For the best experience, open
https://m.punjabitribuneonline.com
on your mobile browser.
Advertisement

ਲੋਪ ਹੋਈਆਂ ਬਾਲ ਖੇਡਾਂ

09:03 AM Mar 02, 2024 IST
ਲੋਪ ਹੋਈਆਂ ਬਾਲ ਖੇਡਾਂ
Advertisement

ਬਲਜਿੰਦਰ ਮਾਨ

Advertisement

ਬਾਲ ਉਮਰੇ ਦਾਦੀ ਮਾਂ ਦੁਆਰਾ ਸੁਣਾਈਆਂ ਲੋਰੀਆਂ ਤੇ ਖਿਡਾਈਆਂ ਖੇਡਾਂ ਕਦੀ ਨਹੀਂ ਭੁੱਲਦੀਆਂ। ਅਫ਼ਸੋਸ! ਸਮੇਂ ਦੀ ਤੋਰ ਨਾਲ ਸਾਡੀਆਂ ਬਾਲ ਖੇਡਾਂ ਟੀ.ਵੀ. ਤੇ ਇੰਟਰਨੈੱਟ ਨੇ ਖੋਹ ਲਈਆਂ। ਅੱਜ ਬਹੁਤੇ ਬੱਚੇ ਵਿਹਲੇ ਸਮੇਂ ਵਿੱਚ ਇਨ੍ਹਾਂ ਸਾਧਨਾਂ ਨਾਲ ਜੁੜ ਕੇ ਆਪਣੇ ਸਮੇਂ ਤੇ ਸਿਹਤ ਦਾ ਨਾਸ਼ ਕਰਦੇ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਟੀ.ਵੀ. ਜਾਂ ਫੋਨ ’ਤੇ ਖੇਡਾਂ ਖੇਡ ਕੇ ਬੱਚਿਆਂ ਦੀ ਬੁੱਧੀ ਤਾਂ ਵਿਕਸਤ ਹੋ ਸਕਦੀ ਹੈ ਪਰ ਸਿਹਤ ਨਹੀਂ। ਕੋਟਲਾ ਛਪਾਕੀ, ਬਾਂਦਰ ਕੀਲਾ, ਬਾਰਾਂ ਟਾਹਣੀ, ਖਿੱਦੋ ਖੁੰਡੀ, ਗੁੱਲੀ ਡੰਡਾ, ਛੂਹ ਛੁਆਈ, ਲੁਕਣ ਮੀਟੀ, ਪਿੱਠੂ ਕਾਇਮ, ਅੱਡਾ ਖੱਡਾ, ਬਾਂਟੇ ਆਦਿ ਜਿਹੀਆਂ ਅਨੇਕਾਂ ਖੇਡਾਂ ਸਨ ਜਿਹੜੀਆਂ ਅਸੀਂ ਬਾਲ ਉਮਰੇ ਖੇਡਦੇ ਰਹੇ ਸਾਂ।
ਬਾਲੜੀਆਂ ਦੀਆਂ ਪੁਰਾਤਨ ਖੇਡਾਂ ਵਿੱਚ ਪੀਚੋ ਬੱਕਰੀ, ਬੁੱਢੀ ਮਾਈ, ਕਿੱਕਲੀ, ਲੰਗਾ ਲੋਰੀਆ, ਸਮੁੰਦਰ ਤੇ ਮੱਛੀ, ਗੀਟੇ, ਗੁੱਡੀਆਂ ਪਟੋਲੇ, ਰੰਗਣੀਏ ਨੀਂ ਰੰਗ ਬੋਲ, ਵੰਗਾਂ ਦੀ ਖੇਡ, ਬਿੱਲੀਏ ਨੀਂ ਬਿਲੀਏ, ਟੱਲੀਆਂ ਮਟੱਲੀਆਂ, ਰੱਸੀ ਟੱਪਣਾ, ਭੰਡਾ ਭੰਡਾਰੀਆ ਆਦਿ ਬੜੀਆਂ ਹਰਮਨ ਪਿਆਰੀਆਂ ਰਹੀਆਂ ਹਨ। ਪੰਜਾਬ ਸਰਕਾਰ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਆਰੰਭ ਕਰਕੇ ਖਿਡਾਰੀਆਂ ਅਤੇ ਨੌਜਵਾਨ ਪੀੜ੍ਹੀ ਨੂੰ ਇੱਕ ਨਵਾਂ ਹੁਲਾਰਾ ਦਿੱਤਾ ਹੈ। ਇਸੇ ਤਰ੍ਹਾਂ ਕੇਂਦਰ ਸਰਕਾਰ ਦੁਆਰਾ ਵੀ ਪੁਰਾਤਨ ਖੇਡਾਂ ਨੂੰ ਮੁੜ ਪ੍ਰਚੱਲਿਤ ਕਰਨ ਦੀ ਯੋਜਨਾਬੰਦੀ ਉਲੀਕੀ ਗਈ ਹੈ।
ਅਜੋਕੇ ਸਮੇਂ ਨੇ ਸਾਡੇ ਸਾਰੇ ਜੀਵਨ ਫ਼ਲਸਫ਼ੇ ਨੂੰ ਹੀ ਬਦਲ ਦਿੱਤਾ ਹੈ। ਕਿਸੇ ਬੱਚੇ ਕੋਲ ਵਿਹਲ ਹੀ ਨਹੀਂ ਰਿਹਾ। ਤੜਕੇ ਹੀ ਸਕੂਲ ਬੱਸ ਬੱਚਿਆਂ ਨੂੰ ਸਕੂਲ ਵੱਲ ਲੈ ਜਾਂਦੀ ਹੈ ਤੇ ਸ਼ਾਮ ਨੂੰ ਘਰ ਛੱਡ ਦਿੰਦੀ ਹੈ। ਬਾਅਦ ਵਿੱਚ ਟਿਊਸ਼ਨ ਦਾ ਭਾਰ ਬਸਤੇ ਦੇ ਭਾਰ ਨਾਲ ਬੱਚਿਆਂ ਨੂੰ ਦੱਬੀ ਫਿਰ ਰਿਹਾ ਹੈ। ਹਰ ਮਾਪੇ ਦੀ ਇਹ ਇੱਛਾ ਹੁੰਦੀ ਹੈ ਕਿ ਉਨ੍ਹਾਂ ਦਾ ਬੱਚਾ ਪੜ੍ਹਕੇ ਵੱਡਾ ਅਫ਼ਸਰ ਬਣੇ ਪਰ ਉਸ ਦੀ ਮਾਨਸਿਕਤਾ ਦੀ ਕਿਸੇ ਨੂੰ ਪਰਵਾਹ ਨਹੀਂ ਹੈ। ਇਸੇ ਕਰਕੇ ਨੌਜਵਾਨ ਪੀੜ੍ਹੀ ਮਾਪਿਆਂ ਤੇ ਅਧਿਆਪਕਾਂ ਤੋਂ ਬਾਗੀ ਹੋ ਰਹੀ ਹੈ। ਇਸ ਲਈ ਸਾਨੂੰ ਆਪਣੇ ਬੱਚਿਆਂ ਨੂੰ ਖੇਡਾਂ ਨਾਲ ਜੋੜਨਾ ਚਾਹੀਦਾ ਹੈ। ਭਾਵੇਂ ਅੱਜਕੱਲ੍ਹ ਆਧੁਨਿਕ ਸਾਧਨਾਂ ਨੇ ਸਾਨੂੰ ਪੂਰੀ ਤਰ੍ਹਾਂ ਘੇਰਿਆ ਹੋਇਆ ਹੈ। ਫਿਰ ਵੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਬਾਲਾਂ ਨੂੰ ਉਨ੍ਹਾਂ ਦੀ ਮਾਨਸਿਕਤਾ ਅਤੇ ਸਰੀਰ ਨੂੰ ਵਿਕਸਤ ਕਰਨ ਵਾਲੀਆਂ ਬਾਲ ਖੇਡਾਂ ਖੇਡਣ ਦਾ ਮੌਕਾ ਦੇਈਏ।
ਸਕੂਲ ਕਾਲਜਾਂ ਵਿੱਚ ਜਾ ਕੇ ਤਾਂ ਫੁੱਟਬਾਲ, ਕਬੱਡੀ, ਖੋ- ਖੋ, ਅਥਲੈਟਿਕਸ, ਹਾਕੀ, ਕ੍ਰਿਕਟ ਆਦਿ ਅਨੇਕਾਂ ਪ੍ਰਕਾਰ ਦੀਆਂ ਖੇਡਾਂ ਖੇਡਣ ਦਾ ਮੌਕਾ ਮਿਲ ਜਾਂਦਾ ਹੈ। ਬਸ ਲੋੜ ਹੈ ਤਾਂ ਬਚਪਨ ਦੀਆਂ ਖੇਡਾਂ ਨੂੰ ਸੰਭਾਲਣ ਦੀ। ਇਨ੍ਹਾਂ ਖੇਡਾਂ ਰਾਹੀਂ ਹੀ ਉਨ੍ਹਾਂ ਦਾ ਹਰ ਪੱਖੋਂ ਵਿਕਾਸ ਹੋਵੇਗਾ। ਮਨ ਦੀ ਖ਼ੁਸ਼ੀ ਨਾਲ ਹੀ ਤਨ ’ਤੇ ਟਹਿਕ ਆਉਂਦੀ ਹੈ। ਜਦੋਂ ਬੱਚੇ ਮਨ ਚਾਹੀਆਂ ਖੇਡਾਂ ਖੇਡਦੇ ਹਨ ਤਾਂ ਉਨ੍ਹਾਂ ਦਾ ਮਨ ਫੁੱਲ ਵਾਂਗ ਖਿੜ ਜਾਂਦਾ ਹੈ। ਸੋ ਆਓ ਆਪਾਂ ਸਾਰੇ ਰਲਕੇ ਬੱਚਿਆਂ ਦੇ ਬਚਪਨ ਨੂੰ ਮੋੜ ਲਿਆਈਏ। ਪਿੰਡਾਂ ਦੀਆਂ ਬੋਹੜਾਂ ਥੱਲੇ ਅਤੇ ਥੜਿਆਂ ਲਾਗੇ ਉਨ੍ਹਾਂ ਨੂੰ ਬਾਲ ਖੇਡਾਂ ਖੇਡਣ ਦੇ ਮੌਕੇ ਪ੍ਰਦਾਨ ਕਰੀਏ। ਇਹ ਮੌਕੇ ਉਨ੍ਹਾਂ ਦੇ ਜੀਵਨ ਸੰਘਰਸ਼ ਨੂੰ ਹਿੰਮਤ, ਲਗਨ, ਹੌਸਲੇ, ਦ੍ਰਿੜਤਾ, ਇਮਾਨਦਾਰੀ, ਇੱਛਾ ਸ਼ਕਤੀ ਆਦਿ ਗੁਣਾਂ ਨਾਲ ਭਰਪੂਰ ਕਰਨਗੇ। ਜਿਸ ਬਾਲ ਅੰਦਰ ਇਨ੍ਹਾਂ ਗੁਣਾਂ ਦੇ ਬੀਜ ਪੁੰਗਰ ਪੈਣ ਉਹ ਵੱਡਾ ਹੋ ਕੇ ਵਧੀਆ ਤੇ ਮਜ਼ਬੂਤ ਇਨਸਾਨ ਬਣਦਾ ਹੈ।
ਪੂਰੇ ਮਾਨਸਿਕ ਢਾਂਚੇ ਨੂੰ ਖੇਡਾਂ ਦੇ ਮਨੋਰੰਜਨ ਨਾਲ ਹੀ ਸ਼ਿੰਗਾਰਿਆ ਤੇ ਸੰਵਾਰਿਆ ਜਾ ਸਕਦਾ ਹੈ। ਮਨੋਰੰਜਕ ਢੰਗ ਨਾਲ ਉਸਰਿਆ ਬਚਪਨ ਚੰਗੀ ਜੁਆਨੀ ਦੀ ਉਮੀਦ ਬੰਨ੍ਹਦਾ ਹੈ। ਮਾਨਸਿਕ ਤੇ ਸਰੀਰਕ ਤੌਰ ’ਤੇ ਤੰਦਰੁਸਤ ਨਾਗਰਿਕ ਹੀ ਦੇਸ਼ ਕੌਮ ਦੀ ਰਾਖੀ ਅਤੇ ਸੰਚਾਲਨ ਸੁਚੱਜੇ ਢੰਗ ਨਾਲ ਕਰ ਸਕਦੇ ਹਨ। ਖੇਡ ਰੁਚੀ ਨਾਲ ਅਸੀਂ ਹੋਰ ਅੱਗੇ ਵਧ ਕੇ ਜੀਵਨ ਸਫ਼ਰ ਦੀਆਂ ਅਨੇਕਾਂ ਮੰਜ਼ਿਲਾਂ ਨੂੰ ਸਰ ਕਰ ਸਕਦੇ ਹਾਂ। ਇਸ ਖੇਤਰ ਵਿੱਚ ਵਧੀਆ ਕਰੀਅਰ ਦੀਆਂ ਸੰਭਾਵਨਾਵਾਂ ਵੀ ਮੌਜੂਦ ਹਨ। ਖੇਡ ਕੋਟੇ ਰਾਹੀਂ ਅਸੀਂ ਆਪਣੀਆਂ ਰਾਜ ਪੱਧਰੀ ਜਾਂ ਕੌਮੀ ਪੱਧਰੀ ਪ੍ਰਾਪਤੀਆਂ ਨਾਲ ਉੱਚ ਅਹੁਦਿਆਂ ’ਤੇ ਵੀ ਬਿਰਾਜਮਾਨ ਹੋ ਸਕਦੇ ਹਾਂ। ਲੋੜ ਹੈ ਬਾਲਾਂ ਨੂੰ ਉਨ੍ਹਾਂ ਦੀ ਮਨ ਚਾਹੀ ਖੇਡ ਖੇਡਣ ਦਾ ਮੌਕਾ ਪ੍ਰਦਾਨ ਕਰਨ ਦੀ।
ਅਸੀਂ ਬਚਪਨ ਵਿੱਚ ਪਹਿਲੀ ਜ਼ਿੰਮੇਵਾਰੀ ਮਾਂ ਤੇ ਫਿਰ ਪਰਿਵਾਰ ਸਿਰ ਪਾਉਂਦੇ ਹਾਂ। ਉਸ ਤੋਂ ਬਾਅਦ ਸਾਰੇ ਅਧਿਆਪਕਾਂ ਨੇ ਇਨ੍ਹਾਂ ਰੁਚੀਆਂ ਨੂੰ ਪ੍ਰਫੂੱਲਿਤ ਕਰਨ ਵਿੱਚ ਯੋਗਦਾਨ ਪਾਉਣਾ ਹੁੰਦਾ ਹੈ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਹਰ ਸਕੂਲ ਵਿੱਚ ਇੱਕ ਸਰੀਰਕ ਸਿੱਖਿਆ ਅਧਿਆਪਕ ਜ਼ਰੂਰ ਮੁਹੱਈਆ ਕਰੇ। ਸਰੀਰਕ ਤੌਰ ’ਤੇ ਕਮਜ਼ੋਰ ਪੀੜ੍ਹੀ ਕਿਸੇ ਦਾ ਵੀ ਭਲਾ ਨਹੀਂ ਕਰ ਸਕਦੀ। ਇਸ ਲਈ ਆਓ ਆਪਾਂ ਸਾਰੇ ਰਲਕੇ ਬਾਲ ਉਮਰ ਦੀਆਂ ਖੇਡਾਂ ਨੂੰ ਮੁੜ ਸੁਰਜੀਤ ਕਰੀਏ। ਅਜਿਹਾ ਕਰਨ ਨਾਲ ਵੀ ਅਸੀਂ ਸੋਹਣੇ ਤੇ ਸੁਚੱਜੇ ਸਮਾਜ ਦੀ ਸਿਰਜਣਾ ਕਰ ਸਕਾਂਗੇ।
ਸੰਪਰਕ: 98150-18947

Advertisement
Author Image

joginder kumar

View all posts

Advertisement
Advertisement
×