ਸਾਹਿਤ ਸਮਾਗਮ ਵਿੱਚ ਗੁਰਵਿੰਦਰ ਅਮਨ ਨਾਲ ਰੂ-ਬ-ਰੂ
ਪੱਤਰ ਪ੍ਰੇਰਕ
ਪਟਿਆਲਾ, 13 ਜੁਲਾਈ
ਸਾਹਿਤ ਅਕੈਡਮੀ ਪਟਿਆਲਾ ਵੱਲੋਂ ਵਰਲਡ ਪੰਜਾਬੀ ਸੈਂਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੰਜਾਬੀ ਦੇ ਪ੍ਰਸਿੱਧ ਲੇਖਕ ਡਾ. ਗੁਰਵਿੰਦਰ ਅਮਨ ਨਾਲ ਰੂ-ਬ-ਰੂ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਡਾ. ਭੀਮ ਇੰਦਰ ਸਿੰਘ ਨੇ ਕੀਤੀ। ਮੁੱਖ ਮਹਿਮਾਨ ਵਜੋਂ ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਅਤੇ ਵਿਸ਼ੇਸ਼ ਮਹਿਮਾਨ ਗੁਰਦਰਸ਼ਨ ਸਿੰਘ ਗੁਸੀਲ ਸਨ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਾਹਿਤ ਅਕਾਦਮੀ ਪਟਿਆਲਾ ਦੇ ਪ੍ਰਧਾਨ ਡਾ. ਅਮਰਜੀਤ ਸਿੰਘ ਨੇ ਇਸ ਸਨਮੁਖ ਸੰਵਾਦ ਦੇ ਉਦੇਸ਼ ਬਾਰੇ ਦੱਸਦਿਆਂ ਕਿਹਾ ਕਿ ਕਿਸੇ ਵੀ ਲੇਖਕ ਦੀ ਰਚਨਾ ਦੀਆਂ ਅੰਤਰ ਦ੍ਰਿਸ਼ਟੀ ਦੀ ਪਹਿਚਾਣ ਲਈ ਅਜਿਹੇ ਸੰਵਾਦ ਦਾ ਬਹੁਤ ਵੱਡਾ ਮਹੱਤਵ ਹੈ। ਡਾ. ਅਮਨ ਨੇ ਆਪਣੀ ਜ਼ਿੰਦਗੀ ਅਤੇ ਆਪਣੀਆਂ ਕਿਰਤਾਂ ਦੇ ਬਾਰੇ ਬਹੁਤ ਹੀ ਵਿਸਤਾਰ ਪੂਰਵਕ ਚਾਨਣਾ ਪਾਉਂਦਿਆਂ ਸਰੋਤਿਆਂ ਨਾਲ ਆਪਣੇ ਜੀਵਨ ਦੇ ਵੱਖੋ ਵੱਖ ਅਨੁਭਵਾਂ ਬਾਰੇ ਦੱਸਦਿਆਂ ਆਪਣੀਆਂ ਕਵਿਤਾਵਾਂ ਅਤੇ ਮਿਨੀ ਕਹਾਣੀਆਂ ਵੀ ਸਾਂਝੀਆਂ ਕੀਤੀਆਂ। ਬਾਅਦ ਵਿੱਚ ਸਾਬਕਾ ਡਾਇਰੈਕਟਰ ਆਲ ਇੰਡੀਆ ਰੇਡੀਓ ਅਮਰਜੀਤ ਵੜੈਚ, ਡਾ. ਸੁਰਜੀਤ ਸਿੰਘ ਖ਼ੁਰਮਾ, ਡਾ ਹਰਪ੍ਰੀਤ ਰਾਣਾ, ਤੇਜਿੰਦਰ ਫਰਵਾਹੀ ਅਤੇ ਹੋਰ ਲੇਖਕਾਂ ਨੇ ਡਾ. ਅਮਨ ਨਾਲ ਆਪਣੇ ਸਵਾਲ ਸਾਂਝੇ ਕੀਤੇ।