ਮਨੀਪੁਰ ਹਿੰਸਾ ਲਈ ਬਾਹਰੀ ਤਾਕਤਾਂ ਜ਼ਿੰਮੇਵਾਰ: ਮੋਹਨ ਭਾਗਵਤ
ਨਾਗਪੁਰ, 24 ਅਕਤੂਬਰ
ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੇ ਅੱਜ ਇੱਥੇ ਕਿਹਾ ਕਿ ਮਨੀਪੁਰ ਵਿੱਚ ਹੋਈ ਜਾਤੀ ਹਿੰਸਾ ਸੋਚੀ ਸਮਝੀ ਸਾਜ਼ਿਸ਼ ਸੀ। ਉਨ੍ਹਾਂ ਉੱਤਰ-ਪੂਰਬੀ ਰਾਜ ਦੀ ਸਥਿਤੀ ਲਈ ‘ਬਾਹਰੀ ਤਾਕਤਾਂ’ ਨੂੰ ਜ਼ਿੰਮੇਵਾਰ ਦੱਸਿਆ। ਭਾਗਵਤ ਨੇ ਪੁੱਛਿਆ, ‘‘ਮੈਤੇਈ ਅਤੇ ਕੁਕੀ ਭਾਈਚਾਰਿਆਂ ਦੇ ਲੋਕ ਕਈ ਸਾਲਾਂ ਤੋਂ ਇਕੱਠੇ ਰਹਿ ਰਹੇ ਹਨ। ਇਹ ਇੱਕ ਸਰਹੱਦੀ ਰਾਜ ਹੈ। ਅਜਿਹੇ ਵੱਖਵਾਦ ਅਤੇ ਅੰਦਰੂਨੀ ਕਲੇਸ਼ ਦਾ ਫਾਇਦਾ ਕਿਸ ਨੂੰ ਹੁੰਦਾ ਹੈ? ਬਾਹਰੀ ਤਾਕਤਾਂ ਨੂੰ ਵੀ ਫਾਇਦਾ ਹੁੰਦਾ ਹੈ। ਉਥੇ ਜੋ ਕੁਝ ਵੀ ਹੋਇਆ, ਕੀ ਉਸ ਵਿੱਚ ਬਾਹਰਲੇ ਲੋਕ ਸ਼ਾਮਲ ਸਨ?’’
ਉਨ੍ਹਾਂ ਲੋਕਾਂ ਨੂੰ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਵਨਾਵਾਂ ਭੜਕਾ ਕੇ ਵੋਟਾਂ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਤੋਂ ਸੁਚੇਤ ਕੀਤਾ। ਭਾਗਵਤ ਨੇ ਲੋਕਾਂ ਨੂੰ ਦੇਸ਼ ਦੀ ਏਕਤਾ, ਅਖੰਡਤਾ, ਪਛਾਣ ਅਤੇ ਵਿਕਾਸ ਨੂੰ ਧਿਆਨ ਵਿੱਚ ਰੱਖ ਕੇ ਵੋਟ ਪਾਉਣ ਦਾ ਸੱਦਾ ਦਿੱਤਾ। ਨਾਗਪੁਰ ਵਿੱਚ ਆਰਐੱਸਐੱਸ ਦੀ ਦਸਹਿਰਾ ਰੈਲੀ ਨੂੰ ਸੰਬੋਧਨ ਕਰਦਿਆਂ ਭਾਗਵਤ ਨੇ ਦੋਸ਼ ਲਾਇਆ ਕਿ ਕਲਚਰਲ ਮਾਰਕਸਵਾਦੀ ਅਤੇ ਜਾਗਰੂਕ ਤੱਤ ਦੇਸ਼ ਦੀ ਸਿੱਖਿਆ ਅਤੇ ਸੱਭਿਆਚਾਰ ਨੂੰ ਬਰਬਾਦ ਕਰਨ ਲਈ ਮੀਡੀਆ ਅਤੇ ਅਕਾਦਮਿਕ ਖੇਤਰ ਵਿੱਚ ਆਪਣੇ ਪ੍ਰਭਾਵ ਦੀ ਦੁਰਵਰਤੋਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ 22 ਜਨਵਰੀ ਨੂੰ ਅਯੁੱਧਿਆ ਮੰਦਰ ’ਚ ਭਗਵਾਨ ਰਾਮ ਦੀ ਮੂਰਤੀ ਸਥਾਪਿਤ ਕੀਤੀ ਜਾਵੇਗੀ ਅਤੇ ਇਸ ਮੌਕੇ ਜਸ਼ਨ ਮਨਾਉਣ ਲਈ ਲੋਕਾਂ ਨੂੰ ਦੇਸ਼ ਭਰ ਦੇ ਮੰਦਰਾਂ ’ਚ ਸਮਾਗਮ ਕਰਵਾਉਣੇ ਚਾਹੀਦੇ ਹਨ। ਮਨੀਪੁਰ ਦੀ ਸਥਿਤੀ ’ਤੇ ਆਰਐੱਸਐੱਸ ਮੁਖੀ ਨੇ ਕਿਹਾ, ‘‘ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤਿੰਨ ਦਿਨਾਂ ਲਈ ਮਨੀਪੁਰ ਵਿੱਚ ਸਨ। ਅਸਲ ਵਿੱਚ ਸੰਘਰਸ਼ ਨੂੰ ਕਿਸ ਨੇ ਵਧਾਇਆ? ਇਹ (ਹਿੰਸਾ) ਹੋ ਨਹੀਂ ਰਹੀ, ਇਸ ਨੂੰ ਕਰਵਾਇਆ ਜਾ ਰਿਹਾ ਹੈ।’’ ਉਨਾਂ ਪੁੱਛਿਆ, “ਮਨੀਪੁਰ ਵਿੱਚ ਅਸ਼ਾਂਤੀ ਅਤੇ ਅਸਥਿਰਤਾ ਦਾ ਫਾਇਦਾ ਚੁੱਕਣ ਵਿੱਚ ਕਿਹੜੀਆਂ ਵਿਦੇਸ਼ੀ ਤਾਕਤਾਂ ਦੀ ਦਿਲਚਸਪੀ ਹੋ ਸਕਦੀ ਹੈ? ਕੀ ਇਨ੍ਹਾਂ ਘਟਨਾਵਾਂ ਵਿੱਚ ਦੱਖਣ-ਪੂਰਬੀ ਏਸ਼ੀਆ ਦੀ ਭੂ-ਰਾਜਨੀਤੀ ਦੀ ਵੀ ਕੋਈ ਭੂਮਿਕਾ ਹੈ?’’ -ਪੀਟੀਆਈ
ਮਨੀਪੁਰ ਸੰਕਟ ਦੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ ਮੋਦੀ: ਕਾਂਗਰਸ
ਨਵੀਂ ਦਿੱਲੀ/ਐਜ਼ੌਲ: ਕਾਂਗਰਸ ਨੇ ਅੱਜ ਮਨੀਪੁਰ ਹਿੰਸਾ ਦੇ ਮਾਮਲੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਮਈ ਵਿਚ ਸ਼ੁਰੂ ਹੋਈ ਹਿੰਸਾ ਤੋਂ ਬਾਅਦ ਇਕ ਵਾਰ ਵੀ ਪ੍ਰਧਾਨ ਮੰਤਰੀ ਮਨੀਪੁਰ ਨਹੀਂ ਆਏ। ਵਿਰੋਧੀ ਧਿਰ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਸੂਬੇ ਨੂੰ ਉਸ ਵੇਲੇ ‘ਵਿਸਾਰ’ ਦਿੱਤਾ ਜਦ ਰਾਜ ਨੂੰ ਉਨ੍ਹਾਂ ਦੇ ਦਖਲ ਤੇ ਪਹੁੰਚ ਦੀ ਸਭ ਤੋਂ ਵੱਧ ਲੋੜ ਸੀ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਮਨੀਪੁਰ ਵਿਚ 175 ਦਿਨਾਂ ਤੋਂ ਹਾਲਾਤ ਖਰਾਬ ਹਨ ਤੇ ਰਾਜ ਦੀ ਸਮਾਜਿਕ ਸਦਭਾਵਨਾ ਤਬਾਹ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮਨੀਪੁਰ ਦੇ ਲੋਕ ਕਈ ਸਵਾਲ ਲਗਾਤਾਰ ਪੁੱਛ ਰਹੇ ਹਨ ਜੋ ਕਿ ਭਰੋਸਾ ਬਹਾਲ ਕਰਨ ਤੇ ਦੁਬਾਰਾ ਮੇਲ-ਜੋਲ ਕਾਇਮ ਕਰਨ ਨਾਲ ਜੁੜੇ ਹੋਏ ਹਨ। ਕਾਂਗਰਸ ਆਗੂ ਨੇ ਕਿਹਾ ਕਿ ਮਨੀਪੁਰ ਦੇ ਲੋਕ ਤੇ ਪੂਰਾ ਉੱਤਰ-ਪੂਰਬ ਦੇਖ ਰਿਹਾ ਹੈ ਕਿਵੇਂ ਪ੍ਰਧਾਨ ਮੰਤਰੀ ਨੇ ਮਨੀਪੁਰ ਨੂੰ ‘ਵਿਸਾਰ ਦਿੱਤਾ ਹੈ।’ ਰਮੇਸ਼ ਨੇ ਕਿਹਾ ਕਿ ਸੰਕਟ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਕੇ ਪ੍ਰਧਾਨ ਮੰਤਰੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ। ਉਨ੍ਹਾਂ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਮਨੀਪੁਰ ਦੇ ਮੁੱਖ ਮੰਤਰੀ ਤੇ ਵਿਧਾਇਕਾਂ ਨੂੰ ਕਿਉਂ ਨਹੀਂ ਮਿਲੇ। ਜਦਕਿ ਜ਼ਿਆਦਾਤਰ ਵਿਧਾਇਕ ਉਨ੍ਹਾਂ ਦੀ ਪਾਰਟੀ ਦੇ ਹਨ। ਕਾਂਗਰਸ ਜਨਰਲ ਸਕੱਤਰ ਨੇ ਐਕਸ ’ਤੇ ਪ੍ਰਧਾਨ ਮੰਤਰੀ ਮੋਦੀ ਨੂੰ ਹੋਰ ਵੀ ਕਈ ਤਿੱਖੇ ਸਵਾਲ ਕੀਤੇ। ਇਸੇ ਦੌਰਾਨ ਅੱਜ ਮਿਜ਼ੋਰਮ ਦੇ ਮੁੱਖ ਮੰਤਰੀ ਜ਼ੋਰਾਮਥਾਂਗਾ ਨੇ ਕਿਹਾ ਕਿ ਜਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਗਾਮੀ ਵਿਧਾਨ ਸਭਾ ਚੋਣਾਂ ਲਈ ਇੱਥੇ ਪ੍ਰਚਾਰ ਕਰਨ ਲਈ ਆਉਣਗੇ ਤਾਂ ਉਹ ਉਨ੍ਹਾਂ ਨਾਲ ਮੰਚ ਸਾਂਝਾ ਨਹੀਂ ਕਰਨਗੇ। -ਪੀਟੀਆਈ