ਸੂਬੇ ਵਿੱਚ ਪਾਣੀ ਦਾ ਪੱਧਰ ਹੇਠਾਂ ਜਾਣ ’ਤੇ ਚਿੰਤਾ ਜ਼ਾਹਰ
ਜਲੰਧਰ: ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਸੁਰੇਸ਼ ਕੁਮਾਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਰਾਜੀਵ ਜੋਸ਼ੀ ਦੀ ਅਗਵਾਈ ਵਿੱਚ ਵਾਤਾਵਰਨ ਸਿੱਖਿਆ ਪ੍ਰੋਗਰਾਮ ਅਧੀਨ ਰਾਜ ਪੱਧਰੀ ਇੱਕ ਰੋਜ਼ਾ ਵਰਕਸ਼ਾਪ ਡੀਏਵੀ ਇੰਸਟੀਟਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲਜੀ ਵਿੱਚ ਕਰਵਾਈ ਗਈ। ਰਾਜ ਵਿਗਿਆਨ ਅਤੇ ਤਕਨੀਕੀ ਪ੍ਰੀਸ਼ਦ ਪੰਜਾਬ ਵੱਲੋਂ ਕਰਵਾਈ ਇਸ ਇੱਕ ਰੋਜ਼ਾ ਵਰਕਸ਼ਾਪ ਦਾ ਮੁੱਖ ਵਿਸ਼ਾ ਜੀਵਨਸ਼ੈਲੀ ਲਈ ਵਾਤਾਵਰਨ ਰਿਹਾ। ਵਰਕਸ਼ਾਪ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਡਾ. ਸ਼ਰੂਤੀ ਸ਼ੁਕਲਾ ਸਹਾਇਕ ਨਿਰਦੇਸ਼ਕ ਗਾਈਡੈਂਸ ਅਤੇ ਕਾਊਂਸਲਿੰਗ ਵੱਲੋਂ ਅਧਿਆਪਕਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਹੋਏ ਕਿਹਾ ਹੈ ਕਿ ਪੰਜਾਬ ਵਿੱਚ ਹਰ ਸਾਲ ਪਾਣੀ ਦਾ ਪੱਧਰ ਹਰ ਸਾਲ 0.37 ਮੀਟਰ ਥੱਲੇ ਜਾ ਰਿਹਾ ਹੈ। ਡਾ. ਜਸਵਿੰਦਰ ਸਿੰਘ ਐਸੋਸੀਏਟ ਪ੍ਰੋਫੈਸਰ, ਡਾ. ਵਿਕਰਾਂਤ ਜਰਯਾਨ ਅਤੇ ਨਰਿੰਦਰ ਸਿੰਘ ਸਟੇਟ ਰਿਸੋਰਸ ਪਰਸਨ ਨੇ ਵਾਤਾਵਰਨ ਨਾਲ ਸਬੰਧਤ ਵੱਖ-ਵੱਖ ਮੁਸ਼ਕਲਾਂ ਅਤੇ ਉਨ੍ਹਾਂ ਤੋਂ ਨਿਜਾਤ ਪਾਉਣ ਲਈ ਨਿਵੇਕਲੇ ਹੱਲ ਲੱਭਣ ਲਈ ਪ੍ਰੇਰਿਤ ਕੀਤਾ। -ਨਿੱਜੀ ਪੱਤਰ ਪ੍ਰੇਰਕ