ਅੱਖਾਂ ਦਾਨ ਕਰਨ ਸਬੰਧੀ ਪੰਦਰਵਾੜਾ ਮਨਾਇਆ
ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 5 ਸਤੰਬਰ
ਸਬ ਡਿਵੀਜ਼ਨਲ ਹਸਪਤਾਲ ਬਲਾਚੌਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਲਵਿੰਦਰ ਮਾਨ ਦੀ ਅਗਵਾਈ ਹੇਠ ਅੱਖਾਂ ਦਾਨ ਕਰਨ ਸਬੰਧੀ ਪੰਦਰਵਾੜਾ ਮਨਾਇਆ ਗਿਆ। ਡਾ. ਕੁਲਵਿੰਦਰ ਮਾਨ ਨੇ ਕਿਹਾ ਕਿ ਇਸ ਪੰਦਰਵਾੜੇ ਦੌਰਾਨ ਲੋਕਾਂ ਨੂੰ ਅੱਖਾਂ ਦੀ ਮਹੱਤਤਾ ਬਾਰੇ ਵੱਧ ਤੋਂ ਵੱਧ ਜਾਗਰੂਕ ਕਰਨਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਸੂਬੇ ਵਿੱਚ ਅੰਦਾਜ਼ਨ ਤਿੰਨ ਲੱਖ ਤੋਂ ਵੱਧ ਲੋਕ ਅੰਨ੍ਹੇਪਨ ਦੇ ਸ਼ਿਕਾਰ ਹਨ, ਜਿਨ੍ਹਾਂ ਵਿੱਚੋਂ ਕਈ ਲੋਕ ਪੁਤਲੀ ਦੇ ਰੋਗਾਂ ਨਾਲ ਪੀੜਤ ਹਨ। ਇਸ ਤਰ੍ਹਾਂ ਜੇਕਰ ਕੋਈ ਵਿਅਕਤੀ ਅੱਖਾਂ ਦਾਨ ਕਰਦਾ ਹੈ ਤਾਂ ਉਹ ਦੋ ਹੋਰ ਵਿਅਕਤੀਆ ਦੀਆਂ ਜ਼ਿੰਦਗੀਆਂ ਰੌਸ਼ਨ ਕਰ ਸਕਦਾ ਹੈ।
ਅਪਥਾਲਮਿਕ ਅਫ਼ਸਰ ਹਰਜਿੰਦਰ ਸਿੰਘ ਨਾਗਰਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੌਤ ਤੋਂ ਬਾਅਦ ਅੱਖਾਂ ਦਾਨ ਕਰਨ ਦੀ ਸਹੁੰ ਚੁੱਕਣ ਅਤੇ ਲੋੜਵੰਦਾਂ ਨੂੰ ਦ੍ਰਿਸ਼ਟੀ ਦਾ ਤੋਹਫ਼ਾ ਦੇਣ ਵਰਗੇ ਨੇਕ ਕੰਮ ਵਿੱਚ ਹਿੱਸਾ ਪਾਉਣ। ਇਸ ਮੌਕੇ 17 ਵਿਅਕਤੀਆਂ ਦੇ ਅੱਖਾਂ ਦਾਨ ਕਰਨ ਸਬੰਧੀ ਫਾਰਮ ਵੀ ਭਰੇ ਗਏ। ਇਸ ਮੌਕੇ ਡਾ. ਚਰਨਦੀਪ ਮੌਜੀ, ਡਾ. ਜਤਿੰਦਰਪਾਲ ਸਿੰਘ, ਬੀਈਈ ਨਿਰਮਲ ਸਿੰਘ, ਸਿਹਤ ਇੰਸਪੈਕਟਰ ਦਿਲਬਾਗ ਸਿੰਘ, ਐੱਲਟੀ ਰਣਜੀਤ ਕੁਮਾਰ ਤੇ ਹਰਮਨਦੀਪ ਸਿੰਘ ਸਮੇਤ ਹੋਰ ਅਧਿਕਾਰੀ ਤੇ ਕਰਮਚਾਰੀ ਵੀ ਹਾਜ਼ਰ ਸਨ।