ ਹੈ। ਰਿਸ਼ਤੇ-ਨਾਤੇ ਤੇ ਮੂੰਹ-ਮਲਾਹਜ਼ੇ ਵੀ ਹੁਣ ਬਣਾਉਟੀ ਜਿਹੇ ਹੀ ਬਣ ਕੇ ਰਹਿ ਗਏ ਹਨ। ਮਨਾਂ ਵਿੱਚੋਂ ਮਿਲਣ-ਗਿਲਣ ਦੀਆਂ ਤਾਂਘਾਂ ਪਹਿਲਾਂ ਜਿਹੀਆਂ ਨਹੀਂ ਰਹੀਆਂ। ਰਿਸ਼ਤੇ-ਨਾਤੇ, ਦੋਸਤੀਆਂ, ਵਫ਼ਾਦਾਰੀਆਂ ਵੀ ਹੁਣ ਨਿੱਜੀ ਸਵਾਰਥਾਂ ਦੀਆਂ ਹੀ ਰਹਿ ਗਈਆਂ ਹਨ।
ਜੇਕਰ ਰਿਸ਼ਤੇਦਾਰੀ ਵਿੱਚ ਕੋਈ ਜਾਣ ਦਾ ਵੀ ਸੋਚੇ ਤਾਂ ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ। ਪਹਿਲਾਂ ਫੋਨ ’ਤੇ ਪਤਾ ਲੈਣਾ ਪੈਂਦਾ ਹੈ ਕਿ ਤੁਸੀਂ ਅੱਜ ਘਰ ਹੀ ਹੋ। ਅਗਲਾ ਆਪਣੀ ਸਹੂਲਤ ਅਨੁਸਾਰ ਹੀ ਤੁਹਾਨੂੰ ਸਮਾਂ ਦੇਣ ਜਾਂ ਨਾ ਦੇਣ ਬਾਰੇ ਗੱਲ ਕਰਦਾ ਹੈ। ਹੁਣ ਪ੍ਰਾਹੁਣਚਾਰੀ ਵਿੱਚ ਵੀ ਕਿਸੇ ਕੋਲ ਲੰਮਾ ਸਮਾਂ ਬੈਠਣ ਦੀ ਵਿਹਲ ਨਹੀਂ ਹੈ। ਚਾਹ-ਪਾਣੀ ਪੀਣ ਤੱਕ ਹੀ ਗੱਲਾਂ-ਬਾਤਾਂ ਮੁੱਕ ਜਾਂਦੀਆਂ ਹਨ ਤੇ ਫਿਰ ਦੋਵੇਂ ਧਿਰਾਂ ਇੱਕ ਦੂਜੇ ਵੱਲ ਦੇਖਣ ਲੱਗ ਜਾਂਦੀਆਂ ਹਨ ਕਿ ਹੁਣ ਕਿਹੜਾ ਉੱਠਣ ਦੀ ਪਹਿਲ ਕਰਦਾ ਹੈ। ਸਮਿਆਂ ਦੀਆਂ ਤਲਖ ਹਕੀਕਤਾਂ ਦੀ ਬਦੌਲਤ ਪਹਿਲਾਂ ਵਰਗਾ ਪਿਆਰ-ਮੁਹੱਬਤ, ਮਿਲਵਰਤਣ ਤੇ ਸਾਂਝ ਵੀ ਲੋਪ ਹੁੰਦੀ ਜਾ ਰਹੀ ਹੈ। ਸਾਲਾਂ-ਬੱਧੀ ਵੀ ਕਿਸੇ ਦੇ ਨਾ ਮਿਲਣ ਦਾ ਹੁਣ ਕਿਸੇ ਮਨ ਵਿੱਚ ਕੋਈ ਮਲਾਲ ਨਹੀਂ ਹੁੰਦਾ। ਹੁਣ ਕਿਸੇ ਕੋਲ ਕਿਸੇ ਨੇੜਲੀ ਤੋਂ ਨੇੜਲੀ ਰਿਸ਼ਤੇਦਾਰੀ ਵਿੱਚ ਵੀ ਰਾਤ ਰਹਿਣ ਦੀ ਤਾਂਘ ਨਹੀਂ ਰਹੀ। ਅਜੋਕੇ ਸਮੇਂ ਵਿੱਚ ਵਿਆਹ-ਸ਼ਾਦੀਆਂ ਵੀ ਕੁਝ ਘੰਟਿਆਂ ਤੱਕ ਸਿਮਟ ਕੇ ਰਹਿ ਗਈਆਂ ਹਨ। ਕਈ ਵਾਰ ਤਾਂ ਜਿਹਦੇ ਘਰ ਵਿਆਹ ਹੁੰਦਾ ਹੈ, ਉਸ ਨਾਲ ਮੁਲਾਕਾਤ ਹੀ ਨਹੀਂ ਹੁੰਦੀ। ਬਹੁਤੇ ਲੋਕ ਖਾਣ-ਪੀਣ ਵਿੱਚ ਹੀ ਮਸਤ ਹੁੰਦੇ ਹਨ ਤੇ ਸ਼ਗਨ ਦਾ ਲਿਫ਼ਾਫ਼ਾ ਕਿਸੇ ਨੁੰ ਫੜਾ ਕੇ ਪਰਤ ਆਉਂਦੇ ਹਨ।
ਅਸਲ ਵਿੱਚ ਜ਼ਿੰਦਗੀ ਦੇ ਮੇਲੇ ਦੀ ਭੀੜ ਵਿੱਚ ਮਨੁੱਖ ਗੁਆਚਿਆ ਹੋਇਆ ਹੈ। ਜੀਵਨ ਦੀਆਂ ਦੁਸ਼ਵਾਰੀਆਂ ਦੇ ਝਮੇਲੇ ਵਿੱਚ ਉਲਝਿਆ ਮਨੁੱਖ ਹਫਿਆ ਹੋਇਆ ਦੋੜਿਆ ਜਾ ਰਿਹਾ ਹੈ। ਉਸ ਕੋਲ ਤਾਂ ਆਪਣੇ ਮਨ ਦੀਆਂ ਗੁੰਝਲਾਂ ਨੂੰ ਫਰੋਲਣ ਦੀ ਵਿਹਲ ਨਹੀਂ ਹੈ। ਉਹ ਖਿਝਦਾ, ਤੜਫ਼ਦਾ ਅੰਦਰ ਹੀ ਅੰਦਰ ਕਈ ਸਰੀਰਕ ਤੇ ਮਾਨਸਿਕ ਰੋਗਾਂ ਦਾ ਸ਼ਿਕਾਰ ਬਣ ਰਿਹਾ ਹੈ। ਅੱਗੇ ਲੋਕ ਆਪਣੇ ਮਨ ਦੇ ਭਾਰ ਨੂੰ ਨੇੜਲੇ ਰਿਸ਼ਤਿਆਂ ਨਾਲ ਸਾਂਝਾ ਕਰਕੇ ਹੌਲਾ ਕਰ ਲੈਂਦਾ ਸੀ ਪਰ ਹੁਣ ਤਾਂ ਉਹ ਆਪਣੇ ਮਨ ਦੇ ਖੋਲ ਤੱਕ ਹੀ ਸਿਮਟ ਕੇ ਰਹਿ ਗਿਆ ਹੈ। ਸਮਾਜਿਕ ਪ੍ਰਾਣੀ ਹੋਣ ਦੇ ਨਾਤੇ ਮਨੁੱਖ ਨੇ ਸਮਾਜ ਵਿੱਚ ਵਿਚਰ ਕੇ ਹੀ ਜ਼ਿੰਦਗੀ ਦੇ ਰਾਹਾਂ ’ਤੇ ਅੱਗੇ ਵਧਣਾ ਹੁੰਦਾ ਹੈ। ਖਪਤ-ਸੱਭਿਆਚਾਰ ਦੀ ਜਕੜ ਵਿੱਚ ਆਇਆ ਮਨੁੱਖ ਇਕਲਾਪੇ ਦੀ ਜੂਨ ਹੰਢਾਅ ਰਿਹਾ ਹੈ। ਜਿਉਂ ਜਿਉਂ ਮਨੁੱਖ ਰਿਸ਼ਤੇ-ਨਾਤਿਆਂ, ਆਂਢ-ਗੁਆਂਢ ਤੇ ਹੋਰ ਮਿੱਤਰਾਂ-ਬੇਲੀਆਂ ਤੋਂ ਦੂਰ ਹੁੰਦਾ ਜਾ ਰਿਹਾ ਹੈ, ਤਿਉਂ ਤਿਉਂ ਕਈ ਸੰਕਟਾਂ ਦਾ ਸ਼ਿਕਾਰ ਹੋ ਰਿਹਾ ਹੈ। ਮੇਲੇ-ਗੇਲੇ ਤਾਂ ਜਿਊਂਦਿਆਂ ਤੱਕ ਹੀ ਸੀਮਤ ਹਨ।
ਕਈ ਵਾਰ ਬੰਦਾ ਕਿਸੇ ਪਿਆਰੇ ਨੂੰ ਮਿਲਣ ਦੀਆਂ ਤਾਂਘਾਂ ਰੱਖਦਾ ਹੋਇਆ ਵੀ ਵਕਤ ਦੇ ਹੱਥੋਂ ਬੇਵੱਸ ਹੋ ਜਾਂਦਾ ਹੈ। ਫਿਰ ਜਦੋਂ ਪਤਾ ਲੱਗਦਾ ਹੈ ਕਿ ਫਲਾਣਾ ਤਾਂ ਉਸ ਰਾਹ ਤੁਰ ਗਿਆ ਹੈ, ਜਿੱਥੋਂ ਕਦੇ ਕੋਈ ਵਾਪਸ ਨਹੀਂ ਪਰਤਦਾ, ਤਾਂ ਮਨ ਨੁੰ ਡਾਢੀ ਠੇਸ ਲੱਗਦੀ ਹੈ। ਫਿਰ ਮਨੁੱਖ ਆਪਣੇ ਆਪ ਨੂੰ ਕੋਸਦਾ ਹੈ ਕਿ ਮੈਂ ਜਿਊਂਦੇ ਜੀਅ ਉਸ ਨੂੰ ਕਿਉਂ ਨਹੀਂ ਮਿਲ ਸਕਿਆ। ਕਈ ਵਾਰ ਮਨੁੱਖ ਆਪਣੀ ਜ਼ਿੰਦਗੀ ਦੇ ਝਮੇਲਿਆਂ ਵਿੱਚ ਏਨਾ ਉਲਝ ਜਾਂਦਾ ਹੈ ਕਿ ਪਤਾ ਉਦੋਂ ਹੀ ਲੱਗਦਾ ਹੈ ਜਦੋਂ ਕਈ ਕੀਮਤੀ ਲਾਲ ਮਿੱਟੀ ਹੋ ਜਾਂਦਾ ਹੈ। ਫਿਰ ਤਾਂ ਪੱਲੇ ਇਹੀ ਸ਼ਿਕਵਾ ਰਹਿ ਜਾਂਦਾ ਹੈ ਕਿ ‘ਨਹੀਂਓਂ ਲੱਭਣੇ ਲਾਲ ਗੁਆਚੇ, ਮਿੱਟੀ ਨਾ ਫਰੋਲ ਜੋਗੀਆ।’
ਮਨਾਂ ਦੇ ਵੈਰ-ਵਿਰੋਧ ਵੀ ਉਦੋਂ ਤੱਕ ਹੀ ਹਨ ਜਦੋਂ ਤੱਕ ਜ਼ਿੰਦਗੀ ਦਾ ਮੇਲਾ ਚੱਲਦਾ ਹੈ। ਬੇਸ਼ੁਮਾਰ ਲੋਕ ਹਨ ਜਿਹੜੇ ਜੀਵਨ ਦਾ ਵੱਡਾ ਹਿੱਸਾ ਦੂਜਿਆਂ ਪ੍ਰਤੀ ਨਫ਼ਰਤ, ਸਾੜਾ ਤੇ ਵੈਰ-ਵਿਰੋਧ ਵਿੱਚ ਹੀ ਗੁਜ਼ਾਰ ਕੇ ਇਸ ਜਹਾਨ ਤੋਂ ਰੁਖ਼ਸਤ ਹੋ ਜਾਂਦੇ ਹਨ। ਵਿਚਾਰਾਂ ਦਾ ਟਕਰਾਅ ਹੋਣਾ ਕੋਈ ਵੱਡੀ ਗੱਲ ਨਹੀਂ ਹੈ। ਹਰ ਕਿਸੇ ਦਾ ਵੱਖਰਾ ਨਜ਼ਰੀਆ ਹੋ ਸਕਦਾ ਹੈ ਪਰ ਦੂਜੇ ਦੀ ਗੱਲ ਨਾ ਸੁਣਨੀ ਤੇ ਆਪਣੇ ਅੜੀਅਲ ਵਤੀਰੇ ਨਾਲ ਉੱਚੀ ਬੋਲ ਕੇ ਆਪਣੇ ਆਪ ਨੂੰ ਸਹੀ ਸਾਬਤ ਕਰਨਾ, ਸਹੀ ਨਹੀਂ ਕਿਹਾ ਜਾ ਸਕਦਾ। ਰੋਜ਼ੀ-ਰੋਟੀ ਦੀਆਂ ਦੁਸ਼ਵਾਰੀਆਂ ਵਿੱਚ ਉਲਝੇ ਵਿਦੇਸ਼ਾਂ ਵਿੱਚ ਗਏ ਅਨੇਕਾਂ ਲੋਕ, ਕਈ ਵਾਰ ਮਨ ਦੀ ਇੱਛਾ ਹੁੰਦਿਆਂ ਵੀ ਆਪਣੇ ਪਿਆਰਿਆਂ ਨੁੰ ਮਿਲਣ ਤੋਂ ਰਹਿ ਜਾਂਦੇ ਹਨ। ਕਈ ਵਾਰ ਤਾਂ ਅਜਿਹੇ ਦੁਖਾਂਤ ਵਾਪਰਦੇ ਹਨ ਕਿ ਬੁੱਢੇ ਮਾਂ-ਬਾਪ ਵੀ ਆਪਣੇ ਬੱਚਿਆਂ ਨੂੰ ਦੇਖਣ ਦੀ ਆਸ ਵਿੱਚ ਇਸ ਜਹਾਨੋਂ ਰੁਖ਼ਸਤ ਹੋ ਜਾਂਦੇ ਹਨ। ਇੱਕ ਦੂਜੇ ਨਾਲ ਮੇਲਾ-ਗੇਲਾ ਤੇ ਮਨ ਦੀਆਂ ਗੱਲਾਂ-ਬਾਤਾਂ ਕਰਕੇ ਜਿਹੜੀ ਖ਼ੁਸ਼ੀ ਮਿਲਦੀ ਹੈ, ਉਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਔਖਾ ਹੈ।
ਸੰਪਰਕ: 98153-56086