Explosion in kabul: ਕਾਬੁਲ: ਬੰਬ ਧਮਾਕੇ ਵਿੱਚ ਮੰਤਰੀ ਦੀ ਮੌਤ
ਇਸਲਾਮਾਬਾਦ, 11 ਦਸੰਬਰ
ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਅੱਜ ਇਕ ਫਿਦਾਇਨੀ ਹਮਲੇ ਵਿੱਚ ਤਾਲਿਬਾਨ ਸਰਕਾਰ ਵਿੱਚ ਸ਼ਰਨਾਰਥੀ ਮਾਮਲਿਆਂ ਬਾਰੇ ਮੰਤਰੀ ਅਤੇ ਦੋ ਹੋਰਾਂ ਦੀ ਮੌਤ ਹੋ ਗਈ। ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਧਮਾਕਾ ਮੰਤਰਾਲੇ ਦੇ ਅੰਦਰ ਹੋਇਆ ਅਤੇ ਸ਼ਰਨਾਰਥੀ ਮਾਮਲਿਆਂ ਦੇ ਮੰਤਰੀ ਖਲੀਲ ਹੱਕਾਨੀ ਦੀ ਮੌਤ ਹੋ ਗਈ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਨ ਲਈ ਅਧਿਕਾਰਤ ਨਾ ਹੋਣ ਕਰ ਕੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ। ਖਲੀਲ ਹੱਕਾਨੀ ਤਾਲਿਬਾਨ ਸਰਕਾਰ ਵਿੱਚ ਕਾਰਜਕਾਰੀ ਗ੍ਰਹਿ ਮੰਤਰੀ ਸਿਰਾਜ਼ੂਦੀਨ ਹੱਕਾਨੀ ਦੇ ਨੇੜਲੇ ਰਿਸ਼ਤੇਦਾਰ ਸਨ। ਸਿਰਾਜੂਦੀਨ ਤਾਲਿਬਾਨ ਵਿੱਚ ਇਕ ਤਾਕਤਵਰ ਨੈੱਟਵਰਕ ਦੀ ਅਗਵਾਈ ਕਰਦੇ ਹਨ।
ਖਲੀਲ ਹੱਕਾਨੀ ਅਜਿਹੇ ਚੋਟੀ ਦੇ ਅਹੁਦੇਦਾਰ ਰਹੇ ਜਿਨ੍ਹਾਂ ਦੀ ਅਫਗਾਨਿਸਤਾਨ ਦੀ ਸੱਤਾ ’ਤੇ ਤਿੰਨ ਪਹਿਲਾਂ ਤਾਲਿਬਾਨ ਵੱਲੋਂ ਕਬਜ਼ਾ ਕੀਤੇ ਜਾਣ ਤੋਂ ਬਾਅਦ ਹੋਏ ਬੰਬ ਧਮਾਕਿਆਂ ਵਿੱਚ ਮੌਤ ਹੋ ਗਈ ਹੈ। ਧਮਾਕੇ ਦੀ ਤੁਰੰਤ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ।
ਪਿਛਲੇ ਸਾਲ ਮਾਰਚ ਵਿੱਚ ਅਫ਼ਗਾਨਿਸਤਾਨ ਦੇ ਬਲਖ ਪ੍ਰਾਂਤ ਦੀ ਰਾਜਧਾਨੀ ਮਜ਼ਾਰ-ਏ-ਸ਼ਰੀਫ਼ ਵਿੱਚ ਹੋਏ ਇਕ ਬੰਬ ਧਮਾਕੇ ਵਿੱਚ ਤਾਲਿਬਾਨ ਵੱਲੋਂ ਨਿਯੁਕਤ ਪ੍ਰਾਂਤ ਦੇ ਗਵਰਨਰ ਦਾਊਦ ਮੁਜ਼ਮਲ ਅਤੇ ਦੋ ਹੋਰਾਂ ਦੀ ਮੌਤ ਹੋ ਗਈ ਸੀ।
ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਹੱਕਾਨੀ ਦੀ ਹੱਤਿਆ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਵਿਸਥਾਰ ਵਿੱਚ ਜਾਣਕਾਰੀ ਲਈ ਕਾਬੁਲ ਦੇ ਸੰਪਰਕ ਵਿੱਚ ਹਨ। -ਏਪੀ