ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰੂਹ, ਰਿਸ਼ਤਿਆਂ ਅਤੇ ਰਵਾਇਤਾਂ ਦੇ ਰੂਬਰੂ

07:33 AM Sep 29, 2023 IST

ਡਾ. ਧਰਮਪਾਲ ਸਾਹਿਲ

Advertisement

ਪੁਸਤਕ ਪੜਚੋਲ

ਉੱਘੇ ਕਵੀ ਤੇ ਨਬਿੰਧ ਲੇਖਕ ਪ੍ਰੋ. ਕੁਲਵੰਤ ਸਿੰਘ ਔਜਲਾ ਦੇ ਨਬਿੰਧਾਂ ਦੀ ਪੁਸਤਕ ‘ਕਵਿਤਾ ਵਰਗੀਆਂ ਧੀਆਂ’ ਦੇ 33 ਨਬਿੰਧਾਂ ਦੇ ਪਾਠ ਕਰਨ ਉਪਰੰਤ ਪਤਾ ਲੱਗਦਾ ਹੈ ਕਿ ਪ੍ਰੋ. ਔਜਲਾ ਨੂੰ ਜਿੰਨਾ ਆਬੂਰ ਕਵਿਤਾ ’ਤੇ ਹਾਸਿਲ ਹੈ, ਓਨਾ ਹੀ ਵਾਰਤਕ ’ਤੇ ਵੀ। ਮੂਲ ਤੌਰ ’ਤੇ ਕਵੀ ਹੋਣ ਕਰਕੇ ਇਨ੍ਹਾਂ ਨਬਿੰਧਾਂ ਦੀ ਸ਼ੈਲੀ ਵਿਚ ਕਾਵਿਕਤਾ ਹੈ। ਤਾਰਕਿਕਤਾ, ਗੰਭੀਰਤਾ, ਵਾਸਤਵਿਕਤਾ, ਸੂਖ਼ਮਤਾ, ਸੰਵੇਦਨਸ਼ੀਲਤਾ, ਦਾਰਸ਼ਨਿਕਤਾ ਹੈ। ਨਜ਼ਰੀਏ ਦੀ ਭਿੰਨਤਾ, ਵਿਗਿਆਨਕਤਾ ਅਤੇ ਵਿਸ਼ਲੇਸ਼ਣਾਤਮਕਤਾ ਹੈ। ਇਨ੍ਹਾਂ ਨਬਿੰਧਾਂ ਨੂੰ ਪੜ੍ਹਦਿਆਂ ਇਕੋ ਸਮੇਂ ਕਵਿਤਾ, ਕਥਾ, ਸੰਸਮਰਣ, ਸਫ਼ਰਨਾਮਾ ਅਤੇ ਰੇਖਾ ਚਿੱਤਰਾਂ ਵਰਗੀ ਰੌਚਕਤਾ ਤੇ ਲੈਆਤਮਕਤਾ ਨਾਲ ਸਰਾਬੋਰ ਹੋਇਆ ਪਾਠਕ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਰੂਬਰੂ ਹੁੰਦਾ ਹੈ। ਪੰਜਾਬ ’ਚੋਂ ਉੱਠ ਕੇ ਵਿਦੇਸ਼ਾਂ ਵਿਚ ਵੱਸੇ ਮਿੰਨੀ ਪੰਜਾਬ ਦੇ ਹਾਈਬਰਿਡ ਕਲਚਰ ਵਿਚ ਵਿਚਰਣ ਲੱਗਦਾ ਹੈ। ਔਜਲਾ ਆਪਣਾ ਸੰਦੇਸ਼ ਦੇਣ ਤੇ ਮਨ ਦੀ ਗੱਲ ਕਹਿਣ ਲਈ ਆਪਣੇ ਹੀ ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ ਸੱਜਣਾਂ-ਸਨੇਹੀਆਂ ਨੂੰ ਪਾਤਰ ਵਜੋਂ ਪੇਸ਼ ਕਰਕੇ ਸਕਾਰਾਤਮਕ ਪ੍ਰਭਾਵ ਦਿੰਦਾ ਹੈ। ਸਮਕਾਲ ਦੇ ਕਰੂਰ ਯਥਾਰਥ ਦਾ ਵਰਨਣ ਕਰਦਿਆਂ ਉਹ ਬੇਬਾਕ ਤੇ ਨਿਰਦਈ ਢੰਗ ਨਾਲ ਹਾਲਾਤ ਦਾ ਪੋਸਟਮਾਰਟਮ ਕਰਦਾ, ਸਮੱਸਿਆ ਦੀਆਂ ਡੂੰਘੀਆਂ ਪਰਤਾਂ ਫਰੋਲਦਾ ਹੈ। ਪਾਠਕ ਨੂੰ ਸ਼ੀਸ਼ਾ ਵਿਖਾਲਦਾ ਅਤੇ ਉਨ੍ਹਾਂ ਲੋਕਾਂ ਦੇ ਚਿਹਰਿਆਂ ਨੂੰ ਬੇਨਕਾਬ ਕਰਦਾ ਹੈ ਜਿਹੜੇ ਅਜਿਹੇ ਨਿੱਘਰੇ ਹੋਏ ਹਾਲਾਤ ਲਈ ਜ਼ਿੰਮੇਵਾਰ ਹਨ।
ਇਨ੍ਹਾਂ ਨਬਿੰਧਾਂ ਨੂੰ ਪੜ੍ਹਦਿਆਂ ਪਾਠਕ ਅਜੋਕੇ ਵੰਨ-ਸੁਵੰਨੇ ਵਿਸ਼ਿਆਂ ਦੇ ਰੂਬਰੂ ਹੁੰਦਾ ਹੈ ਜਿਹੜੇ ਉਸ ਦੇ ਨਿੱਜ ਅਤੇ ਆਲੇ-ਦੁਆਲੇ ਦੇ ਸਰੋਕਾਰਾਂ ਨਾਲ ਜੁੜੇ ਹੋਏ ਹਨ। ਸਾਡੇ ਸਮਾਜ ਵਿਚ ਧੀਆਂ ਦੀ ਹੋਂਦ, ਮਾਂ ਬਾਰੇ ਧਾਰਨਾ, ਪਤਨੀ ਦੀ ਭੂਮਿਕਾ, ਰਿਸ਼ਤਿਆਂ ਦੀ ਮਹੱਤਤਾ, ਪਰਵਾਸ ਦੀ ਪੀੜ, ਉੱਥੇ ਜਾ ਕੇ ਆਪਣੇ ਘਰ ਪਰਿਵਾਰ ਦਾ ਉਦਰੇਵਾਂ, ਨਵੀਂ ਪੀੜ੍ਹੀ ਦੀ ਵਿਦੇਸ਼ਾਂ ਵੱਲ ਦੌੜ, ਡਿਜੀਟਲਾਈਜੇਸ਼ਨ ਦੇ ਯੁੱਗ ਵਿਚ ਮੋਬਾਈਲ-ਇੰਟਰਨੈੱਟ ਦੇ ਮੱਕੜਜਾਲ ਵਿਚ ਫਸਿਆ ਮਨੁੱਖ, ਬਜ਼ੁਰਗਾਂ ਪ੍ਰਤੀ ਉਪਰਾਮਤਾ, ਪੁਸਤਕਾਂ ਦੀ ਲੋੜ ਤੇ ਪੁਸਤਕ ਸੱਭਿਆਚਾਰ ਦੀ ਉਪਯੋਗਤਾ, ਭੌਤਿਕਤਾ ਤੇ ਪ੍ਰਦਰਸ਼ਨ ਦੀ ਦੌੜ ਵਿਚ ਕਰਜ਼ਿਆਂ ਹੇਠ ਦੱਬੇ ਕਿਸਾਨਾਂ ਵੱਲੋਂ ਕੀਤੀਆਂ ਜਾਂਦੀਆਂ ਖ਼ੁਦਕੁਸ਼ੀਆਂ, ਦਹਿਸ਼ਤ ਤੇ ਖੌਫ਼ਜ਼ਦਾ ਮਾਹੌਲ ਤੋਂ ਮੁਕਤੀ ਦੀ ਆਸ, ਪਰਵਾਸੀ ਹੋਏ ਪਰਿੰਦਿਆਂ ਮਗਰੋਂ ਸੁੰਨੇ ਵਿਲਕਦੇ ਆਲ੍ਹਣੇ, ਸੱਤਾ ਦੇ ਆਪਹੁਦਰੇਪਣ ਖਿਲਾਫ਼ ਆਵਾਜ਼ ਬੁਲੰਦ ਕਰਨੀ, ਸਿਮਰਤੀਆਂ ਸੰਗ ਸੰਵਾਦ, ਹੰਕਾਰਿਆ ਹੋਇਆ ਵਰਤਮਾਨ, ਗੁਆਚਿਆ ਵਿਰਸਾ, ਆਪਣੇ ਖਾਣ-ਪਾਣ, ਰਹਿਣ-ਸਹਿਣ, ਗੀਤ-ਸੰਗੀਤ, ਕਥਨੀ-ਕਰਨੀ ਤੋਂ ਦੂਰ ਹੁੰਦਾ ਪੰਜਾਬ ਆਦਿ ਭਖਦੇ ਮਸਲਿਆਂ ਵੱਲ ਧਿਆਨ ਖਿੱਚਿਆ ਹੈ। ਇਨ੍ਹਾਂ ਨਬਿੰਧਾਂ ਵਿਚਲੀ ਸੋਚ ਉਡਾਰੀ ਬੇਸ਼ੱਕ ਨਿੱਕੀ ਹੈ, ਪਰ ਅੰਬਰਾਂ ਨੂੰ ਛੂਹਣਾ ਇਸ ਦਾ ਨਿਸ਼ਾਨਾ ਹੈ। ਇਹ ਸਾਰੇ ਨਬਿੰਧ ਪ੍ਰੋ. ਔਜਲਾ ਦੇ ਆਪਣੇ ਅਨੁਭਵਾਂ, ਜ਼ਿੰਦਗੀ ਦੀ ਘਾਲਣਾ ਤੋਂ ਉਪਜੇ ਹਨ। ਲੇਖਕ ਦਾ ਤਜਰਬੇ ਦਾ ਵਹਿਣ ਚੜ੍ਹੇ ਹੋਏ ਦਰਿਆ ਵਰਗਾ ਹੈ। ਸਮੇਂ ਦੀ ਨਬਜ਼ ’ਤੇ ਉਂਗਲ ਧਰਦਿਆਂ, ਸ਼ਬਦਾਂ ਦੇ ਨਸ਼ਤਰ ਨਾਲ ਯਥਾਰਥ ਦੀਆਂ ਪਰਤਾਂ ਉਤਾਰੀਆਂ ਗਈਆਂ ਹਨ। ਲੇਖਕ ਅਤੀਤ ਦਾ ਪੱਲਾ ਫੜ ਕੇ ਵਰਤਮਾਨ ਦੇ ਨਾਲ ਤੁਰਦਿਆਂ ਭਵਿੱਖ ਦੀ ਬਾਤ ਪਾਉਂਦਾ ਪਾਠਕਾਂ ਨੂੰ ਅਗਾਊਂ ਹੀ ਸੁਚੇਤ ਕਰਦਾ ਜਾਂਦਾ ਹੈ। ਥਾਂ-ਥਾਂ ’ਤੇ ਲੇਖਕ ਦਾ ਜ਼ਿੰਦਗੀ, ਸਮਾਜ ਤੇ ਦੇਸ਼ ਪ੍ਰਤੀ ਆਪਣਾ ਫਲਸਫ਼ਾ ਵੀ ਡੁੱਲ੍ਹ-ਡੁੱਲ੍ਹ ਪੈਂਦਾ ਹੈ।
ਬਿਨਾ ਸ਼ੱਕ ਕਵਿਤਾ ਸਾਨੂੰ ਬਾਹਰਲੇ ਤੋਂ ਅੰਦਰਲੇ ਸੰਸਾਰ ਵੱਲ ਲੈ ਜਾਂਦੀ ਹੈ ਤੇ ਗਲਪ ਅੰਦਰ ਤੋਂ ਬਾਹਰਲੀ ਦੁਨੀਆ ਦੇ ਰੂਬਰੂ ਕਰਾਉਂਦਾ ਹੈ। ਲੇਕਨਿ ਪ੍ਰੋ. ਔਜਲਾ ਦੇ ਸਾਰੇ ਹੀ ਨਬਿੰਧ ਪਾਠਕ ਨੂੰ ਮਨ ਦੀ ਚੇਤਨਾ ਦੇ ਡੂੰਘੇ ਸਰੋਵਰਾਂ ’ਚ ਟੁੱਭੀ ਲਗਵਾਉਂਦੇ, ਸਮਾਜਿਕ ਚੇਤਨਾ ਦੇ ਪ੍ਰਵਾਹ ਨਾਲ ਜੋੜਨ ਵਿਚ ਕਾਮਯਾਬ ਹੁੰਦੇ ਹਨ। ਇਨ੍ਹਾਂ ਨਬਿੰਧਾਂ ਵਿਚ ਲੇਖਕ ਨੇ ਆਪਣੀ ਜੀਵਨ ਯਾਤਰਾ ਦੀ ਜਲਾਵਤਨੀ ਅਤੇ ਜੀਵਨ ਘਾਲਣਾ ਨਾਲ ਜਜ਼ਬਾਤੀ ਸਾਂਝ ਵੀ ਪੁਆਈ ਹੈ।
ਲੇਖਕ ਦੀ ਭਾਸ਼ਾ ਸ਼ੈਲੀ ਕਮਾਲ ਦੀ ਹੈ। ਸ਼ਬਦ ਚੋਣ, ਮੁਹਾਵਰੇ ਅਤੇ ਗੱਲ ਨੂੰ ਪੁਖ਼ਤਾ ਬਣਾਉਣ ਲਈ ਥਾਂ-ਥਾਂ ’ਤੇ ਢੁੱਕਵੀਆਂ ਕਾਵਿ ਸਤਰਾਂ ਨੇ ਸੋਨੇ ’ਤੇ ਸੁਹਾਗੇ ਵਾਲੀ ਗੱਲ ਕੀਤੀ ਹੈ। ਨਿਸ਼ਚਿਤ ਤੌਰ ਤੇ ‘ਕਵਿਤਾ ਵਰਗੀਆਂ ਧੀਆਂ’ ਪੜ੍ਹ ਕੇ ਪਾਠਕ ਡੂੰਘੇ ਗਿਆਨ, ਮਹੱਤਵਪੂਰਣ ਸੂਚਨਾਵਾਂ, ਸਮਾਜਿਕ ਸਰੋਕਾਰਾਂ, ਅੰਦਰਲੇ ਤੇ ਬਾਹਰਲੇ ਸੰਸਾਰ ਦੀਆਂ ਡੂੰਘੀਆਂ ਰਮਜ਼ਾਂ ਨਾਲ ਸਰਸ਼ਾਰ ਹੋਣਗੇ। ਪਾਠਕਾਂ ਦੇ ਸ਼ਬਦ ਤੇ ਗਿਆਨ ਭੰਡਾਰ ਵਿਚ ਚੋਖਾ ਵਾਧਾ ਹੋਵੇਗਾ। ਇਸ ਪੁਸਤਕ ਦੇ ਆਈਨੇ ਵਿਚ ਪਾਠਕ ਆਪਣਾ ਅਸਲ ਅਕਸ ਵੇਖ ਕੇ ਆਪਣੇ ਨਾਲ ਸੰਵਾਦ ਰਚਾਉਣ ਲਈ ਮਜਬੂਰ ਹੋਵੇਗਾ।
ਸੰਪਰਕ: 98761-56964

Advertisement

Advertisement