ਪਟਾਕਾ ਫੈਕਟਰੀ ’ਚ ਧਮਾਕਾ; ਪੰਜ ਹਲਾਕ, 11 ਜ਼ਖ਼ਮੀ
ਫ਼ਿਰੋਜ਼ਾਬਾਦ (ਉੱਤਰ ਪ੍ਰਦੇਸ਼), 17 ਸਤੰਬਰ
ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਜ਼ਿਲ੍ਹੇ ਵਿੱਚ ਪਟਾਕਿਆਂ ਦੇ ਗੋਦਾਮ ਤੇ ਫੈਕਟਰੀ ਵਿੱਚ ਧਮਾਕਾ ਹੋਣ ਕਾਰਨ ਦੋ ਬੱਚਿਆਂ ਤੇ ਇੱਕ ਔਰਤ ਸਮੇਤ ਪੰਜ ਜਣਿਆਂ ਦੀ ਮੌਤ ਹੋ ਗਈ। ਪੁਲੀਸ ਅਧਿਕਾਰੀਆਂ ਨੇ ਅੱਜ ਦੱਸਿਆ ਕਿ ਇਸ ਮਾਮਲੇ ਵਿੱਚ ਪਟਾਕਾ ਫੈਕਟਰੀ ਦੇ ਮਾਲਕ ਭੂਰਾ ਉਰਫ਼ ਨਵੀ ਅਬਦੁੱਲ੍ਹਾ ਅਤੇ ਉਸ ਦੇ ਦੋ ਪੁੱਤਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਮੁਤਾਬਕ, ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਕਿ ਮੁਲਜ਼ਮਾਂ ਨੇ ਸਾਜ਼ਿਸ਼ ਤਹਿਤ ਧਮਾਕਾਖੇਜ਼ ਸਮੱਗਰੀ ਨੂੰ ਸਟੋਰ ਕਰ ਕੇ ਰੱਖਿਆ ਸੀ ਅਤੇ ਹੱਤਿਆ ਦੇ ਇਰਾਦੇ ਨਾਲ ਇਸ ਨੂੰ ਅੱਗ ਲਾ ਦਿੱਤੀ। ਇਹ ਘਟਨਾ ਸ਼ਿਕੋਹਾਬਾਦ ਥਾਣਾ ਅਧੀਨ ਨੌਸ਼ਹਿਰਾ ਇਲਾਕੇ ਵਿੱਚ ਸੋਮਵਾਰ ਰਾਤ ਨੂੰ ਵਾਪਰੀ। ਮ੍ਰਿਤਕਾਂ ਦੀ ਪਛਾਣ ਮੀਰਾ ਦੇਵੀ (45), ਅਮਨ (20), ਗੌਤਮ ਕੁਸ਼ਵਾਹਾ (18), ਕੁਮਾਰੀ ਇੱਛਾ (ਤਿੰਨ) ਅਤੇ ਅਭਿਨੈ (ਦੋ) ਵਜੋਂ ਹੋਈ ਹੈ। ਇੱਛਾ ਤੇ ਅਭਿਨੈ ਭੈਣ-ਭਰਾ ਹਨ। ਹਾਦਸੇ ’ਚ ਇਕ ਮੱਝ ਤੇ ਸੱਤ ਬੱਕਰੀਆਂ ਵੀ ਮਾਰੀਆਂ ਗਈਆਂ।
ਸਥਾਨਕ ਵਾਸੀਆਂ ਨੇ ਦੱਸਿਆ ਕਿ ਧਮਾਕੇ ਕਾਰਨ ਇੱਕ ਦਰਜਨ ਦੇ ਕਰੀਬ ਘਰ ਵੀ ਨੁਕਸਾਨੇ ਗਏ ਹਨ। ਉਧਰ, ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰਦਿਆਂ ਕਿਹਾ ਕਿ ਜਦੋਂ ਤੱਕ ਸੂਬਾ ਸਰਕਾਰ ਉਨ੍ਹਾਂ ਨੂੰ ਮੁਆਵਜ਼ਾ ਨਹੀਂ ਦਿੰਦੀ ਲਾਸ਼ਾਂ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਬਾਅਦ ਵਿੱਚ, ਸ਼ਿਕੋਹਾਬਾਦ ਤੋਂ ਸਮਾਜਵਾਦੀ ਪਾਰਟੀ (ਸਪਾ) ਦੇ ਵਿਧਾਇਕ ਮੁਕੇਸ਼ ਵਰਮਾ ਨੇ ਕਿਹਾ ਕਿ ਪਰਿਵਾਰ ਦੇ ਮੈਂਬਰ ਆਖਰਕਾਰ ਇਸ ਭਰੋਸੇ ਮਗਰੋਂ ਸਹਿਮਤ ਹੋ ਗਏ ਕਿ ਉਨ੍ਹਾਂ ਨੂੰ ਜਲਦੀ ਹੀ ਮੁਆਵਜ਼ਾ ਦਿੱਤਾ ਜਾਵੇਗਾ। ਇਸੇ ਦੌਰਾਨ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਇਸ ਹਾਦਸੇ ਦਾ ਨੋਟਿਸ ਲੈਂਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। -ਪੀਟੀਆਈ