ਸਮਾਜਿਕ ਵਰਤਾਰਿਆਂ ਦੀ ਪੜਚੋਲ ‘ਪਾਣੀਆਂ ’ਤੇ ਵਹਿੰਦੀ ਪਨਾਹ’
ਡਾ. ਦੇਵਿੰਦਰ ਪਾਲ ਸਿੰਘ
‘ਪਾਣੀਆਂ ’ਤੇ ਵਹਿੰਦੀ ਪਨਾਹ’ ਕਹਾਣੀ ਸੰਗ੍ਰਹਿ ਦੀ ਲੇਖਿਕਾ ਜ਼ਾਹਿਦਾ ਹਿਨਾ, ਭਾਰਤੀ ਸੂਬੇ ਬਿਹਾਰ ਦੇ ਨਗਰ ਸਸਾਰਾਮ ਵਿਖੇ ਜਨਮੀ ਪਰ ਹੁਣ ਕਰਾਚੀ, ਪਾਕਿਸਤਾਨ ਦੀ ਵਸਨੀਕ ਹੈ। ਉਹ, ਜਿੱਥੇ ਪਿਛਲੇ ਲਗਭਗ ਪੰਜ ਦਹਾਕਿਆਂ ਤੋਂ ਉਰਦੂ ਪੱਤਰਕਾਰੀ ਦੇ ਖੇਤਰ ਵਿੱਚ ਵਿਲੱਖਣ ਕਾਲਮਨਵੀਸ ਹੈ, ਉੱਥੇ ਉਹ ਉਰਦੂ ਸਾਹਿਤ ਰਚਨਾ ਕਾਰਜਾਂ ਨੂੰ ਸਮਰਪਿਤ ਨਾਮਵਰ ਸ਼ਖ਼ਸੀਅਤ ਵਜੋਂ ਵੀ ਓਨੀ ਹੀ ਮਕਬੂਲ ਹੈ। 2001 ਵਿੱਚ ਉਸ ਦੇ ਵਿਲੱਖਣ ਸਾਹਿਤਕ ਕਾਰਜਾਂ ਕਾਰਨ, ਉਸ ਨੂੰ ਭਾਰਤ ਦੇ ਰਾਸ਼ਟਰਪਤੀ ਦੁਆਰਾ ਸਾਰਕ ਲਿਟਰੇਰੀ ਐਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ ਹੈ। ਹੁਣ ਤੱਕ ਪੱਤਰਕਾਰੀ ਨਾਲ ਸਬੰਧਿਤ ਉਸ ਦੇ 2000 ਤੋਂ ਵੀ ਵਧੇਰੇ ਲੇਖ, ਲਗਭਗ ਦਰਜਨ ਦੇ ਕਰੀਬ ਕਹਾਣੀ ਸੰਗ੍ਰਹਿ ਅਤੇ ਨਾਵਲ ਛਪ ਚੁੱਕੇ ਹਨ।
ਉਸ ਦੀਆਂ ਅਨੇਕ ਰਚਨਾਵਾਂ ਦਾ ਅਨੁਵਾਦ ਅੰਗਰੇਜ਼ੀ, ਹਿੰਦੀ, ਬੰਗਾਲੀ ਤੇ ਮਰਾਠੀ ਵਿੱਚ ਵੀ ਹੋ ਚੁੱਕਾ ਹੈ। ਹਾਲ ਹੀ ਵਿੱਚ ਰਾਬਿੰਦਰ ਸਿੰਘ ਬਾਠ ਉਸ ਦੇ ਕਹਾਣੀ ਸੰਗ੍ਰਹਿ ‘ਪਾਣੀਆਂ ’ਤੇ ਵਹਿੰਦੀ ਪਨਾਹ’ ਦਾ ਪੰਜਾਬੀ ਅਨੁਵਾਦ ਲੈ ਕੇ ਪੰਜਾਬੀ ਪਾਠਕਾਂ ਦੀ ਸੱਥ ਵਿੱਚ ਹਾਜ਼ਰ ਹੋਇਆ ਹੈ। ਜ਼ਿਕਰਯੋਗ ਹੈ ਕਿ ਇਸ ਕਿਤਾਬ ਦੇ ਰਿਲੀਜ਼ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਰਾਬਿੰਦਰ ਸਿੰਘ ਬਾਠ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੀ ਪਿਛਲੇ ਮਹੀਨੇ ਅੰਤਿਮ ਅਰਦਾਸ ਮੌਕੇ ਇਸ ਪੁਸਤਕ ਨੂੰ ਰਿਲੀਜ਼ ਕਰਨ ਦੀ ਰਸਮ ਅਦਾ ਕੀਤੀ ਗਈ।
ਰਾਬਿੰਦਰ ਸਿੰਘ ਬਾਠ ਇੱਕ ਅਜਿਹੀ ਸ਼ਖ਼ਸੀਅਤ ਰਹੀ ਹੈ ਜਿਸ ਨੇ ਵਿਭਿੰਨ ਭਾਸ਼ਾਵਾਂ ਦੇ ਨਾਮਵਰ ਲਿਖਾਰੀਆਂ ਦੀਆਂ ਰਚਨਾਵਾਂ (ਨਾਵਲ ਤੇ ਕਹਾਣੀ ਸੰਗ੍ਰਹਿਾਂ) ਦਾ ਪੰਜਾਬੀ ਅਨੁਵਾਦ ਕਰਦੇ ਹੋਏ ਲਗਭਗ ਡੇਢ ਦਰਜਨ ਕਿਤਾਬਾਂ ਮਾਂ-ਬੋਲੀ ਪੰਜਾਬੀ ਦੀ ਝੋਲੀ ਵਿੱਚ ਪਾਈਆਂ ਹਨ। ਕਿੱਤੇ ਵਜੋਂ ਪ੍ਰਸ਼ਾਸਕੀ ਵਿਭਾਗ ਦੇ ਕਾਰਕੁਨ ਵਜੋਂ ਬੇਸ਼ੱਕ ਉਸ ਦਾ ਸਾਹਿਤ ਨਾਲ ਦੂਰ ਦੂਰ ਦਾ ਵੀ ਰਿਸ਼ਤਾ ਨਹੀਂ ਸੀ, ਪਰ ਕਾਲਜ ਦੇ ਦਿਨਾਂ ਵਿੱਚ ਮਨ ਨੂੰ ਲੱਗੀ ਸਾਹਿਤਕ ਚੇਟਕ ਨੇ ਉਸ ਦੇ ਜੀਵਨ ਵਿੱਚ ਪੰਜਾਬੀ ਸਾਹਿਤ ਨਾਲ ਉਸ ਦਾ ਬਹੁਤ ਹੀ ਕਰੀਬੀ ਰਿਸ਼ਤਾ ਕਾਇਮ ਕਰ ਦਿੱਤਾ। ਇਸੇ ਚੇਟਕ ਕਾਰਨ ਉਸ ਨੇ ਵਿਭਿੰਨ ਭਾਸ਼ਾਵਾਂ (ਜਿਵੇਂ ਕਿ ਉਰਦੂ, ਅਸਾਮੀ, ਬੰਗਾਲੀ ਤੇ ਹਿੰਦੀ) ਦੇ ਨਾਮਵਰ ਲੇਖਕਾਂ ਜਿਵੇਂ ਕਿ ਮਹਰਉੱਦੀਨ ਖਾਂ, ਤਹਿਮੀਨਾ ਦੁੱਰਾਨੀ, ਆਬਦ ਸੁਰਤੀ, ਇੰਦਰਾ ਗੋਸਵਾਮੀ, ਦੂਧਨਾਥ ਸਿੰਘ, ਸੁਚਿੱਤਰਾ ਭੱਟਾਚਾਰੀਆ, ਮੋਹਨ ਚੋਪੜਾ, ਉਦੈ ਪ੍ਰਕਾਸ਼ ਤੇ ਮੰਨੂੰ ਭੰਡਾਰੀ ਆਦਿ ਦੇ ਨਾਵਲਾਂ/ਕਹਾਣੀ ਸੰਗ੍ਰਹਿਾਂ ਦਾ ਪੰਜਾਬੀ ਅਨੁਵਾਦ ਕੀਤਾ। ਰਾਬਿੰਦਰ ਸਿੰਘ ਬਾਠ ਇੱਕ ਅਜਿਹੀ ਨਿਆਰੀ ਸ਼ਖ਼ਸੀਅਤ ਰਹੀ ਹੈ, ਜਿਸ ਨੇ ਆਪਣਾ ਸਮੁੱਚਾ ਜੀਵਨ ਵਿਭਿੰਨ ਭਾਸ਼ਾਵਾਂ ਦੇ ਸ੍ਰੇਸ਼ਟ ਸਾਹਿਤ ਦੇ ਪਠਨ ਕਾਰਜਾਂ ਲਈ ਅਤੇ ਅਜਿਹੇ ਉੱਚ ਪਾਏ ਦੇ ਸਾਹਿਤ ਦੇ ਪੰਜਾਬੀ ਭਾਸ਼ਾ ਵਿੱਚ ਅਨੁਵਾਦ ਕਾਰਜਾਂ ਲਈ ਅਰਪਣ ਕੀਤਾ ਹੋਇਆ ਸੀ।
‘ਪਾਣੀਆਂ ’ਤੇ ਵਹਿੰਦੀ ਪਨਾਹ’ ਕਹਾਣੀ ਸੰਗ੍ਰਹਿ ਵਿੱਚ ਕੁੱਲ ਛੇ ਕਹਾਣੀਆਂ ਸ਼ਾਮਲ ਕੀਤੀਆਂ ਗਈਆਂ ਹਨ। ਕਹਾਣੀ ਸੰਗ੍ਰਹਿ ਦੀ ਪਹਿਲੀ ਕਹਾਣੀ ‘ਕੁਮਕੁਮ ਬਹੁਤ ਆਰਾਮ ਨਾਲ ਹੈ।’ ਰਾਬਿੰਦਰ ਨਾਥ ਟੈਗੋਰ ਦੀ ਬਹੁਚਰਚਿਤ ਕਹਾਣੀ ‘ਕਾਬਲੀ ਵਾਲਾ’ ਵਿਚਲੇ ਮੁੱਖ ਕਿਰਦਾਰ ਰਹਿਮਤ ਕਾਬਲੀ ਵਾਲਾ ਦੇ ਦਰਦ ਦੀ ਇਹ ਕਹਾਣੀ ਅਜੋਕੇ ਸੰਦਰਭ ਵਿੱਚ ਚਰਚਾ ਕਰਦੀ ਹੈ। ਕੁਮਕੁਮ, ਜੋ ‘ਕਾਬਲੀ ਵਾਲਾ’ ਕਹਾਣੀ ਦੀ ਨਾਇਕਾ ਮਿੰਨੀ ਦੀ ਪੋਤਰੀ ਹੈ, ਪੱਤਰ ਕਥਾ ਵਿਧਾ ਰਾਹੀਂ ਕਾਬਲ ਦੇ ਅਜੋਕੇ ਦੁਖਦ ਹਾਲਾਤ ਦਾ ਮਾਰਮਿਕ ਵਰਣਨ ਕਰਦੀ ਹੈ।
ਕਹਾਣੀ ਸੰਗ੍ਰਹਿ ਦੀ ਦੂਸਰੀ ਕਹਾਣੀ ‘ਜਲ ਹੈ ਸਾਰਾ ਜਾਲ’ ਜੋ ਕਹਾਣੀ ਦੀ ਮੁੱਖ ਪਾਤਰ ਤਮਕਨਤ ਅਸਦ ਦੇ ਜੀਵਨ ਵਿੱਚ ਦਰਪੇਸ਼ ਅਨੇਕ ਖੱਟੇ-ਮਿੱਠੇ ਤਜਰਬਿਆਂ, ਉਤਰਾਅ-ਚੜ੍ਹਾਅ, ਬਣਦੇ-ਵਿਗੜਦੇ ਹਾਲਾਤ, ਅਤੀਤ ਤੇ ਭਵਿੱਖ ਦੇ ਅੰਤਰਾਲ ਵਿੱਚ ਲਟਕਦੇ ਅਹਿਸਾਸਾਂ, ਔਖੇ ਪਲਾਂ ਦਾ ਸੁੰਨਤਾ ਭਰਿਆ ਸੰਨਾਟਾ ਤੇ ਅਧੂਰੇ ਸੁਪਨਿਆਂ ਦੇ ਮੰਜ਼ਰ ਦੀ ਦਾਸਤਾਂ ਦਾ ਜ਼ਿਕਰ ਕਰਦੀ ਹੈ। ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਦਾ ਸ਼ਿਕਾਰ ਤਮਕਨਤ ਦੇ ਬੇਬਾਕ ਬੋਲ ਮਾਨਵੀ ਜ਼ਿੰਦਗੀ ਦੀ ਅਟੱਲ ਸੱਚਾਈ ਨੂੰ ਇੰਝ ਬਿਆਨਦੇ ਹਨ: ‘...ਬਰਬਾਦੀ ਤੇ ਆਬਾਦੀ ਵਿੱਚ ਬੜਾ ਵਿਰੋਧਾਭਾਸ ਹੈ। ਇੱਕ ਦੀ ਆਬਾਦੀ ਦੂਜੇ ਦੀ ਬਰਬਾਦੀ ਹੋ ਨਿੱਬੜਦੀ ਹੈ। ਇੱਕ ਦੀ ਜਾਨ ਜਾਂਦੀ ਹੈ ਤਾਂ ਦੂਸਰੇ ਦੀ ਭੁੱਖ ਮਿਟਦੀ ਹੈ...ਜ਼ਿੰਦਗੀ ਤੋਂ ਬਿਹਤਰ ਤਾਂ ਇਕੁਏਰੀਅਮ ਹੈ। ਉਸ ਵਿੱਚ ਪਲਣ ਵਾਲੀਆਂ ਮੱਛੀਆਂ ਟੁਕੜਿਆਂ ਵਿੱਚ ਵੰਡ ਦਿੱਤੀਆਂ ਜਾਂਦੀਆਂ ਹਨ। ਛੋਟੀਆਂ ਤੇ ਵੱਡੀਆਂ ਮੱਛੀਆਂ ਅੱਡ ਅੱਡ ਰੱਖੀਆਂ ਜਾਂਦੀਆਂ ਹਨ। ਸਿਰਫ਼ ਇਕੁਏਰੀਅਮ ਹੀ ਇੱਕ ਐਸੀ ਜਗ੍ਹਾ ਹੈ ਜਿੱਥੇ ਕੋਈ ਵੱਡੀ ਮੱਛੀ ਛੋਟੀ ਮੱਛੀ ਨੂੰ ਨਿਗਲ ਨਹੀਂ ਸਕਦੀ।’
‘ਹੋਇਆ ਫਿਰ ਤੋਂ ਹੁਕਮ ਲਾਗੂ’ ਕਹਾਣੀ ਸੰਨ 1971 ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਾਪਰੇ ਜੰਗੀ ਹਾਲਾਤ ਦੌਰਾਨ ਸਰਹੱਦਾਂ ਦੇ ਆਰ ਪਾਰ ਵਸਦੇ ਪਰਿਵਾਰਾਂ ਦੇ ਦਰਦ ਦਾ ਬਾਖ਼ੂਬੀ ਬਿਆਨ ਕਰਦੀ ਹੈ। ਕਹਾਣੀ ਦੀ ਕੇਂਦਰੀ ਪਾਤਰ ਨਾਦਿਰਾ ਜੋ ਪਾਕਿਸਤਾਨ ਦੀ ਵਸਨੀਕ ਹੈ, ਭਾਰਤ ਵਿਖੇ ਆਪਣੇ ਬਿਮਾਰ ਬਾਪ, ਜੋ ਆਪਣੇ ਜੀਵਨ ਦੇ ਆਖ਼ਰੀ ਪਲਾਂ ਨਾਲ ਜੂਝ ਰਿਹਾ ਹੈ, ਨੂੰ ਮਿਲਣ ਲਈ ਹਰ ਸੰਭਵ ਯਤਨ ਕਰਨ ਦੇ ਬਾਵਜੂਦ ਮੁਲਾਕਾਤ ਤੋਂ ਵੰਚਿਤ ਰਹਿ ਜਾਂਦੀ ਹੈ। ਇਸ ਕਹਾਣੀ ਵਿੱਚ ਰਾਜਨੀਤਿਕ ਹੱਦਬੰਦੀ ਅਤੇ ਤਲਖ਼ ਹਾਲਾਤ ਦੇ ਸ਼ਿਕਾਰ ਮਨੁੱਖਾਂ ਦੀ ਬੇਵਸੀ ਦਾ ਵਰਣਨ ਬਹੁਤ ਉਦਾਸ ਕਰਨ ਵਾਲਾ ਹੈ।
‘ਨੀਂਦ ਦਾ ਜ਼ਰਦ ਲਿਬਾਸ’ ਕਹਾਣੀ ਆਪਣੇ ਹੀ ਦੇਸ਼ ਅੰਦਰ ਖ਼ਾਨਾਬਦੋਸ਼ ਹੋਈਆਂ ਬੇਦੋਸ਼ੀਆਂ ਰੂਹਾਂ ਦਾ ਦਰਦ ਸਮੋਈ ਬੈਠੀ ਹੈ। ਦੇਸ਼ ਵਿਦੇਸ਼ ਦੀਆਂ ਰਾਜਨੀਤਿਕ ਲੂੰਬੜ ਚਾਲਾਂ ਦਾ ਸ਼ਿਕਾਰ ਬੱਚਿਆਂ, ਔਰਤਾਂ ਤੇ ਮਰਦਾਂ ਦੀਆਂ ਦੁਸ਼ਵਾਰੀਆਂ, ਮਰਦ ਪ੍ਰਧਾਨ ਸਮਾਜ ਵਿੱਚ ਔਰਤ ਦਾ ਸਥਾਨ, ਦਮ-ਘੁੱਟਦੀਆਂ ਖ਼ਾਹਸ਼ਾਂ ਤੇ ਬੰਬਾਂ ਦੀ ਬਾਰਸ਼ ਵਿੱਚ ਵਕਤੋਂ ਪਹਿਲਾਂ ਮੁੱਕਿਆ ਬਚਪਨ ਆਦਿ ਅਨੇਕ ਵਿਸ਼ੇ ਇਸ ਕਹਾਣੀ ਦੀ ਬੁੱਕਲ ਵਿੱਚ ਛੁਪੇ ਹੋਏ ਹਨ। ਲੇਖਿਕਾ ਨੇ ਮਨੁੱਖੀ ਭਾਵਨਾਵਾਂ ਦਾ ਬਿਰਤਾਂਤ ਬਹੁਤ ਹੀ ਭਾਵਮਈ ਕੀਤਾ ਹੈ।
‘ਪਾਣੀਆਂ ’ਤੇ ਵਹਿੰਦੀ ਪਨਾਹ’ ਕਹਾਣੀ, ਜਿਸ ’ਤੇ ਕਿਤਾਬ ਦਾ ਨਾਮ ਰੱਖਿਆ ਗਿਆ ਹੈ, ਇੱਕ ਲਾਸਾਨੀ ਕਹਾਣੀ ਹੋ ਨਿੱਬੜਦੀ ਹੈ ਜਦ ਰਹਿਮਤ ਚਾਚਾ ਆਪਣੇ ਬੇਵਸੀ ਭਰੇ ਹਾਲਾਤ ਦੇ ਹਨੇਰੇ ਵਿੱਚੋਂ ਨਿਕਲ ਮੌਜੂਦਾ ਸਾਮਰਾਜੀ ਤਾਕਤਾਂ ਦੀ ਵਿਰੋਧੀ ਤੇ ਜਨ ਹਿਤੇਸ਼ੀ ਲੇਖਿਕਾ ਕੁੰਦਨ ਹੁਸੈਨ ਦੇ ਜੀਵਨ ਦੀ ਰਾਖੀ ਲਈ ਆਪਣੇ ਜੀਵਨ ਦੀ ਬਾਜ਼ੀ ਤੱਕ ਲਾਉਣ ਲਈ ਤਤਪਰ ਹੋ ਜਾਂਦਾ ਹੈ। ‘ਤਿਤਲੀਆਂ ਫੜਣ ਵਾਲੀ’ ਕਹਾਣੀ ਆਦਰਸ਼ਵਾਦੀ ਨਰਗਿਸ ਦੇ ਫਾਂਸੀ ਵੱਲ ਅਡੋਲਤਾ ਨਾਲ ਵਧਦੇ ਕਦਮਾਂ ਦੀ ਦਾਸਤਾਂ ਹੈ। ਮਮਤਾ ਭਰੀ ਸੰਵੇਦਨਾ ਤੇ ਆਦਰਸ਼ ਪ੍ਰਤੀ ਸੁਦ੍ਰਿੜਤਾ ਦੀ ਕਸ਼ਮਕਸ਼ ਵਿੱਚ ਨਰਗਿਸ ਆਪਣੇ ਆਦਰਸ਼ ’ਤੇ ਫਿਦਾ ਹੋ ਜਾਂਦੀ ਹੈ। ਲੇਖਿਕਾ ਨੇ ਨਰਗਿਸ ਦੇ ਕਿਰਦਾਰ ਨੂੰ ਬਹੁਤ ਹੀ ਸੰਵੇਦਨਾ ਤੇ ਖ਼ੂਬਸੂਰਤੀ ਨਾਲ ਸਿਰਜਿਆ ਹੈ।
ਇਸ ਕਹਾਣੀ ਸੰਗ੍ਰਹਿ ਦੀਆਂ ਸਾਰੀਆਂ ਕਹਾਣੀਆਂ ਮੌਜੂਦਾ ਸਮੇਂ ਦੇ ਹਕੀਕੀ ਹਾਲਾਤ ਨੂੰ ਬੇਬਾਕੀ ਨਾਲ ਪੇਸ਼ ਕਰਨ ਕਾਰਨ ਪਾਠਕ ਦਾ ਮਨ ਮੋਹ ਲੈਣ ਦੇ ਸਮਰੱਥ ਹਨ। ਮਨੁੱਖੀ ਦੁਸ਼ਵਾਰੀਆਂ ਦੇ ਬਿਰਤਾਂਤ ਨਾਲ ਅੋਤਪ੍ਰੋਤ, ਅਹਿਸਾਸਾਂ ਤੇ ਮਾਨਵੀ ਮੁੱਲਾਂ ਨਾਲ ਲਥ-ਪਥ, ਬਣਦੇ-ਵਿਗੜਦੇ ਹਾਲਾਤ ਨਾਲ ਲਬਰੇਜ਼, ਇਹ ਕਹਾਣੀਆਂ ਪਾਠਕ ਨੂੰ ਇੱਕ ਗਹਿਰੀ ਉਦਾਸੀ ਦੇ ਰੂਬਰੂ ਕਰਾਉਂਦੀਆਂ ਹਨ।
ਸਮਾਜਿਕ ਵਰਤਾਰਿਆਂ ਦੀ ਪੜਚੋਲ ਤੇ ਮੁਲਾਂਕਣ ਦੇ ਨਜ਼ਰੀਏ ਤੋਂ ਇਹ ਇੱਕ ਵਧੀਆ ਕਹਾਣੀ ਸੰਗ੍ਰਹਿ ਹੈ ਜੋ ਵਿਸ਼ਵਵਿਆਪੀ ਸਮਾਜਿਕ, ਸੱਭਿਆਚਾਰਕ ਤੇ ਰਾਜਨੀਤਿਕ ਹਾਲਾਤ ਬਾਰੇ ਬਹੁਪੱਖੀ ਜਾਣਕਾਰੀ ਪੇਸ਼ ਕਰਦਾ ਹੈ। ਮਾਨਵੀ ਧਾਰਨਾਵਾਂ ਅਤੇ ਕਦਰਾਂ-ਕੀਮਤਾਂ ਬਾਰੇ ਵਿਲੱਖਣ ਸੂਝ ਪ੍ਰਦਾਨ ਕਰਦਾ ਹੈ। ਰਾਬਿੰਦਰ ਸਿੰਘ ਬਾਠ ਵੱਲੋਂ ਇਸ ਕਹਾਣੀ ਸੰਗ੍ਰਹਿ ਦੇ ਪੰਜਾਬੀ ਵਿੱਚ ਅਨੁਵਾਦ ਦੀ ਚੋਣ ਪ੍ਰਸ਼ੰਸਾਯੋਗ ਹੈ। ‘ਪਾਣੀਆਂ ’ਤੇ ਵਹਿੰਦੀ ਪਨਾਹ’ (ਪੰਜਾਬੀ ਸੰਸਕਰਣ) ਨੂੰ ਪੜ੍ਹ ਕੇ ਇੰਝ ਜਾਪਦਾ ਹੈ ਕਿ ਜਿਵੇਂ ਇਹ ਕਹਾਣੀ ਸੰਗ੍ਰਹਿ ਮੂਲ ਰੂਪ ਵਿੱਚ ਪੰਜਾਬੀ ਵਿੱਚ ਹੀ ਲਿਖਿਆ ਗਿਆ ਹੈ ਜੋ ਅਨੁਵਾਦਕਰਤਾ ਦੀ ਮੁਹਾਰਤ ਦਾ ਪ੍ਰਤੱਖ ਸਬੂਤ ਹੈ।
ਰਾਬਿੰਦਰ ਸਿੰਘ ਬਾਠ ਦੁਆਰਾ ਨਾਮਵਰ ਲੇਖਕਾਂ ਦੀਆਂ ਰਚਨਾਵਾਂ ਦੇ ਪੰਜਾਬੀ ਅਨੁਵਾਦ-ਕਾਰਜ, ਵਿਭਿੰਨ ਸਮੁਦਾਇ ਦੇ ਲੋਕਾਂ ਦੇ ਸਮਾਜਿਕ ਤਾਣੇ-ਬਾਣੇ, ਰੀਤੀ ਰਿਵਾਜਾਂ ਅਤੇ ਸੱਭਿਆਚਾਰਾਂ ਨਾਲ ਸਬੰਧਤ ਗਿਆਨ ਨੂੰ ਸਹਿਜ ਰੂਪ ਵਿੱਚ ਪ੍ਰਗਟਾਉਣ ਕਾਰਨ, ਪੰਜਾਬੀ ਪਾਠਕਾਂ ਦੇ ਗਿਆਨ ਦੇ ਦਾਇਰੇ ਨੂੰ ਮੋਕਲਾ ਕਰਨ ਵਿੱਚ ਅਹਿਮ ਰੋਲ ਅਦਾ ਕਰਨ ਦੇ ਸਮਰੱਥ ਹਨ। ਯੂਨੀਸਟਾਰ ਬੁੱਕਸ ਪ੍ਰਾਈਵੇਟ ਲਿਮਟਿਡ, ਮੁਹਾਲੀ ਵੱਲੋਂ ਰਾਬਿੰਦਰ ਸਿੰਘ ਬਾਠ ਦੀ ਇਸ ਨਵੀਂ ਪੇਸ਼ਕਸ਼ ਦੀ ਛਪਾਈ ਦਾ ਉੱਦਮ ਪ੍ਰਸੰਸਾਯੋਗ ਹੈ। ‘ਪਾਣੀਆਂ ’ਤੇ ਵਹਿੰਦੀ ਪਨਾਹ’ ਇੱਕ ਵਧੀਆ ਕਹਾਣੀ ਸੰਗ੍ਰਹਿ ਹੈ ਜਿਸ ਦੇ ਪੰਜਾਬੀ ਪਾਠਕ ਜਗਤ ਵਿੱਚ ਸ਼ੁੱਭ ਆਗਮਨ ਲਈ ਜੀ ਆਇਆ ਹੈ।
ਈਮੇਲ: drdpsn@gmail.com