ਸ਼ਾਮ ਸਿੰਘ ਨਾਲ ਰੂਬਰੂ ਅਤੇ ਕਵੀ ਦਰਬਾਰ
ਪ੍ਰਿੰ. ਹਰੀ ਕਿਸ਼ਨ ਮਾਇਰ
ਬਰੈਂਪਟਨ:
ਇੱਥੋਂ ਦੀ ਸਪ੍ਰਿੰਗ ਡੇਲ ਲਾਇਬ੍ਰੇਰੀ ਵਿੱਚ ਪੰਜਾਬੀ ਕਲਮਾਂ ਦਾ ਕਾਫ਼ਲਾ, ਟੋਰਾਂਟੋ ਵੱਲੋਂ ਸਾਹਿਤਕ ਮਿਲਣੀ ਕਰਵਾਈ ਗਈ। ਇਸ ਦੌਰਾਨ ‘ਪੰਜਾਬੀ ਟ੍ਰਿਬਿਊਨ’ ਵਿੱਚ ਲੰਬਾ ਸਮਾਂ ‘ਅੰਗ ਸੰਗ’ ਕਾਲਮ ਲਿਖਣ ਵਾਲੇ ਪੱਤਰਕਾਰ ਸ਼ਾਮ ਸਿੰਘ ਨਾਲ ਰੂਬਰੂ ਕਰਵਾਈ ਗਈ। ਨਿਰਮਲ ਜਸਵਾਲ ਨੇ ਸ਼ਾਮ ਸਿੰਘ ਦੀ ਜਾਣ ਪਛਾਣ ਕਰਾਉਂਦਿਆਂ, ਉਨ੍ਹਾਂ ਦੇ ਪੱਤਰਕਾਰੀ ਸਮੇਂ ਦੌਰਾਨ ‘ਅੰਗ ਸੰਗ’ ਕਾਲਮ ਦੇ ਸੰਦਰਭ ’ਚ ਗੱਲਾਂ ਬਾਤਾਂ ਕੀਤੀਆਂ। ਰਛਪਾਲ ਕੌਰ ਗਿੱਲ ਵੱਲੋਂ ਸਾਹਿਤਕ ਕਾਫ਼ਲੇ ਦੇ ਇਤਿਹਾਸ ਬਾਰੇ ਸੰਖੇਪ ਵਿੱਚ ਚਾਨਣਾ ਪਾਇਆ ਗਿਆ।
ਆਪਣੇ ਰੂਬਰੂ ਦੌਰਾਨ ਸ਼ਾਮ ਸਿੰਘ ਨੇ ਆਪਣੀ ਪੱਤਰਕਾਰੀ ਦੇ ਸਫ਼ਰ ਬਾਰੇ ਗੱਲ ਕਰਦਿਆਂ ਦੱਸਿਆ ਕਿ ਪੱਤਰਕਾਰੀ ਉਸ ਦੇ ਖੂਨ ਵਿੱਚ ਹੀ ਰਚੀ ਹੋਈ ਸੀ। ਜਦੋਂ ਉਹ ਛੋਟਾ ਹੁੰਦਾ ਪਿੰਡ ਵਿੱਚ ਰਹਿੰਦਾ ਸੀ ਤਾਂ ਉਹ ਪਿੰਡ ਦੀਆਂ ਖ਼ਬਰਾਂ ਕਾਗਜ਼ ’ਤੇ ਲਿਖ ਕੇ ‘ਦੁਵਰਕਾ’ ਮਿੱਤਰਾਂ ਦੋਸਤਾਂ ਵਿੱਚ ਵੰਡਿਆ ਕਰਦਾ ਸੀ। ਇਹ ਦੁਵਰਕਾ ‘ਪਿੰਡਾਂ ਦਾ ਅਖ਼ਬਾਰ’ ਹੀ ਹੁੰਦਾ ਸੀ। ਆਪਣੇ ਕਾਲਮ ‘ਅੰਗਸੰਗ’ ਬਾਰੇ ਉਸ ਨੇ ਦੱਸਿਆ ਕਿ ਪਾਠਕ ‘ਅੰਗ ਸੰਗ’ ਕਾਲਮ ਨੂੰ ਬੜਾ ਪਸੰਦ ਕਰਦੇ ਸਨ। ਇਹ ਕਾਲਮ ਪੰਜ ਸਾਲ ‘ਨਵਾਂ ਜ਼ਮਾਨਾ’ ਅਖ਼ਬਾਰ ਵਿੱਚ ਵੀ ਛਪਦਾ ਰਿਹਾ ਹੈ। ਵੱਖ ਵੱਖ ਦੇਸ਼ਾਂ ਵਿੱਚ ਹੁੰਦੀਆਂ ਵਿਸ਼ਵ ਪੰਜਾਬੀ ਕਾਨਫਰੰਸਾਂ ਬਾਰੇ ਟਿੱਪਣੀ ਕਰਦਿਆਂ ਸ਼ਾਮ ਸਿੰਘ ਨੇ ਕਿਹਾ ਕਿ ਇਨ੍ਹਾਂ ਕਾਨਫਰੰਸਾਂ ਦੇ ਸਿੱਟੇ ਸਾਰਥਕ ਨਿਕਲਣੇ ਚਾਹੀਦੇ ਹਨ।
ਦਲਵੀਰ ਸਿੰਘ ਕਥੂਰੀਆ ਨੇ ਅਗਲੇ ਮਹੀਨੇ ਕਰਵਾਈ ਜਾ ਰਹੀ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਸਭ ਲੇਖਕਾਂ ਨੂੰ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਪ੍ਰੋਗਰਾਮ ਦੇ ਦੂਜੇ ਸੈਸ਼ਨ ਵਿੱਚ ਕਵੀ ਦਰਬਾਰ ਦੀ ਸ਼ੁਰੂਆਤ ਹਰਮੇਸ਼ ਜੀਂਦੋਵਾਲ ਦੇ ਤਰੰਨੁਮ ਵਿੱਚ ਗਾਏ ਗੀਤ ਨਾਲ ਹੋਈ। ਡਾ. ਮਹਿੰਦਰ ਸਿੰਘ ਗਿੱਲ ਨੇ ਇੱਕ ਨਜ਼ਮ ਪੜ੍ਹੀ। ਜਤਿੰਦਰ ਰੰਧਾਵਾ ਨੇ ‘ਤੂੰ ਮਿਲੇਂ ਕਿਤੇ’, ਦੀਦਾਰ ਸਿੰਘ ਪ੍ਰਦੇਸੀ ਨੇ ਹਾਸਰਸ ਕਵਿਤਾ, ਜਸਵਿੰਦਰ ਸੰਧੂ ਨੇ ‘ਮੈਂ ਤਾਂ ਸੱਚ ਹੀ ਬੋਲੂੰਗਾ’ ਨਜ਼ਮ, ਬਲਜਿੰਦਰ ਸੇਖੋਂ ਨੇ ਮਜ਼ਦੂਰ ਦਿਵਸ ’ਤੇ ਇੱਕ ਨਜ਼ਮ ਅਤੇ ਗੁਰਬਚਨ ਸਿੰਘ ਚਿੰਤਕ ਨੇ ‘ਦੋਸਤੀ’ ਕਵਿਤਾ ਪੇਸ਼ ਕੀਤੀ।
ਪ੍ਰਿੰ. ਸਰਵਣ ਸਿੰਘ ਨੇ ‘ਝਗੜਾ ਚਾਹ ਤੇ ਲੱਸੀ’ ਆਪਣੇ ਅੰਦਾਜ਼ ਵਿੱਚ ਪੇਸ਼ ਕੀਤਾ। ਬਲਦੇਵ ਸਿੰਘ ਢੀਂਡਸਾ, ਹਰਦਿਆਲ ਸਿੰਘ ਝੀਤਾਂ ਨੇ ‘ਮੈਂ ਕੀ ਲੈਣਾ’, ਰਛਪਾਲ ਕੌਰ ਗਿੱਲ ਨੇ ਆਪਣੀ ਕਵਿਤਾ ‘ਪ੍ਰਦੇਸਣ’, ਨਿਰਮਲ ਜਸਵਾਲ ਅਤੇ ਗੁਰਜਿੰਦਰ ਸਿੰਘ ਰੰਧਾਵਾ ਨੇ ਵੀ ਕਵਿਤਾਵਾਂ ਪੜ੍ਹੀਆਂ। ਆਤਮਾ ਸਿੰਘ ਆਲਮਗੀਰ ਨੇ ਧਾਰਮਿਕ ਕਵਿਤਾ, ਪ੍ਰਭਜੋਤ ਸਿੰਘ ਕਠੋਰ ਨੇ ਸ਼ਿਵ ਕੁਮਾਰ ਦੀ ਕਵਿਤਾ ਗਾ ਕੇ ਸੁਣਾਈ। ਇਸ ਦੌਰਾਨ ਪੂਰਨ ਸਿੰਘ ਪਾਂਧੀ ਤੇ ਪਿਆਰਾ ਸਿੰਘ ਕੁੱਦੋਵਾਲ ਨੇ ਵੀ ਨਜ਼ਮਾਂ ਨਾਲ ਹਾਜ਼ਰੀ ਲਵਾਈ। ਡਾ. ਗੁਰਚਰਨ ਸਿੰਘ ਤੂਰ, ਕਿਰਪਾਲ ਸਿੰਘ ਪੰਨੂੰ, ਹਰਜਿੰਦਰ ਸਿੰਘ ਸਿੱਧੂ, ਸੁੱਚਾ ਸਿੰਘ ਮਾਂਗਟ, ਮਨਮੋਹਨ ਸਿੰਘ ਗੁਲਾਟੀ, ਅਜਮੇਰ ਸਿੰਘ ਪ੍ਰਦੇਸੀ, ਬਲਦੇਵ ਰਹਿਪਾ, ਸੁਰਜੀਤ ਸਿੰਘ ਸਰਾਂ, ਗੁਰਦੀਪ ਲਿੰਘ ਬਰਾੜ, ਡਾ. ਜਗਜੀਵਨ ਕੌਰ ਧਾਲੀਵਾਲ, ਜਸਪ੍ਰੀਤ ਸਿੰਘ, ਪ੍ਰਿੰਸਪਾਲ ਸਿੰਘ, ਪੀ.ਐੱਸ. ਭਾਟੀਆ, ਗੁਰਦੇਵ ਸਿੰਘ ਮਾਨ, ਚਰਨਜੀਤ ਕੌਰ ਗਿੱਲ, ਹੀਰਾ ਲਾਲ ਅਗਨੀਹੋਤਰੀ ਨੇ ਵੀ ਰਚਨਾਵਾਂ ਉੱਪਰ ਬਹਿਸ ਵਿੱਚ ਹਿੱਸਾ ਲਿਆ।