ਡੱਲੇਵਾਲ ਵੱਲੋਂ ਪ੍ਰਧਾਨ ਮੰਤਰੀ ਦਾ ਨਾਂ ਲਿਖੀ ਚਿੱਠੀ ’ਤੇ ਖ਼ੂਨ ਨਾਲ ਦਸਤਖਤ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 12 ਦਸੰਬਰ
ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ’ਤੇ ਪਿੰਡ ਢਾਬੀ ਗੁਜਰਾਂ 'ਤੇ ਕੇਂਦਰ ਸਰਕਾਰ ਵੱਲੋਂ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 17ਵੇਂ ਦਿਨ ਵੀ ਜਾਰੀ ਰਿਹਾ। ਉਨ੍ਹਾਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਇਸ ਦੌਰਾਨ ਅਮਰੀਕਾ ਤੋਂ ਆਏ ਕੈਂਸਰ ਸਪੈਸ਼ਲਿਸਟ ਕਰਨ ਜਗਵਾਨੀ ਨੇ ਚੈੱਕਅੱਪ ਕੀਤਾ। ਬਾਰਡਰ ਤੋਂ ਪ੍ਰਧਾਨ ਮੰਤਰੀ ਦਾ ਨਾਂ ’ਤੇ ਪਹਿਲੀ ਤੇ ਆਖਰੀ ਚਿੱਠੀ ਲਿਖੀ ਗਈ ਜਿਸ ਉੱਤੇ ਕਿਸਾਨ ਆਗੂ ਡੱਲੇਵਾਲ ਨੇ ਖ਼ੂਨ ਨਾਲ ਦਸਤਖਤ ਕੀਤੇ ਹਨ।
ਡਾਕਟਰਾਂ ਵੱਲੋਂ ਉਨ੍ਹਾਂ ਦੇ ਦਿਲ ਦੀ ਧੜਕਨ, ਬਲੱਡ ਪ੍ਰੈਸ਼ਰ, ਪਲਸ ਆਦਿ ਦੀ ਨਿਗਰਾਨੀ ਕਰਨ ਲਈ ਮਸ਼ੀਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਜਾਂਚ ਕਰਦੇ ਡਾਕਟਰਾਂ ਨੇ ਦੱਸਿਆ ਕਿ ਡੱਲੇਵਾਲ ਦਾ 12 ਕਿਲੋ ਵਜ਼ਨ ਘੱਟ ਚੁੱਕਿਆ ਹੈ ਉਨ੍ਹਾਂ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਕਿਸੇ ਵੇਲੇ ਵੀ ਉਨ੍ਹਾਂ ਦੇ ਗੁਰਦੇ ਫੇਲ੍ਹ ਤੇ ਦਿਲ ਦਾ ਦੌਰਾ ਜਾਂ ਲੀਵਰ ਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਸਰਕਾਰੀ ਹਸਪਤਾਲ ਦੇ ਡਾਕਟਰਾਂ ਵੱਲੋਂ ਵੀ ਡੱਲੇਵਾਲ ਦਾ ਚੈਕਅਪ ਕੀਤਾ ਗਿਆ ਹੈ।