ਕੂੜਾ ਡੰਪ ਨਾ ਚੁੱਕਣ ’ਤੇ ਅਣਮਿਥੇ ਸਮੇਂ ਲਈ ਧਰਨਾ ਦੇਣ ਦੀ ਚਿਤਾਵਨੀ
ਪੱਤਰ ਪ੍ਰੇਰਕ
ਜਲੰਧਰ, 18 ਨਵੰਬਰ
ਨਿਗਮ ਅਣਗਹਿਲੀ ਤੋਂ ਨਿਰਾਸ਼, ਮਾਡਲ ਟਾਊਨ ਦੇ ਵਸਨੀਕਾਂ ਨੇ 1 ਦਸੰਬਰ ਤੋਂ ਸ਼ਿਵਪੁਰੀ ਕੂੜਾ ਡੰਪ ਸਾਈਟ ’ਤੇ ਅਣਮਿਥੇ ਸਮੇਂ ਲਈ ਧਰਨਾ ਦੇਣ ਦਾ ਐਲਾਨ ਕੀਤਾ ਹੈ। ਵਸਨੀਕਾਂ ਦੀ ਨੁਮਾਇੰਦਗੀ ਕਰ ਰਹੀ ਜੁਆਇੰਟ ਐਕਸ਼ਨ ਕਮੇਟੀ (ਜੇਏਸੀ) ਨੇ ਨਗਰ ਨਿਗਮ ਤੋਂ ਮੰਗ ਕੀਤੀ ਕਿ ਉਹ ਇਸ ਸਮੱਸਿਆ ਨੂੰ ਤੁਰੰਤ ਹੱਲ ਕਰਨ ਤਾਂ ਜੋ ਆਸ-ਪਾਸ ਰਹਿਣ ਵਾਲੇ ਅਤੇ ਕਾਰੋਬਾਰਾਂ ਅਤੇ ਦਫ਼ਤਰੀ ਕਰਮੀਆਂ ਨੂੰ ਪ੍ਰੇਸ਼ਾਨੀ ਨਾ ਝੱਲਣੀ ਪਵੇ। ਸ਼ਿਵਪੁਰੀ ਕੂੜਾ ਡੰਪ ਸ਼ਮਸ਼ਾਨਘਾਟ ਦੇ ਬਿਲਕੁਲ ਨਾਲ ਸਥਿਤ ਹੈ, ਜਿਸ ਕਾਰਨ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਨਗਰ ਨਿਗਮ ਦੇ ਕਮਿਸ਼ਨਰ ਗੌਤਮ ਜੈਨ ਨੂੰ ਲਿਖੇ ਪੱਤਰ ਵਿੱਚ ਜੇਏਸੀ ਨੇ 30 ਨਵੰਬਰ ਤੱਕ ਸਾਈਟ ਨੂੰ ਬੰਦ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਕਾਰਵਾਈ ਨਾ ਕਰਨ ’ਤੇ ਉਨ੍ਹਾਂ ਕੋਲ ਇੱਕ ਦਸੰਬਰ ਤੋਂ ਡੰਪ ’ਤੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਬਚੇਗਾ।
ਜੇਏਸੀ ਦੇ ਮੈਂਬਰ ਜਸਵਿੰਦਰ ਸਿੰਘ ਸਾਹਨੀ ਨੇ ਕਿਹਾ ਕਿ ਜਲੰਧਰ ਨੂੰ ਸਮਾਰਟ ਸਿਟੀ ਵਜੋਂ ਬ੍ਰਾਂਡ ਕੀਤਾ ਜਾ ਰਿਹਾ ਹੈ, ਪਰ ਜ਼ਮੀਨੀ ਹਕੀਕਤ ਬਿਲਕੁਲ ਵੱਖਰੀ ਹੈ। ਨਿਗਮ ਕੋਲ ਕੂੜਾ ਪ੍ਰਬੰਧਨ ਦੀ ਕੋਈ ਠੋਸ ਯੋਜਨਾ ਨਹੀਂ ਹੈ। ਜਨਤਕ ਸੜਕਾਂ ਸਮੇਤ ਸਾਰੇ ਸ਼ਹਿਰ ਵਿੱਚ ਗੈਰ-ਕਾਨੂੰਨੀ ਕੂੜੇ ਦੇ ਡੰਪ ਉੱਭਰ ਚੁੱਕੇ ਹਨ, ਜੋ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਦੇ ਹਨ। ਉਨ੍ਹਾਂ ਕਿਹਾ ਕਿ 300-400 ਮੀਟਰ ਤੱਕ ਫੈਲਿਆ ਇਹ ਡੰਪ ਪ੍ਰਦੂਸ਼ਣ ਦਾ ਵੱਡਾ ਸਰੋਤ ਹੈ। ਹਾਲ ਹੀ ਵਿੱਚ ਹੋਈ ਮੀਟਿੰਗ ਵਿੱਚ ਜਥੇਦਾਰ ਜਗਜੀਤ ਸਿੰਘ ਗਾਬਾ, ਵਰਿੰਦਰ ਮਲਿਕ, ਜਸਵਿੰਦਰ ਸਾਹਨੀ, ਮਨਮੀਤ ਸਿੰਘ ਸੋਢੀ ਅਤੇ ਹੋਰ ਜੇਏਸੀ ਆਗੂਆਂ ਨੇ 30 ਨਵੰਬਰ ਤੱਕ ਡੰਪ ਬੰਦ ਨਾ ਹੋਣ ’ਤੇ ਨਗਰ ਨਿਗਮ ਅਤੇ ਪੰਜਾਬ ਸਰਕਾਰ ਦੋਵਾਂ ਨੂੰ ਜਵਾਬਦੇਹ ਠਹਿਰਾਉਣ ਦਾ ਸੰਕਲਪ ਲਿਆ।
ਰਾਮਾਮੰਡੀ ਵਾਸੀਆਂ ਨੂੰ ਕੂੜੇ ਦੇ ਢੇਰਾਂ ਤੋਂ ਮਿਲੀ ਨਿਜਾਤ
ਜਲੰਧਰ: ਸ਼ਹਿਰ ਦੀ ਰਾਮਾਮੰਡੀ-ਨੰਗਲਸ਼ਾਮਾ ਰੋਡ, ਜੋ ਕਿਸੇ ਸਮੇਂ ਕੂੜੇ ਦੇ ਢੇਰਾਂ ਲਈ ਜਾਣੀ ਜਾਂਦੀ ਸੀ, ਅੱਜ ਸਫਾਈ ਦੇ ਮਾਮਲੇ ਵਿੱਚ ਮਿਸਾਲ ਪੇਸ਼ ਕਰ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਜਲੰਧਰ ਦੇ ਠੋਸ ਯਤਨਾਂ ਸਦਕਾ ਇਹ ਸੜਕ ਪ੍ਰਭਾਵਸ਼ਾਲੀ ਕੂੜਾ ਪ੍ਰਬੰਧਨ ਅਤੇ ਸ਼ਹਿਰੀ ਸੁੰਦਰੀਕਰਨ ਦੀ ਉਦਾਹਰਣ ਬਣ ਗਈ ਹੈ। ਸਿਹਤ ਅਧਿਕਾਰੀ ਡਾ. ਸ੍ਰੀ ਕ੍ਰਿਸ਼ਨ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਨਗਰ ਨਿਗਮ ਦੇ ਕਮਿਸ਼ਨਰ ਗੌਤਮ ਜੈਨ ਵੱਲੋਂ ਇਸ ਮੁੱਦੇ ਨੂੰ ਹੱਲ ਕਰਨ ਲਈ ਤੁਰੰਤ ਕਾਰਵਾਈ ਕੀਤੀ ਗਈ। ਚੌਵੀ ਘੰਟੇ ਨਿਗਰਾਨੀ ਅਤੇ ਕੂੜਾ ਇਕੱਤਰ ਕਰਨ ਸਮੇਤ ਬਹੁ-ਪੱਖੀ ਰਣਨੀਤੀ ਤਿਆਰ ਕੀਤੀ ਗਈ। ਜਿਥੇ ਕੂੜਾ ਇਕੱਠਾ ਕਰਨ ਦਾ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਕਰਨ ਲਈ ਚਾਰ ਟਰਾਲੀਆਂ ਤਾਇਨਾਤ ਕੀਤੀਆਂ ਗਈਆਂ ਉਥੇ ਐਮਸੀ ਪੁਲਿਸ ਵੱਲੋਂ ਕੂੜਾ ਫੈਲਾਉਣ ਤੋਂ ਰੋਕਣ ਲਈ ਸ਼ਾਮ 6 ਵਜੇ ਤੋਂ ਅੱਧੀ ਰਾਤ ਤੱਕ ਸਫ਼ਾਈ ਵਿਵਸਥਾ ਲਾਗੂ ਕੀਤੀ ਗਈ। ਉਨ੍ਹਾਂ ਕਿਹਾ ਕਿ ਰਾਮਾਮੰਡੀ ਚੌਕ ਤੋਂ ਨੰਗਲ ਸ਼ਾਮਾ ਤੱਕ ਦਾ ਸਾਰਾ ਹਿੱਸਾ ਹੁਣ ਕੂੜਾ ਰਹਿਤ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਨਾਗਰਿਕਾਂ ਨੂੰ ਕੂੜੇ ਨੂੰ ਵੱਖ-ਵੱਖ ਕਰਨ ਅਤੇ ਕੂੜਾ ਫੈਲਾਉਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ।