ਪੰਜਾਬ ਦੀਆਂ ਜ਼ਮੀਨਾਂ ’ਤੇ ਕਾਰਪੋਰੇਟ ਘਰਾਣਿਆਂ ਦੀ ਅੱਖ: ਚੱਠਾ
ਸਤਨਾਮ ਸਿੰਘ ਸੱਤੀ
ਸੁਨਾਮ ਊਧਮ ਸਿੰਘ ਵਾਲਾ, 20 ਨਵੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਸੁਨਾਮ ਦੀ ਭਰਵੀਂ ਮੀਟਿੰਗ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਦੀ ਅਗਵਾਈ ਹੇਠ ਹੋਈ। ਚੱਠਾ ਨੇ ਕਿਹਾ ਕਿਸਾਨ ਸੰਯੁਕਤ ਮੋਰਚਾ (ਗੈਰ ਰਾਜਨੀਤਕ ਭਾਰਤ) ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਦੇਸ਼ਿਵਆਪੀ ਚੱਲ ਰਹੇ ਅੰਦੋਲਨ ਨੂੰ ਹੋਰ ਤਿੱਖਾ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ 26 ਨਵੰਬਰ ਨੂੰ ਕਿਸਾਨੀ ਤੇ ਕਿਸਾਨਾਂ ਨੂੰ ਬਚਾਉਣ ਵਾਲੀਆਂ 13 ਮੰਗਾਂ ਮੰਨਵਾਉਣ ਲਈ ਮਰਨ ਵਰਤ ’ਤੇ ਬੈਠਣਗੇ।
ਰਣ ਸਿੰਘ ਚੱਠਾ ਨੇ ਅੱਜ ਪੰਜਾਬ ਦੇ ਹਰੇਕ ਕਿਸਾਨ-ਮਜ਼ਦੂਰ, ਦੁਕਾਨਦਾਰ, ਮੁਲਾਜ਼ਮ ਨੂੰ ਮੋਰਚੇ ਦਾ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਕੇਂਦਰ ਸਰਕਾਰ ਪੰਜਾਬ ਦੀਆਂ ਜ਼ਮੀਨਾਂ ਨੌਕਰੀਆਂ ਅਤੇ ਕਾਰੋਬਾਰ ਤੇ ਕਾਰਪੋਰੇਟ ਘਰਾਣਿਆਂ ਨੂੰ ਕਾਬਜ਼ ਕਰਵਾਉਣਾ ਚਾਹੁੰਦੀ ਹੈ। ਅੱਜ ਦੀ ਬਲਾਕ ਪੱਧਰੀ ਮੀਟਿੰਗ ਵਿੱਚ ਕਿਸਾਨਾਂ ਵੱਲੋਂ ਫ਼ੈਸਲਾ ਕੀਤਾ ਗਿਆ ਕਿ ਮੋਰਚੇ ਵਿੱਚ ਪਹਿਲਾਂ ਨਾਲੋਂ 10 ਗੁਣਾਂ ਗਿਣਤੀ ਬਲਾਕ ਸੁਨਾਮ ਵੱਲੋਂ ਦਿਨ ਰਾਤ ਦੀ ਵਧਾਈ ਜਾਵੇਗੀ। ਚੱਠਾ ਨੇ ਕਿਹਾ ਕਿ 24, 25 ਨਵੰਬਰ ਤੱਕ ਖਨੌਰੀ ਬਾਰਡਰ ’ਤੇ ਵੱਡੇ-ਵੱਡੇ ਜਥੇ ਮਾਂਵਾਂ ਭੈਣਾਂ ਤੇ ਕਿਸਾਨਾਂ-ਮਜ਼ਦੂਰਾਂ ਅਤੇ ਨੌਜਵਾਨ ਭਰਾਵਾਂ ਦੇ ਪਿੰਡਾਂ ਵਿੱਚੋਂ ਜਾਣਗੇ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਕਿਸਾਨਾਂ ਤੇ ਪਰਾਲੀ ਦੇ ਪਾਏ ਪਰਚੇ ’ਤੇ ਕੀਤੀਆਂ ਰੈੱਡ ਐਂਟਰੀਆਂ ਵਾਪਸ ਲਵੇ ਨਹੀਂ ਤਾਂ ਅਗਲਾ ਵੱਡਾ ਅੰਦੋਲਨ ਸਰਕਾਰ ਦੀ ਧੱਕੇਸ਼ਾਹੀ ਖ਼ਿਲਾਫ਼ ਹੋਵੇਗਾ।
ਸਰਕਾਰਾਂ ਦੀ ਧੱਕੇਸ਼ਾਹੀ ਖ਼ਿਲਾਫ਼ ਡਟਣ ਦਾ ਐਲਾਨ
ਲਹਿਰਾਗਾਗਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਬਲਾਕ ਲਹਿਰਾਗਾਗਾ-ਮੂਨਕ ਦੀ ਮੀਟਿੰਗ ਬਲਾਕ ਪ੍ਰਧਾਨ ਮੱਖਣ ਸਿੰਘ ਪਾਪੜਾ ਦੀ ਅਗਵਾਈ ਹੇਠ ਗੁਰਦੁਆਰਾ ਭਗਤ ਧੰਨਾ ਜੱਟ ਗੁਰੂਘਰ ਲਹਿਰਾਗਾਗਾ ਵਿਖੇ ਹੋਈ। ਮੀਟਿੰਗ ’ਚ ਸੂਬਾ ਆਗੂ ਦਿਲਬਾਗ ਸਿੰਘ ਹਰੀਗੜ੍ਹ ਵਿਸ਼ੇਸ਼ ਤੌਰ ’ਤੇ ਪਹੁੰਚੇ ਤੇ ਕਿਹਾ ਸਰਕਾਰਾਂ ਦੀ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਕਿਉਂਕਿ ਕੇਂਦਰ ਤੇ ਸੂਬਾ ਸਰਕਾਰਾਂ ਜਾਣ ਬੁੱਝ ਕੇ ਕਿਸਾਨਾਂ ਨੂੰ ਬਰਬਾਦ ਕਰਨ ਤੇ ਤੁਲੀਆਂ ਹੋਈਆਂ ਹਨ। ਹਰੀਗੜ੍ਹ ਨੇ ਕਿਹਾ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ 23 ਫਸਲਾਂ ’ਤੇ ਐੱਮਐੱਸਪੀ ਦੀ ਗਾਰੰਟੀ ਕਾਨੂੰਨ, ਕਿਸਾਨਾਂ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਆਫ਼ੀ ਸਮੇਤ ਕਿਸਾਨ ਮਜ਼ਦੂਰਾਂ ਦੀਆਂ 12 ਮੰਗਾਂ ਦੀ ਪੂਰਤੀ ਲਈ ਚੱਲ ਰਹੇ ਕਿਸਾਨੀ ਅੰਦੋਲਨ ਨੂੰ 279 ਦਿਨ ਹੋ ਚੁੱਕੇ ਹਨ ਤੇ ਜਥੇਬੰਦੀ ਦੇ ਕਿਸਾਨ ਸ਼ੰਭੂ ਤੇ ਖਨੌਰੀ ਬਾਰਡਰ ’ਤੇ ਡਟੇ ਹੋਏ ਹਨ। ਜਥੇਬੰਦੀ ਵੱਲੋਂ ਸ਼ੰਭੂ ਬਾਰਡਰ ’ਤੇ ਵੀ ਕਰੋ ਜਾਂ ਮਰੋ ਦੀ ਨੀਤੀ ਨਾਲ ਘੋਲ ਨੂੰ ਅੱਗੇ ਵਧਾਇਆ ਜਾਵੇਗਾ।