ਰਿਸ਼ਤਿਆਂ ਦੇ ਰੰਗ
ਗੁਰਮਲਕੀਅਤ ਸਿੰਘ ਕਾਹਲੋਂ
ਉਸ ਦਿਨ ਸਵੇਰੇ ਆਏ ਫੋਨ ਤੋਂ ਬਾਅਦ ਰਾਣੋ ਦੇ ਮਨ ’ਚ ਅਜੀਬ ਜਿਹੇ ਖ਼ਿਆਲ ਆ ਰਹੇ ਸਨ। ਬਿਲਕੁਲ ਸੁਪਨਿਆਂ ਵਾਂਗ ਜਿਨ੍ਹਾਂ ਦਾ ਵਜੂਦ ਕਲਪਨਾਵਾਂ ਤੱਕ ਸੀਮਤ ਹੁੰਦੈ। ਕੋਈ ਖ਼ਿਆਲ ਆਉਂਦਾ ਤੇ ਮਨ ’ਚ ਕੋਈ ਹਲਚਲ ਕੀਤੇ ਬਗੈਰ ਵਿਸਰ ਜਾਂਦਾ। ਉਸ ਦੀਆਂ ਅੱਖਾਂ ਮੂਹਰੇ ਕਈ ਤਰ੍ਹਾਂ ਦੇ ਦ੍ਰਿਸ਼ ਘੁੰਮਣ ਲੱਗਦੇ। ਗੁਰੀ ਤੇ ਮਨੂੰ ਦੇ ਕਾਲਜ ਤੋਂ ਆਉਣ ਦਾ ਵੇਲਾ ਹੋ ਗਿਆ ਸੀ ਪਰ ਲੰਚ ਤਿਆਰ ਹੋਣਾ ਸੀ। ਕਾਹਲੀ ’ਚ ਸਲਾਦ ਕੱਟਦਿਆਂ ਚਾਕੂ ਦੀ ਚੁੰਝ ਉਸ ਦੀ ਉਂਗਲ ’ਚ ਖੁੱਭ ਗਈ ਸੀ। ਠੰਢੇ ਪਾਣੀ ’ਚ ਡਬਾਉਣ ਤੋਂ ਬਾਅਦ ਬੈਂਡੇਡ ਲੱਭਣ ਤੱਕ ਉਸ ਨੇ ਜ਼ਖ਼ਮੀ ਪੋਟੇ ਨੂੰ ਅੰਗੂਠੇ ਨਾਲ ਘੁੱਟੀ ਰੱਖਿਆ। ਉਸ ਦਾ ਪਤੀ ਡਾ. ਭੱਟੀ ਸੂਬਾਈ ਸਕੱਤਰੇਤ ’ਚ ਅਫ਼ਸਰ ਸੀ। ਕੰਮ ਵਾਲੀ ਸੁਨੀਤਾ ਆਈ ਤਾਂ ਆਪਣੇ ਕੰਮ ਸੀ ਪਰ ਰਾਣੋ ਦੀ ਉਂਗਲ ’ਤੇ ਬੈਂਡੇਡ ਵੇਖ ਕੇ ਉਸ ਨੇ ਲੰਚ ਦਾ ਰਹਿੰਦਾ ਕੰਮ ਆਪੇ ਸੰਭਾਲ ਲਿਆ। ਖਾਣਾ ਖਾਂਦਿਆਂ ਮਨੂੰ ਨੇ ਮਾਂ ਦੀ ਚੁੱਪ ਤੋਂ ਸਮਝ ਲਿਆ ਸੀ ਕਿ ਜ਼ਰੂਰ ਕੋਈ ਗੱਲ ਹੈ ਪਰ ਰਾਣੋ ਨੇ ਕੱਟ ਦੇ ਦਰਦ ਦਾ ਬਹਾਨਾ ਲਾ ਕੇ ਟਾਲ ਦਿੱਤਾ।
ਸ਼ਾਮ ਨੂੰ ਡਾ. ਭੱਟੀ ਨੂੰ ਘਰ ਵੜਦੇ ਹੀ ਮਹਿਸੂਸ ਹੋ ਗਿਆ ਕਿ ਰਾਣੋ ਦਾ ਮੂਡ ਠੀਕ ਨਹੀਂ ਪਰ ਬੱਚਿਆਂ ਦੀ ਕੋਈ ਜ਼ਿੱਦ ਸਮਝ ਕੇ ਗੰਭੀਰ ਨਾ ਹੋਇਆ। ਰਾਣੋ ਰਸੋਈ ਵਿੱਚ ਰੁੱਝੀ ਰਹੀ ਤੇ ਬਾਕੀ ਤਿੰਨਾਂ ’ਚੋਂ ਕੋਈ ਟੀਵੀ ਮੂਹਰੇ ਬੈਠ ਗਿਆ, ਕਿਸੇ ਨੇ ਕਿਤਾਬ ਫੜ ਲਈ ਤੇ ਕੋਈ ਆਪਣੇ ਮੋਬਾਈਲ ’ਤੇ ਗੇਮਾਂ ’ਚ ਮਸਤ ਹੋ ਗਿਆ। ਅਕਤੂਬਰ ਦਾ ਚੜ੍ਹਾਅ ਗਰਮੀ ਨੂੰ ਬਾਏ ਬਾਏ ਕਰਨ ਲੱਗ ਪਿਆ ਸੀ ਪਰ ਠੰਢ ਅਜੇ ਨਹੀਂ ਸੀ ਹੋਈ, ਪਰ ਰਸੋਈ ’ਚ ਖੜ੍ਹੀ ਰਾਣੋ ਦੇ ਹੱਥ ਪੈਰ ਨਿੱਘ ਭਾਲ ਰਹੇ ਸਨ। ਦੁੱਧ ਉਬਲ ਕੇ ਪਤੀਲੇ ’ਚੋਂ ਬਾਹਰ ਡਿੱਗਿਆ ਤਾਂ ਰਾਣੋ ਦਾ ਧਿਆਨ ਪਿਆ ਤੇ ਗੈਸ ਬੰਦ ਕੀਤੀ। ਪਤੀ ਦੀ ਪਸੰਦ ਦੇ ਫੁਲਕੇ ਬਣਾਉਣੇ ਉਸ ਨੂੰ ਉਦੋਂ ਯਾਦ ਆਏ ਜਦ ਗੁੰਨ੍ਹਿਆ ਆਟਾ ਪੱਕ ਚੁੱਕਾ ਸੀ। ਖਾਣਾ ਮੇਜ਼ ’ਤੇ ਲਾਇਆ ਤਾਂ ਦੋਵੇਂ ਬੱਚੇ ਤਾਂ ਇੱਕੋ ਆਵਾਜ਼ ਨਾਲ ਆਣ ਬੈਠੇ ਪਰ ਉਸ ਦੇ ਪਤੀ ਦੇਵ ਦੀ ਨਜ਼ਰ ਖ਼ਬਰ ਬਣੀ ਕਿਸੇ ਖ਼ਾਸ ਘਟਨਾ ਦਾ ਹਾਲ ਜਾਣਨ ਲਈ ਟੀਵੀ ਤੋਂ ਨਹੀਂ ਸੀ ਹਟ ਰਹੀ। ਰਾਣੋ ਨੇ ਮੋਢਾ ਹਲੂਣਿਆਂ ਤਾਂ ਉਹ ਆਪਣੇ ਆਪ ’ਚ ਆਇਆ। ਪਤਨੀ ਦੀ ਅਪਣੱਤ ਉਸ ਨੂੰ ਚੰਗੀ ਲੱਗੀ। ਖਾਣੇ ਤੋਂ ਬਾਅਦ ਦੀ ਸੈਰ ਦਾ ਪ੍ਰੋਗਰਾਮ ਡਾ. ਭੱਟੀ ਨੇ ਥੱਕੇ ਹੋਣ ਕਰਕੇ ਟਾਲ ਦਿੱਤਾ ਸੀ।
ਕਿਤੇ ਉਸ ਦਾ ਬੀਪੀ ਨਾ ਵਧਿਆ ਹੋਏ, ਰਾਣੋ ਦੇ ਮਨ ’ਚ ਸਵਾਲ ਆਇਆ। ਉਸ ਨੇ ਦਿਨ ’ਚ ਖਾਧੇ ਖਾਣਿਆਂ ’ਤੇ ਨਜ਼ਰ ਮਾਰੀ। ਦਵਾਈ ਉਹ ਕੋਈ ਲੈਂਦੀ ਨਹੀਂ ਸੀ। ਕਈ ਕੁਝ ਸੋਚ ਕੇ ਰਾਣੋ ਬੈਂਡ ’ਤੇ ਜਾ ਪਈ। ਭੱਟੀ ਟੀਵੀ ਬੰਦ ਕਰਕੇ ਕਮਰੇ ’ਚ ਗਿਆ ਤਾਂ ਰਾਣੋ ਘੂਕ ਸੁੱਤੀ ਪਈ ਸੀ। ਫੋਨ ਬੰਦ ਕਰਕੇ ਉਹ ਵੀ ਪੈ ਗਿਆ। ਸਵੇਰੇ ਰਾਣੋ ਉੱਠੀ ਤਾਂ ਮਨ ਕੱਲ੍ਹ ਤੋਂ ਥੋੜ੍ਹਾ ਹਲਕਾ ਹੋਇਆ ਲੱਗਾ। ਉਹ ਰੋਜ਼ ਦੇ ਕੰਮਾਂ ਵਿੱਚ ਲੱਗ ਗਈ। ਉਸ ਦਿਨ ਦੀ ਛੁੱਟੀ ਬਾਰੇ ਸੁਨੀਤਾ ਕੱਲ੍ਹ ਕਹਿ ਗਈ ਸੀ। 9 ਵਜੇ ਤੱਕ ਬੱਚੇ ਚਲੇ ਗਏ ਤੇ ਥੋੜ੍ਹੇ ਮਿੰਟਾਂ ਬਾਅਦ ਡਾ. ਭੱਟੀ ਨੇ ਕਾਰ ਸਟਾਰਟ ਕਰ ਲਈ। ਲੰਚ ਵਿੱਚ ਕੀ ਕੀ ਹੈ, ਬਾਰੇ ਸੁਣਦੇ ਹੋਏ ਰਾਣੋ ਦੇ ਬੁੱਲ੍ਹਾਂ ’ਤੇ ਆਇਆ ਨਿਖਾਰ ਵੇਖ ਕੇ ਡਾ. ਭੱਟੀ ਨੇ ਕੱਲ੍ਹ ਵਾਲੀ ਗੱਲ ਛੇੜਨੀ ਮੁਨਾਸਬ ਨਾ ਸਮਝੀ। ਦਫ਼ਤਰੀ ਬੈਗ ਤੇ ਟਿਫਨ ਬੌਕਸ ਉਸ ਨੇ ਕਾਰ ’ਚ ਰੱਖਿਆ ਤੇ ਗੇਟ ਖੋਲ੍ਹ ਕੇ ਖੜ੍ਹੀ ਰਾਣੋ ਵੱਲ ਹੱਥ ਹਿਲਾਉਂਦਾ ਸੜਕੇ ਪੈ ਗਿਆ। ਗੇਟ ਬੰਦ ਕਰਕੇ ਰਾਣੋ ਨੇ ਪਹਿਲਾਂ ਕਮਰਿਆਂ ਦੀ ਝਾੜ ਪੂੰਝ ਕੀਤੀ ਤੇ ਫਿਰ ਝਾੜੂ ਲਾ ਕੇ ਪੋਚਾ ਲਾਉਣ ਲੱਗੀ। ਘੰਟੇ ਤੋਂ ਪਹਿਲਾਂ ਉਹ ਵਿਹਲੀ ਹੋ ਗਈ ਤਾਂ ਉਸ ਨੇ ਘੜੀ ਵੱਲ ਵੇਖਿਆ ਤੇ ਟੀਵੀ ਦਾ ਰਿਮੋਟ ਫੜ ਕੇ ਔਨ ਕਰ ਲਿਆ। ਉਸ ਦੇ ਮਨ-ਪਸੰਦ ਸੀਰੀਅਲ ਦਾ ਸਮਾਂ ਹੋ ਗਿਆ ਸੀ।
ਸੀਰੀਅਲ ਦੀ ਉਸ ਕਿਸ਼ਤ ’ਚ ਮੁੱਖ ਪਾਤਰ ਦੇ ਮਾਪਿਆਂ ਪ੍ਰਤੀ ਸਤਿਕਾਰ ਦੀ ਝਲਕ ਸੀ। ਉਨ੍ਹਾਂ ਗੱਲਾਂ ਨੂੰ ਕਦੇ ਉਹ ਆਪਣੇ ਪਤੀ ’ਤੇ ਲਾਗੂ ਕਰਕੇ ਵੇਖਦੀ ਤੇ ਕਦੇ ਆਪਣੇ ਛੋਟੇ ਭਰਾ ਹਰਿੰਦਰ ’ਤੇ। ਕਦੇ ਉਹ ਆਪਣੇ ਵੱਲੋਂ ਸੱਸ-ਸਹੁਰੇ ਪ੍ਰਤੀ ਨਿਭਾਏ ਜਾ ਰਹੇ ਫਰਜ਼ਾਂ ਦੇ ਲੇਖੇ ਜੋਖੇ ’ਚ ਪੈ ਜਾਂਦੀ ਤੇ ਕਦੇ ਆਪਣੇ ਡੈਡੀ ਦੇ ਇਕੱਲੇ ਪਿੰਡ ਛੱਡਣ ਦਾ ਖ਼ਿਆਲ ਉਸ ’ਤੇ ਹਾਵੀ ਹੋ ਜਾਂਦਾ। ਭਾਬੀ ਦਾ ਸੁਭਾਅ, ਭਰਾ ਵੱਲੋਂ ਪਤਨੀ ਦੀ ਇੱਛਾ ਨੂੰ ਪਹਿਲ ਵਾਲੀਆਂ ਰੀਲ੍ਹਾਂ ਉਸ ਦੀਆਂ ਅੱਖਾਂ ਮੂਹਰੇ ਘੁੰਮਦੀਆਂ ਰਹੀਆਂ। ਮੰਮੀ ਦੀ ਮੌਤ ਤੋਂ ਬਾਅਦ ਡੈਡੀ ਪ੍ਰਤੀ ਆਪਣੇ ਫਰਜ਼ਾਂ ਦੀ ਪੁਣ-ਛਾਣ ’ਤੇ ਆ ਕੇ ਉਹ ਅਟਕ ਗਈ। ਉਸ ਨੇ ਟੀਵੀ ਬੰਦ ਕੀਤਾ ਤੇ ਸੋਫੇ ਦੀ ਢੋਅ ਨੂੰ ਪਿੱਛੇ ਖਿਸਕਾਇਆ ਤੇ ਅੱਖਾਂ ਬੰਦ ਕਰਕੇ ਬਚਪਨ ’ਚ ਪਹੁੰਚ ਗਈ।
ਉਸ ਦਾ ਡੈਡੀ ਮਾਪਿਆਂ ਦਾ ਪਲੇਠਾ ਪੁੱਤਰ ਸੀ। ਤਿੰਨੇ ਭੂਆ ਤੇ ਚਾਚਾ ਛੋਟੇ ਸਨ। ਅਜੇ ਉਹ ਮਾਸਟਰ ਲੱਗਾ ਈ ਸੀ ਕਿ ਕਿਸੇ ਹੋਰ ਦੇ ਭੁਲੇਖੇ ਉਸ ਦੇ ਪਿਓ ਦਾ ਕਤਲ ਹੋ ਗਿਆ ਤੇ ਲੋਕ ਉਸ ਨੂੰ ਲਾਣੇਦਾਰ ਕਹਿਣ ਲੱਗ ਪਏ। ਰਾਣੋ ਨੂੰ ਯਾਦ ਆਇਆ, ਦਾਦੀ ਦੱਸਦੀ ਹੁੰਦੀ ਸੀ ਕਿ ਲਾਣੇਦਾਰ ਨੇ ਕਿੰਨਾ ਔਖੇ ਹੋ ਕੇ ਨਿੱਕੇ ਭਰਾ ਤੇ ਭੈਣਾਂ ਨੂੰ ਪੜ੍ਹਾਇਆ ਤੇ ਪੈਰਾਂ ਸਿਰ ਕੀਤਾ ਸੀ। ਆਪਣੇ ਸਕੂਲ ਤੇ ਕਾਲਜ ਦਾ ਸਮਾਂ ਰਾਣੋ ਦੀਆਂ ਅੱਖਾਂ ਮੂਹਰਿਓਂ ਲੰਘਿਆ। ਇੱਕ ਵਾਰ ਅਧਿਆਪਕਾਂ ਦੀ ਲੰਮੀ ਹੜਤਾਲ ਕਰਕੇ ਸਰਕਾਰ ਨੇ ਤਨਖਾਹਾਂ ਨਹੀਂ ਸੀ ਦਿੱਤੀਆਂ ਤੇ ਘਰ ਦਾ ਲੂਣ ਤੇਲ ਕਿੰਨਾ ਔਖਾ ਹੋ ਗਿਆ ਸੀ। ਕਾਲਜ ਦੀ ਫੀਸ ਵਿੱਚ ਦੇਰੀ ਕਰਕੇ ਕਲਾਸ ’ਚ ਖੜ੍ਹੇ ਹੋ ਕੇ ਕਾਰਨ ਦੱਸਣਾ ਉਸ ਨੂੰ ਕਿੰਨਾ ਔਖਾ ਲੱਗਿਆ ਸੀ। ਵੀਰੇ ਹਰਿੰਦਰ ਦੀ ਫੀਸ ਦੀ ਅੜੀ ਮੂਹਰੇ ਡੈਡੀ ਨੂੰ ਕਿਸੇ ਅੱਗੇ ਹੱਥ ਅੱਡਣੇ ਪਏ ਸਨ। ਉਸ ਦੇ ਚੇਤਿਆਂ ’ਚੋਂ ਕਿੰਨਾ ਕੁਝ ਹੋਰ ਆਪਣੇ ਆਪ ਉੱਭਰਦਾ ਰਿਹਾ ਪਰ ਕੱਲ੍ਹ ਸਵੇਰੇ ਚਾਚੀ ਦਾ ਫੋਨ ਚੁੱਕਦਿਆਂ ਹੀ ਜੋ ਉਸ ਦੇ ਕੰਨੀਂ ਪਿਆ, ਉਸ ਨੇ ਰਾਣੋ ਨੂੰ ਹਿਲਾ ਕੇ ਰੱਖ ਦਿੱਤਾ ਸੀ।
“ਆਪਣੇ ਪਿਓ ਨੂੰ ਲੈ ਜਾਓ ਆ ਕੇ, ਸਾਡੇ ਤੋਂ ਨਹੀਂ ਸਾਂਭਿਆ ਜਾਂਦਾ ਹੁਣ ਇਹ।’’
ਚਾਚੀ ਦੇ ਕੜਕਵੇਂ ਬੋਲ ਸੁਣ ਕੇ ਉਸ ਦੇ ਕੰਨ ਲਾਲ ਤੇ ਦਿਮਾਗ਼ ਸੁੰਨ ਹੋ ਗਿਆ ਸੀ। ਉਹੀ ਚਾਚੀ ਜੋ ਕਿੰਨੀ ਵਾਰ ਚਾਚੇ ਨਾਲ ਲੜਕੇ ਪੇਕੇ ਚਲੀ ਜਾਂਦੀ ਸੀ ਤੇ ਡੈਡੀ ਮਿੰਨਤਾਂ ਕਰਕੇ ਲੈ ਆਉਂਦੇ ਸਨ। ਉਹੀ ਚਾਚੀ ਹੁਣ ਜੇਠ ਦਾ ਸਤਿਕਾਰ ਭੁੱਲ ਗਈ ਸੀ। ਕੱਲ੍ਹ ਤੋਂ ਇਹੀ ਸਵਾਲ ਉਸ ਦੇ ਮਨ ’ਤੇ ਛਾਇਆ ਪਿਆ ਸੀ। ਉਹ ਜਾਣਦੀ ਸੀ ਕਿ ਡੈਡੀ ਨੇ ਧੀ ਦੇ ਘਰ ਰਹਿਣ ਲਈ ਨਹੀਂ ਮੰਨਣਾ। ਉਸ ਦੀ ਭਾਬੀ ਬਬਲੀ ਨੂੰ ਸਹੁਰੇ ਦੇ ਵਾਰ ਵਾਰ ਬਾਥਰੂਮ ਜਾਣ ਦੀ ਸਮੱਸਿਆ ਸੀ। ਜੀਵਨ ਸਾਥਣ ਤੇ ਮਾਪਿਆਂ ਵਿਚਾਲੇ ਤਾਲਮੇਲ ਬੈਠਾਉਣ ’ਚ ਹਰਿੰਦਰ ਫੇਲ੍ਹ ਸੀ। ਸਵੇਰੇ ਉਸ ਨੇ ਚਾਚੀ ਨੂੰ ਤਾਂ ਕਹਿ ਦਿੱਤਾ ਸੀ ਕਿ ਇੱਕ ਦੋ ਦਿਨਾਂ ਵਿੱਚ ਲੈ ਜਾਵਾਂਗੇ, ਪਰ ਉਸ ਨੂੰ ਇਸ ਦਾ ਹੱਲ ਨਹੀਂ ਸੀ ਲੱਭ ਰਿਹਾ ਕਿ ਡੈਡੀ ਨੂੰ ਰੱਖਿਆ ਕਿੱਥੇ ਜਾਏ?
ਰਾਣੋ ਨੂੰ ਬਬਲੀ ਵੱਲੋਂ ਪਤੀ ਨਾਲ ਰੁੱਸ ਕੇ ਪੇਕੇ ਜਾਣਾ ਵੀ ਯਾਦ ਆਇਆ। ਅਖੇ, ਮੈਥੋਂ ਕਿਰਾਏ ਦੇ ਘਰ ’ਚ ਨਹੀਂ ਰਹਿ ਹੁੰਦਾ। ਪਿੰਡ ਨਾ ਰਹਿਣ ਦੀ ਸ਼ਰਤ ਉਸ ਨੇ ਵਿਆਹ ਤੋਂ ਪਹਿਲਾਂ ਹਰਿੰਦਰ ਤੋਂ ਮਨਵਾ ਲਈ ਸੀ। ਉਦੋਂ ਡੈਡੀ ਨੂੰ ਪੁੱਤ ਦੀ ਸਮੱਸਿਆ ਹੱਲ ਕਰਨ ਦੀ ਚਿੰਤਾ ਵੱਢ ਵੱਢ ਖਾ ਰਹੀ ਸੀ। ਉਦੋਂ ਤੱਕ ਡੈਡੀ ਨੂੰ ਗ੍ਰੈਚੁਇਟੀ ਨਹੀਂ ਸੀ ਮਿਲੀ। ਪੁੱਤ ਨੂੰ ਸ਼ਹਿਰ ਵਿੱਚ ਘਰ ਲੈ ਕੇ ਦੇਣ ਦੀ ਪਹੁੰਚ ਨਹੀਂ ਸੀ। ਹਰਿੰਦਰ ਦੀ ਤਨਖਾਹ ਖਾਤੇ ਵਿੱਚ ਪੈਂਦਿਆਂ ਹੀ ਬਬਲੀ ਹੱਥਾਂ ’ਚ ਕਰ ਲੈਂਦੀ ਸੀ। ਮਨ ’ਤੇ ਪੱਥਰ ਰੱਖ ਕੇ ਡੈਡੀ ਨੇ ਸਾਂਝੇ ਘਰ ਦਾ ਮੁੱਲ ਪਾ ਕੇ ਛੋਟੇ ਭਰਾ ਨੂੰ ਦੇ ਦਿੱਤਾ ਸੀ ਤੇ ਉਸੇ ਰਕਮ ਨਾਲ ਹਰਿੰਦਰ ਨੂੰ ਸ਼ਹਿਰ ’ਚ ਤਿੰਨ ਕਮਰਿਆਂ ਵਾਲਾ ਘਰ ਲੈ ਦਿੱਤਾ। ਛੋਟੇ ਭਰਾ ਨੂੰ ਮਨਾ ਲਿਆ ਸੀ ਕਿ ਜ਼ਿੰਦਗੀ ਦੇ ਰਹਿੰਦੇ ਸਾਲ ਉਹ ਕੋਨੇ ਵਾਲਾ ਕਮਰਾ ਡੈਡੀ ਤੋਂ ਖਾਲੀ ਨਹੀਂ ਕਰਾਏਗਾ। ਚਾਰ ਕੁ ਸਾਲਾਂ ਤੋਂ ਡੈਡੀ ਉਸੇ ਕਮਰੇ ’ਚ ਰਹਿ ਰਹੇ ਸਨ। ਬੀਤੇ ਦੇ ਕਿੰਨੇ ਦ੍ਰਿਸ਼ ਰਾਣੋ ਦੀਆਂ ਅੱਖਾਂ ਮੂਹਰੇ ਘੁੰਮੀ ਜਾ ਰਹੇ ਸਨ।
ਰਾਣੋ ਆਪਣੇ ਆਪ ’ਚ ਆਉਣ ਦੇ ਬਥੇਰੇ ਯਤਨ ਕਰਦੀ, ਪਰ ਚਾਚੀ ਦੇ ਕੌੜੇ ਬੋਲ ਉਸ ਦੇ ਕੰਨਾਂ ’ਚ ਵੱਜਣੋਂ ਨਾ ਹਟਦੇ। ਆਖਰ ਉਸ ਨੇ ਹਰਿੰਦਰ ਨੂੰ ਫੋਨ ਲਾਇਆ।
“ਕੀ ਗੱਲ ਦੀਦੀ, ਅੱਜ ਤੇਰੀ ਆਵਾਜ਼ ’ਚ ਗੜ੍ਹਕ ਹੈ ਨ੍ਹੀਂ, ਸੁੱਖ ਤਾਂ ਹੈ?’’ ਰਾਣੋ ਭਰਾ ਨੂੰ ਕੀ ਦੱਸਦੀ ਕਿ ਗੜ੍ਹਕ ਵਾਲਾ ਪੁਰਜਾ ਤਾਂ ਚਾਚੀ ਦੇ ਬੋਲਾਂ ਦੀ ਭੇਂਟ ਚੜ੍ਹ ਗਿਆ ਹੋਇਆ। ਉਸ ਨੇ ਪੈਂਦੀ ਸੱਟੇ ਭਰਾ ਨੂੰ ਮਾੜੀ ਗੱਲ ਦੱਸਣ ਤੋਂ ਗੁਰੇਜ਼ ਕੀਤਾ। ਬਬਲੀ ਤੇ ਬੱਚਿਆਂ ਦਾ ਹਾਲ ਚਾਲ ਪੁੱਛਦਿਆਂ ਮਾਹੌਲ ਨੂੰ ਸਾਵਾਂ ਬਣਾਈ ਰੱਖਿਆ।
“ਹਿੰਦੇ ਕੋਈ ਜ਼ਰੂਰੀ ਗੱਲ ਕਰਨੀ ਸੀ, ਤੇਰੇ ਕੋਲ ਕੋਈ ਬੈਠਾ ਤਾਂ ਨਹੀਂ ਹੋਇਆ?” ਚਾਹੁੰਦੇ ਹੋਏ ਵੀ ਰਾਣੋ ਤੋਂ ਜਜ਼ਬਾਤਾਂ ’ਤੇ ਕਾਬੂ ਨਹੀਂ ਸੀ ਪੈ ਰਿਹਾ। ਉਮਰੋਂ ਛੋਟਾ ਹੋਣ ਕਰਕੇ ਉਹ ਬਚਪਨ ’ਚ ਹਰਿੰਦਰ ਦੀ ਥਾਂ ਹਿੰਦਾ ਕਹਿਣ ਲੱਗ ਪਈ ਸੀ।
“ਨਹੀਂ ਦੀਦੀ ਮੈਂ ਇਕੱਲਾ ਬੈਠਾਂ, ਤੂੰ ਦੱਸ ਕੀ ਗੱਲ ਐ?” ਭਰਾ ਨੇ ਸਮਝਿਆ ਸ਼ਾਇਦ ਜੀਜੇ ਨੇ ਕੋਈ ਗ਼ਲਤ ਗੱਲ ਕਹਿ ਦਿੱਤੀ ਹੋਵੇ।
ਰਾਣੋ ਨੇ ਚਾਚੀ ਵਾਲੀ ਗੱਲ ਦੱਸਦਿਆਂ ਭਰਾ ਨੂੰ ਇਹ ਵੀ ਕਹਿ ਦਿੱਤਾ ਕਿ ਉਹ ਡੈਡੀ ਨੂੰ ਆਪਣੇ ਕੋਲ ਰੱਖਣ ਨੂੰ ਤਿਆਰ ਹੈ ਤੇ ਡਾ. ਭੱਟੀ ਨੂੰ ਵੀ ਇਤਰਾਜ਼ ਨਹੀਂ ਪਰ ਡੈਡੀ ਦੀ ਖੁੱਦਦਾਰੀ ਨੇ ਉਸ ਨੂੰ ਧੀ ਕੋਲ ਰਹਿਣ ਲਈ ਸਹਿਮਤ ਨਹੀਂ ਹੋਣ ਦੇਣਾ। ਗੱਲ ਸੁਣਦਿਆਂ ਭਰਾ ਦੇ ਮੱਠੇ ਹੁੰਗਾਰੇ ਤੋਂ ਰਾਣੋ ਨਾਲੋ ਨਾਲ ਉਸ ਦਾ ਮਨ ਟੋਹੀ ਜਾ ਰਹੀ ਸੀ। ਭੈਣ ਦੀ ਗੱਲ ਸੁਣ ਕੇ ਹਰਿੰਦਰ ਨੇ ਕਹਿ ਤਾਂ ਦਿੱਤਾ ਕਿ ਉਹ ਵਿਚਾਰ ਕਰਕੇ ਥੋੜ੍ਹੀ ਦੇਰ ਬਾਅਦ ਦੱਸੇਗਾ ਪਰ ਹੱਥੀਂ ਖਿਡਾਏ ਭਰਾ ਨੇ ਕੀ ਦੱਸਣਾ, ਇਹ ਰਾਣੋ ਸਮਝ ਚੁੱਕੀ ਸੀ। ਦੇਰ ਰਾਤ ਨੂੰ ਹਰਿੰਦਰ ਦਾ ਫੋਨ ਆਇਆ।
“ਦੀਦੀ ਮੈਂ ਸਾਰਾ ਦਿਨ ਵਿਚਾਰ ਕਰਦਾ ਰਿਹਾਂ, ਤੈਨੂੰ ਮੇਰੀਆਂ ਮਜਬੂਰੀਆਂ ਦਾ ਪਤਾ, ਮੈਂ ਲੈ ਆਇਆ ਤਾਂ ਸਾਡੇ ਘਰ ਕਲੇਸ਼ ਪੈ ਜਾਣਾ। ਮੈਨੂੰ ਡੈਡੀ ਦੇ ਖ਼ਰਚਿਆਂ ਦੀ ਕੋਈ ਚਿੰਤਾ ਨਹੀਂ ਕਿਉਂਕਿ ਪਿੰਡ ਵਾਲੀ ਜ਼ਮੀਨ ਦਾ ਠੇਕਾ ਡੈਡੀ ਦੀ ਜੇਬ ’ਚ ਪੈਂਦਾ ਤੇ ਪੈਨਸ਼ਨ ਵੀ ਆਉਂਦੀ ਆ। ਤੂੰ ਬਬਲੀ ਦਾ ਸੁਭਾਅ ਜਾਣਦੀ ਏਂ, ਮੈਂ ਮਜਬੂਰ ਆਂ ਦੀਦੀ, ਤੂੰ ਹੀ ਕੋਈ ਚੰਗਾ ਹੱਲ ਲੱਭ ਸਕਦੀ ਏਂ, ਦੀਦੀ ਮੈਨੂੰ ਗ਼ਲਤ ਸਮਝਣ ਦੀ ਥਾਂ ਮੇਰੀ ਮਜਬੂਰੀ ਸਮਝੀਂ ...।’’
ਹਰਿੰਦਰ ਦਾ ਗਲਾ ਭਰ ਆਇਆ ਤੇ ਉਸ ਤੋਂ ਅੱਗੇ ਬੋਲ ਨਾ ਹੋਇਆ। ਚੰਗਾ ਕਹਿ ਕੇ ਉਸ ਨੇ ਫੋਨ ਬੰਦ ਕੀਤਾ। ਰਾਣੋ ਨੂੰ ਭਰਾ ਨਾਲ ਗੱਲ ਕਰਦੀ ਸੁਣ ਕੇ ਡਾ. ਭੱਟੀ ਨੂੰ ਮਸਲੇ ਦੀ ਭਿਣਕ ਪੈ ਗਈ ਸੀ ਪਰ ਉਸ ਨੇ ਆਪ ਪੁੱਛਣ ਤੋਂ ਗੁਰੇਜ਼ ਕੀਤਾ। ਰਸੋਈ ਸੰਭਾਲ ਕੇ ਰਾਣੋ ਵੀ ਟੀਵੀ ਮੂਹਰੇ ਬੈਠੇ ਪਤੀ ਕੋਲ ਆਣ ਬੈਠੀ। ਭੱਟੀ ਨੇ ਪਹਿਲਾਂ ਥੋੜ੍ਹੀ ਦੇਰ ਚੱਲਦੇ ਟੀਵੀ ਪ੍ਰੋਗਰਾਮ ਬਾਰੇ ਗੱਲ ਕਰਕੇ ਮਾਹੌਲ ਨੂੰ ਸੁਖਾਵਾਂ ਬਣਾ ਲਿਆ। ਥੋੜ੍ਹੀ ਦੇਰ ਬਾਅਦ ਉਸ ਨੇ ਟੀਵੀ ਬੰਦ ਕੀਤਾ ਤੇ ਦਫ਼ਤਰ ਦੀਆਂ ਗੱਲਾਂ ਕਰਕੇ ਰਾਣੋ ਨੂੰ ਸਹਿਜ ਕਰ ਲਿਆ। ਫਿਰ ਉਸ ਨੇ ਹਰਿੰਦਰ ਨਾਲ ਹੋਈ ਗੱਲਬਾਤ ਬਾਰੇ ਪੁੱਛਿਆ। ਰਾਣੋ ਸ਼ੁਰੂ ਤੋਂ ਹੀ ਪਤੀ ਤੋਂ ਕੋਈ ਲੁਕੋਅ ਨਹੀਂ ਸੀ ਰੱਖਦੀ। ਉਸ ਨੇ ਚਾਚੀ ਦੇ ਫੋਨ ਤੋਂ ਸ਼ੁਰੂ ਕਰਕੇ ਹਰਿੰਦਰ ਨਾਲ ਹੋਈ ਗੱਲ ਸੰਖੇਪ ਵਿੱਚ ਪਤੀ ਨੂੰ ਦੱਸੀ ਤੇ ਉਸ ਮੂਹਰੇ ਹੱਲ ਦਾ ਸਵਾਲ ਪਾ ਦਿੱਤਾ।
“ਰਾਣੋ ਸਵਾਲ ਬੜਾ ਟੇਢਾ ਜਿਹਾ ਆ ਪਰ ਕੋਈ ਗੱਲ ਨਹੀਂ, ਥੋੜ੍ਹਾ ਸੋਚਿਆਂ ਹੱਲ ਲੱਭ ਜਾਊਗਾ।’’ ਭੱਟੀ ਨੇ ਮਾਮਲੇ ਦੇ ਸਾਰੇ ਪੱਖ ਵਿਚਾਰ ਕੇ ਅੱਗੇ ਤੁਰਨਾ ਚਾਹਿਆ।
“ਪਰ ਚਾਚੀ ਤੇ ਕਾਹਲੀ ਪਈ ਹੋਈ ਆ।’’ ਰਾਣੋ ਦੇ ਕੰਨਾਂ ਵਿੱਚ ਕੱਲ੍ਹ ਸੂਲ ਵਾਂਗ ਚੁੱਭੇ ਚਾਚੀ ਦੇ ਤਿੱਖੇ ਬੋਲ ਤਾਜ਼ਾ ਹੋ ਗਏ ਸਨ।
“ਕੋਈ ਨਾ ਕਈ ਵਾਰ ਮੌਕਾ ਇਹੋ ਜਿਹਾ ਬਣ ਗਿਆ ਹੁੰਦਾ, ਬੰਦੇ ਨੂੰ ਪਤਾ ਨਹੀਂ ਲੱਗਦਾ ਉਸ ਦੇ ਮੂੰਹੋਂ ਕੀ ਨਿਕਲ ਜਾਂਦਾ। ਰਾਣੋ ਨੂੰ ਮਸਲਾ ਨਜਿੱਠਣ ਦਾ ਭਰੋਸਾ ਦੇ ਕੇ ਉਹ ਬੈੱਡਰੂਮ ’ਚ ਜਾ ਪਿਆ। ਅਗਲੀ ਸਵੇਰ ਰਾਣੋ ਤਾਂ ਆਮ ਦਿਨਾਂ ਵਾਂਗ ਉੱਠੀ ਪਰ ਛੁੱਟੀ ਹੋਣ ਕਰਕੇ ਡਾ. ਭੱਟੀ ਦੇਰ ਨਾਲ ਉੱਠਿਆ। ਰਾਣੋ ਨੇ ਨਾਸ਼ਤਾ ਡਾਈਨਿੰਗ ਟੇਬਲ ’ਤੇ ਸਜਾ ਕੇ ਸਭ ਨੂੰ ਆਵਾਜ਼ ਮਾਰ ਲਈ। ਖਾਣੇ ਦੇ ਸੁਆਦ ਤੋਂ ਡਾ. ਭੱਟੀ ਨੂੰ ਬੀਵੀ ਦੇ ਮਨ ਦੀ ਟੋਹ ਲਾਉਣ ’ਚ ਦੇਰ ਨਾ ਲੱਗੀ। ਉਸ ਨੂੰ ਰਾਤੀਂ ਕੀਤਾ ਵਾਅਦਾ ਯਾਦ ਆਇਆ ਤਾਂ ਖਾਣੇ ਦੀ ਤਾਰੀਫ਼ ਕਰਦਿਆਂ ਉਸ ਨੇ ਉਹ ਗੱਲ ਛੇੜ ਲਈ।
“ਹਾਂ ਬਈ ਬੱਚਿਓ, ਤੁਹਾਡੇ ਨਾਨਾ ਜੀ ਨੂੰ ਪਿੰਡ ਇਕੱਲੇ ਛੱਡਣਾ ਮੈਨੂੰ ਚੰਗਾ ਨਹੀਂ ਜੇ ਲੱਗਦਾ। ਤੁਹਾਡੇ ਮਾਮਾ ਜੀ ਉਨ੍ਹਾਂ ਨੂੰ ਲੈਣ ਗਏ ਸੀ ਪਰ ਉਸ ਦਾ ਘਰ ਛੋਟਾ ਹੋਣ ਕਰਕੇ ਨਾਨਾ ਜੀ ਨੇ ਜਾਣ ਤੋਂ ਨਾਂਹ ਕਰ ਦਿੱਤੀ। ਬਜ਼ੁਰਗਾਂ ਤੋਂ ਛੋਟੇ ਘਰਾਂ ’ਚ ਰਹਿ ਵੀ ਕਿੱਥੇ ਹੁੰਦਾ। ਕਈ ਦਿਨਾਂ ਤੋਂ ਮੈਂ ਸੋਚ ਰਿਹਾ ਸੀ ਕਿ ਉਨ੍ਹਾਂ ਨੂੰ ਅਸੀਂ ਇੱਥੇ ਲੈ ਆਈਏ ਤੇ ਤੁਸੀਂ ਵੀ ਸਾਡੇ ਨਾਲ ਚੱਲੋ। ਤੁਹਾਨੂੰ ਤੇ ਉਹ ਮੇਰੇ ਤੋਂ ਵੀ ਵੱਧ ਪਿਆਰ ਕਰਦੇ ਨੇ। ਚੱਲੋਗੇ ਨਾ?” ਬਾਪ ਵੱਲੋਂ ਬੰਨ੍ਹੀ ਭੂਮਿਕਾ ਮੂਹਰੇ ਦੋਵੇਂ ਬੱਚਿਆਂ ਦੇ ਹਾਂ ਵਿੱਚ ਹਿੱਲੇ ਸਿਰ ਤੱਕ ਕੇ ਰਾਣੋ ਦਾ ਮਨ ਪਤੀ ਦੀ ਵਿਉਂਤਕਾਰੀ ਦੇ ਫ਼ਖਰ ਨਾਲ ਗਦ ਗਦ ਹੋ ਗਿਆ। ਉਸ ਦੇ ਚਿਹਰੇ ’ਤੇ ਪਰਸੋਂ ਦੀ ਛਾਈ ਹੋਈ ਪਿਲੱਤਣ ਨੂੰ ਸੂਹੀ ਚਮਕ ਵਿੱਚ ਬਦਲਦਿਆਂ ਵੇਖ ਡਾ. ਭੱਟੀ ਨੂੰ ਵੀ ਖ਼ੁਸ਼ੀ ਹੋਈ।
“ਹਾਂ ਫਿਰ 11 ਵਜੇ ਚੱਲਾਂਗੇ, ਤਿਆਰ ਹੋ ਜਾਓ ਉਦੋਂ ਤੱਕ।’’
ਚੱਲਣ ਤੋਂ ਪਹਿਲਾਂ ਰਾਣੋ ਨੇ ਡੈਡੀ ਨੂੰ ਫੋਨ ’ਤੇ ਆਪਣੇ ਆਉਣ ਬਾਰੇ ਦੱਸ ਦਿੱਤਾ। ਪਿੰਡ ਪਹੁੰਚੇ ਤਾਂ ਡੈਡੀ ਦੀ ਹਾਲਤ ਵੇਖ ਕੇ ਰਾਣੋ ਸਮਝ ਗਈ ਕਿ ਚਾਚੀ ਨੇ ਸੱਚ ਹੀ ਤਾਂ ਕਿਹਾ ਸੀ ਕਿ ਉਨ੍ਹਾਂ ਤੋਂ ਨਹੀਂ ਸਾਂਭਿਆ ਜਾਂਦਾ ਹੁਣ। ਰਾਣੋ ਵੇਖ ਕੇ ਹੈਰਾਨ ਸੀ ਕਿ ਬਣ ਠਣ ਕੇ ਰਹਿਣ ਵਾਲੇ ਬੰਦੇ ਨੂੰ ਨਾ ਪਹਿਨਣ ਦੀ ਪਰਵਾਹ ਸੀ ਤੇ ਨਾ ਸਫ਼ਾਈ ਦੀ। ਉਨ੍ਹਾਂ ਨੂੰ ਪਤਾ ਲੱਗਾ ਕਿ ਥੋੜ੍ਹੇ ਦਿਨ ਹੋਏ ਸਕੂਟਰ ਤੋਂ ਡਿੱਗ ਕੇ ਡੈਡੀ ਦੇ ਹੱਥ ’ਤੇ ਸੱਟ ਲੱਗੀ ਹੋਈ ਸੀ ਜਿਸ ’ਤੇ ਮੈਲੀ ਜਿਹੀ ਪੱਟੀ ਬੰਨ੍ਹੀ ਹੋਈ ਸੀ।
ਰਾਣੋ ਨੂੰ ਹੋਰ ਪਤਾ ਲੱਗਾ ਕਿ ਚਾਚੀ ਨੇ ਉਸ ਦਿਨ ਜੇਠ ਦੀਆਂ ਜ਼ਿੱਦਾਂ ਤੋਂ ਅੱਕ ਕੇ ਫੋਨ ਕੀਤਾ ਸੀ। ਉਸ ਨੇ ਸੱਟ ਦੀ ਪਰਵਾਹ ਨਹੀਂ ਸੀ ਕੀਤੀ। ਡਾਕਟਰ ਨੇ ਐਕਸਰੇ ਲਈ ਕਿਹਾ ਸੀ ਪਰ ਲਾਣੇਦਾਰ ਅੜ ਗਿਆ ਸੀ। ਬਾਅਦ ਵਿੱਚ ਪੱਟੀ ਕਰਾਉਣ ਨਹੀਂ ਸੀ ਗਿਆ। ਨਾ ਉਹ ਕੱਪੜੇ ਧੋਣ ਲਈ ਦਿੰਦਾ ਸੀ ਤੇ ਨਾ ਕਮਰੇ ਦੀ ਸਫ਼ਾਈ ਕਰਨ ਦਿੰਦਾ ਸੀ। ਮੰਮੀ ਨੂੰ ਯਾਦ ਕਰਕੇ ਰਾਣੋ ਦਾ ਮਨ ਕੁਰਲਾ ਉਠਿਆ ਪਰ ਹੌਸਲਾ ਕਾਇਮ ਰੱਖ ਕੇ ਉਸ ਨੇ ਡੈਡੀ ਨੂੰ ਕੁਝ ਦਿਨਾਂ ਲਈ ਲਿਜਾਣ ਬਾਰੇ ਸਹਿਮਤ ਕਰ ਲਿਆ।
ਵਾਪਸੀ ’ਤੇ ਉਹ ਸਿੱਧੇ ਹਸਪਤਾਲ ਗਏ। ਡਾ. ਸੇਖੋਂ ਨਾਲ ਉਨ੍ਹਾਂ ਦੀ ਪਰਿਵਾਰਕ ਸਾਂਝ ਸੀ। ਸਾਰੇ ਟੈਸਟ ਕਰਕੇ ਉਸ ਨੇ ਦੱਸਿਆ ਕਿ ਹਥੇਲੀ ਦੀਆਂ ਟੁੱਟੀਆਂ ਹੱਡੀਆਂ ’ਚ ਪੈਦਾ ਹੋ ਚੁੱਕੇ ਵਿਗਾੜ ਨੂੰ ਅਪਰੇਸ਼ਨ ਨਾਲ ਤੁਰੰਤ ਠੀਕ ਨਾ ਕੀਤਾ ਗਿਆ ਤਾਂ ਬਾਂਹ ਕੱਟਣੀ ਪੈ ਸਕਦੀ ਹੈ। ਧੀ ਜਵਾਈ ਮੂਹਰੇ ਲਾਣੇਦਾਰ ਨੇ ਹੀਲ ਹੁੱਜਤ ਨਾ ਕੀਤੀ ਤੇ ਨਰਸ ਦੇ ਪਿੱਛੇ ਜਾ ਕੇ ਬੈਡ ’ਤੇ ਪੈ ਗਿਆ। ਅਪਰੇਸ਼ਨ ਤੋਂ ਬਾਅਦ ਡਾ. ਸੇਖੋਂ ਨੇ ਅਗਲੇ ਦਿਨ ਘਰ ਜਾਣ ਲਈ ਕਹਿ ਦਿੱਤਾ। ਉਸ ਨੇ ਥੋੜ੍ਹੀ ਜ਼ਿੰਦ ਕੀਤੀ ਕਿ ਪਿੰਡ ਜਾਣਾ ਹੈ ਪਰ ਰਾਣੋ ਦੇ ਥੋੜ੍ਹੇ ਦਿਨ ਰਹਿਣ ਦੇ ਭਰੋਸੇ ’ਤੇ ਉਨ੍ਹਾਂ ਨਾਲ ਚਲੇ ਗਿਆ। ਹਫ਼ਤੇ ਬਾਅਦ ਡਾਕਟਰ ਦੇ ਠੀਕ ਹੋ ਗਿਆ ਕਹਿਣ ’ਤੇ ਪਿੰਡ ਜਾਣ ਲਈ ਅੜ ਗਿਆ। ਰਾਣੋ ਉਸ ਨੂੰ ਇਕੱਲੇ ਛੱਡਣਾ ਨਹੀਂ ਸੀ ਚਾਹੁੰਦੀ। ਹਰਿੰਦਰ ਤੇ ਬਬਲੀ ਹਸਪਤਾਲ ਪਤਾ ਲੈਣ ਆਏ ਸੀ। ਬਾਅਦ ’ਚ ਉਹ ਫੋਨ ’ਤੇ ਹਾਲ ਚਾਲ ਪੁੱਛਦੇ ਰਹੇ। ਹਾਈ ਸੁਸਾਇਟੀ ਨਾਲ ਮੇਲ ਮਿਲਾਪ ਤੋਂ ਡਾ. ਭੱਟੀ ਵੀ ਕੋਲ ਰੱਖਣ ਤੋਂ ਝਿਜਕ ਜਾਂਦਾ। ਬ੍ਰਿਧ ਆਸ਼ਰਮ ਦੇ ਖ਼ਿਆਲ ਤਾਂ ਉਨ੍ਹਾਂ ਸਾਰਿਆਂ ਦੇ ਮਨਾਂ ’ਚ ਆਉਂਦੇ ਪਰ ਇੱਕ ਦੂਜੇ ਨੂੰ ਕਹਿਣ ਤੋਂ ਝਿਜਕ ਜਾਂਦੇ। ਆਖਰ ਇੱਕ ਦਿਨ ਪਤੀ ਨਾਲ ਗੱਲ ਕਰਦੀ ਰਾਣੋ ਤੋਂ ਭਰਾ ਦੀ ਕਾਲ ਗ਼ਲਤੀ ਨਾਲ ਕਾਨਫਰੰਸ ’ਤੇ ਲੱਗ ਗਈ ਤਾਂ ਤਿੰਨਾਂ ਦਾ ਝਾਕਾ ਲਹਿ ਗਿਆ। ਹਰਿੰਦਰ ਨੇ ਆਪਣੀਆਂ ਮਜਬੂਰੀਆਂ ਦੱਸ ਦਿੱਤੀਆਂ। ਗੁਰੀ ਤੇ ਮਨੂੰ ਨੂੰ ਨਾਨੇ ਦੀ ਖੰਘ ਤੋਂ ਚਿੜ ਸੀ। ਪੀੜ੍ਹੀ ਦੇ ਪਾੜੇ ਦੇ ਬਦਲਾਅ ਤੋਂ ਰਾਣੋ ਤੇ ਭੱਟੀ ਅਣਜਾਣ ਨਹੀਂ ਸਨ। ਆਖਰ ਪੁੱਤ-ਨੂੰਹ ਤੇ ਧੀ-ਜਵਾਈ ਨੇ ਬਾਪੂ ਨੂੰ ਬ੍ਰਿਧ ਆਸ਼ਰਮ ਛੱਡਣ ’ਤੇ ਸਹਿਮਤੀ ਕਰ ਲਈ ਤੇ ਬਾਪੂ ਨੂੰ ਰਾਜ਼ੀ ਕਰਨ ਦੀ ਜ਼ਿੰਮੇਵਾਰੀ ਰਾਣੋ ਨੇ ਚੁੱਕ ਲਈ।
ਅਗਲੇ ਦਿਨ ਤੋਂ ਘਰ ਵਿੱਚ ਬ੍ਰਿਧ ਆਸ਼ਰਮ ਵਿੱਚ ਬਜ਼ੁਰਗਾਂ ਦੀ ਸਿਹਤ ਸੰਭਾਲ, ਖਾਣ ਪੀਣ ਤੇ ਆਜ਼ਾਦੀ ਦੀਆਂ ਗੱਲਾਂ ਹੋਣ ਲੱਗ ਪਈਆਂ। ਆਸ਼ਰਮਾਂ ਦੇ ਪਤੇ ਕੀਤੇ ਜਾਣ ਲੱਗੇ। ਲਾਣੇਦਾਰ ਇਸ ਗੱਲੋਂ ਅਣਜਾਣ ਨਹੀਂ ਸੀ ਕਿ ਉਸ ਦੇ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਘਰ ਵਿੱਚ ਕਿਸ ਬਾਰੇ ਗੱਲਾਂ ਹੁੰਦੀਆਂ ਨੇ। ਉਸ ਕੋਲ ਬੈਠ ਕੇ ਛੇੜੀਆਂ ਜਾਂਦੀਆਂ ਬ੍ਰਿਧ ਆਸ਼ਰਮਾਂ ’ਚ ਸਹੂਲਤਾਂ ਦੀਆਂ ਗੱਲਾਂ ਨੂੰ ਉਹ ਗੰਭੀਰਤਾ ਨਾਲ ਲੈਣ ਲੱਗਿਆ। ਉਸ ਤੋਂ ਹਾਂ ਕਰਾਉਣ ਲਈ ਜਿੰਨੀ ਕੁ ਖਿਚੜੀ ਧੀ-ਜਵਾਈ ਪਕਾ ਰਹੇ ਸੀ, ਉਸ ਤੋਂ ਵੱਧ ਗੰਭੀਰਤਾ ਨਾਲ ਉਹ ਆਪਣੇ ਆਪ ਨੂੰ ਅਣਕਿਆਸੀਆਂ ਸਥਿਤੀਆਂ ਨਾਲ ਸਿੱਝਣ ਲਈ ਤਿਆਰ ਕਰਨ ਲੱਗ ਪਿਆ ਸੀ।
ਥੋੜ੍ਹੇ ਦਿਨ ਲੰਘੇ ਤਾਂ ਡੈਡੀ ਦੇ ਹੱਥ ਤੋਂ ਪੱਟੀ ਖੁੱਲ੍ਹ ਗਈ। ਉਸ ਦਿਨ ਕੱਤਕ ਦੀ ਸੰਗਰਾਂਦ ਸੀ। ਹਰੇਕ ਸੰਗਰਾਂਦ ਨੂੰ ਪ੍ਰਸ਼ਾਦ ਬਣਾਉਣਾ ਤੇ ਪਾਠ ਕਰਕੇ ਵਰਤਾਉਣ ਦੀ ਆਦਤ ਰਾਣੋ ਨੇ ਮਾਂ ਤੋਂ ਸਿੱਖੀ ਸੀ। ਪਾਠ ਤੋਂ ਬਾਅਦ ਅਰਦਾਸ ਕਰਦਿਆਂ ਜੋਦੜੀ ’ਤੇ ਪਹੁੰਚ ਕੇ ਰਾਣੋ ਦੇ ਮੂੰਹੋਂ ‘‘ਹੇ ਸੱਚੇ ਪਾਤਸ਼ਾਹ ਡੈਡੀ ਬਾਰੇ ਜੋ ਅਸੀਂ ਸੋਚਿਆ, ਆਪ ਨੇ ਸਹਾਈ ਹੋ ਕੇ ਉੱਥੇ ਵੀ ਡੈਡੀ ਦੇ ਅੰਗ ਸੰਗ ਰਹਿਣਾ’’ ਕੰਨਾਂ ਵਿੱਚ ਪੈਂਦੇ ਹੀ ਹੱਥ ਜੋੜ ਕੇ ਖੜ੍ਹਾ ਲਾਣੇਦਾਰ ਤ੍ਰਭਕ ਕੇ ਲੀਨ ਅਵਸਥਾ ’ਚੋਂ ਜਾਗਿਆ। ਅੱਖਾਂ ਖੋਲ੍ਹ ਕੇ ਵੇਖਿਆ ਤਾਂ ਰਾਣੋ ਦੇ ਚਿਹਰੇ ’ਤੇ ਕਿਸੇ ਭਰੋਸੇ ਦਾ ਉਭਾਰ ਸੀ। ਅਰਦਾਸ ਤੋਂ ਬਾਅਦ ਜੈਕਾਰਾ ਬੁਲਾਇਆ ਗਿਆ ਤਾਂ ਲਾਣੇਦਾਰ ਦੀ ਆਵਾਜ਼ ਹੇਠ ਹੋਰਾਂ ਦੀ ਆਵਾਜ਼ ਦੱਬ ਕੇ ਰਹਿ ਗਈ।
ਅਗਲੇ ਦਿਨ ਕੋਈ ਸਰਕਾਰੀ ਛੁੱਟੀ ਸੀ। ਰਾਣੋ ਦੇਰ ਨਾਲ ਉੱਠੀ। ਨਾਸ਼ਤੇ ਲਈ ਡੈਡੀ ਨੂੰ ਟੇਬਲ ’ਤੇ ਬੁਲਾ ਲਿਆ। ਡੌਂਗੇ ਤੇ ਜੱਗ ਨਾਸ਼ਤੇ ਦੀ ਵਿਸ਼ੇਸ਼ਤਾ ਆਮ ਦਿਨਾਂ ਤੋਂ ਵੱਖਰੀ ਹੋਣ ਦੇ ਸੰਕੇਤ ਸਨ। ਵਾਰ ਵਾਰ ਖੁੱਲ੍ਹਦੇ ਡੌਂਗਿਆਂ ਦੇ ਢੱਕਣ ਖਾਣੇ ਦੇ ਸਵਾਦ ਹੋਣ ਦੀ ਗਵਾਹੀ ਸਨ। ਨਾਸ਼ਤਾ ਕਰਦਿਆਂ ਹਾਂ ਤੇ ਹੂੰ ਤੋਂ ਵੱਧ ਕੋਈ ਗੱਲ ਨਾ ਹੋਈ। ਹੱਥ ਸਾਫ਼ ਕਰਕੇ ਡੈਡੀ ਆਪਣੇ ਕਮਰੇ ਵੱਲ ਜਾਣ ਈ ਲੱਗੇ ਸਨ ਤਾਂ ਡਾ. ਭੱਟੀ ਨੇ ਆਵਾਜ਼ ਮਾਰ ਕੇ ਸੋਫੇ ’ਤੇ ਆਪਣੇ ਨਾਲ ਬੈਠਾ ਲਿਆ। ਰਾਣੋ ਵੀ ਨਾਲ ਆਣ ਬੈਠੀ। ਕਾਰਨ ਦੀ ਸਮਝ ਲਾਣੇਦਾਰ ਨੂੰ ਲੱਗ ਗਈ। ਉਸ ਨੇ ਆਪ ਪਹਿਲ ਕਰਨੀ ਠੀਕ ਸਮਝੀ।
“ਬੇਟਾ ਮੈਂ ਕਹਿੰਦਾ ਕਿ ਹੁਣ ਮੈਂ ਠੀਕ ਹਾਂ। ਅੱਜ ਮੈਨੂੰ ਪਿੰਡ ਛੱਡ ਆਓ, ਜਾਂ ਹਰਿੰਦਰ ਨੂੰ ਕਹੋ ਆ ਕੇ ਲੈ ਜਾਏ।’’ ਡੈਡੀ ਦੇ ਮੂੰਹੋਂ ਗੱਲ ਸੁਣ ਕੇ ਭੱਟੀ ਤੇ ਰਾਣੋ ਤ੍ਰਭਕ ਜਿਹੇ ਗਏ। ਰਾਣੋ ਨੇ ਪਹਿਲ ਕੀਤੀ,
“ਡੈਡੀ ਅਸੀਂ ਕੁਝ ਹੋਰ ਸੋਚਦੇ ਸੀ ਪਰ ਤੁਹਾਨੂੰ ਪੁੱਛਣ ਦੀ ਹਿੰਮਤ ਨਹੀਂ ਸੀ ਹੋ ਰਹੀ। ਚੰਗਾ ਹੋਇਆ ਤੁਸੀਂ ਆਪ ਈ ਗੱਲ ਛੇੜ ਲਈ। ਇਸ ਉਮਰ ’ਚ ਤੁਹਾਨੂੰ ਇਕੱਲਿਆਂ ਪਿੰਡ ਛੱਡਣਾ ਸਾਨੂੰ ਨਹੀਂ ਜੇ ਚੰਗਾ ਲੱਗਦਾ। ਤੁਸੀਂ ਆਪਣੀ ਜ਼ਿੱਦ ਛੱਡ ਦਿਓ ਤੇ ਜਾਂ ਤਾਂ ਸਾਡੇ ਕੋਲ ਟਿਕੇ ਰਹੋ ਤੇ ਜਾਂ ਫਿਰ ਬਿ... ।’’ ਬ੍ਰਿਧ ਆਸ਼ਰਮ ਰਾਣੋ ਦੇ ਗਲੇ ’ਚ ਫਸ ਕੇ ਰਹਿ ਗਿਆ।
“ਬੇਟਾ ਮੈਂ ਤੁਹਾਡੀਆਂ ਤੇ ਹਰਿੰਦਰ ਦੀਆਂ ਮਜਬੂਰੀਆਂ ਸਮਝਦਾ ਹਾਂ। ਪੀੜ੍ਹੀ ਦੇ ਪਾੜੇ ਦੀਆਂ ਸਮੱਸਿਆਵਾ ਤੋਂ ਮੈਂ ਅਣਜਾਣ ਨਹੀਂ। ਕਿੰਨੇ ਦਿਨਾਂ ਤੋਂ ਹੁੰਦੀਆਂ ਸਲਾਹਾਂ ਮੈਂ ਤੁਹਾਡੇ ਚਿਹਰਿਆਂ ਤੋਂ ਪੜ੍ਹ ਰਿਹਾ ਸੀ। ਸਕੂਲ ਦੇ 33 ਸਾਲ ਬੱਚਿਆਂ ਦੇ ਚਿਹਰੇ ਈ ਪੜ੍ਹਦਾ ਰਿਹਾਂ। ਤੁਸੀਂ ਕਹਿਣ ਤੋਂ ਝਕੋ ਨਾ, ਮੈਂ ਆਪਣੇ ਆਪ ਨੂੰ ਤਿਆਰ ਕਰ ਲਿਆ ਹੋਇਆ। ਜਿਹੜਾ ਬ੍ਰਿਧ ਆਸ਼ਰਮ ਤੁਸੀਂ ਚੰਗਾ ਸਮਝੋ, ਮੈਨੂੰ ਛੱਡ ਆਓ। ਪਤਾ ਨਹੀਂ ਜ਼ਿੰਦਗੀ ਕਿੰਨੇ ਦਿਨ ਜਾਂ ਮਹੀਨੇ ਹੋਰ ਹੈ। ਮਹੀਨੇ ਕੁ ਬਾਅਦ 2-4 ਕਿਤਾਬਾਂ ਪਹੁੰਚਾਉਂਦੇ ਰਹਿਣਾ। ਮੇਰੇ ਦਿਨ ਸੌਖੇ ਲੰਘੀ ਜਾਣਗੇ। ਗੁਰੀ ਨੂੰ ਭੇਜ ਕੇ ਆਹ 10-12 ਕਿਤਾਬਾਂ ਤਾਂ ਅੱਜ ਈ ਮੰਗਵਾ ਦਿਓ।’’
ਡੈਡੀ ਨੇ ਕਿਤਾਬਾਂ ਦੀ ਸੂਚੀ ਜੇਬ ’ਚੋਂ ਕੱਢ ਕੇ ਮੇਜ਼ ’ਤੇ ਰੱਖ ਦਿੱਤੀ। ਡੈਡੀ ਵੱਲੋਂ ਉਨ੍ਹਾਂ ਦੇ ਮਨਾਂ ਦੀ ਟੋਹ ਲਾ ਲੈਣ ਤੋਂ ਹੈਰਾਨ ਹੋਈ ਰਾਣੋ ਨੂੰ ਕੋਈ ਸ਼ਬਦ ਨਹੀਂ ਸੀ ਅਹੁੜ ਰਿਹਾ ਤੇ ਨਾ ਡਾ. ਭੱਟੀ ਨੂੰ। ਦੋ ਮਿੰਟ ਤਿੰਨਾਂ ਦੇ ਸਾਹਾਂ ਤੋਂ ਬਿਨਾਂ ਕਮਰੇ ’ਚ ਸੰਨਾਟਾ ਸੀ। ਨੀਵੀਂ ਪਾਈ ਬੈਠੇ ਰਾਣੋ ਤੇ ਭੱਟੀ ਡੈਡੀ ਨਾਲ ਅੱਖ ਮਿਲਾਉਣ ਤੋਂ ਝਿਜਕ ਰਹੇ ਸਨ। ਭੱਟੀ ਗੱਲ ਕਰਨੀ ਚਾਹੁੰਦਾ ਤਾਂ ਉਸ ਦੇ ਫਰਜ਼ਾਂ ਮੂਹਰੇ ਜਵਾਈ ਵਾਲੀ ਸਮਾਜਿਕ ਕੰਧ ਆਣ ਖੜੋਂਦੀ। ਆਖਰ ਧੀ ਵਾਲੇ ਹੱਕ ਵਜੋਂ ਰਾਣੋ ਨੇ ਮੌਕਾ ਸੰਭਾਲਿਆ।
“ਡੈਡੀ ਜੇ ਤੁਸੀਂ ਸਾਰਾ ਕੁਝ ਸੁਣ ਸਮਝ ਹੀ ਲਿਆ ਹੋਇਐ ਤਾਂ ਉਸ ’ਚੋਂ ਸਾਡੀ ਮਜਬੂਰੀ ਤੁਹਾਥੋਂ ਲੁਕੀ ਨਹੀਂ ਰਹੀ ਹੋਣੀ। ਤੁਹਾਡੀ ਸੰਘਰਸ਼ ਭਰੀ ਜ਼ਿੰਦਗੀ ਦੇ ਸਾਰੇ ਸਫ਼ੇ ਮੇਰੇ ਚੇਤਿਆਂ ਵਿੱਚ ਉੱਕਰੇ ਹੋਏ ਨੇ। ਬੁਢਾਪੇ ਵਿੱਚ ਸੁੱਖ ਦੇ ਦਿਨ ਸ਼ੁਰੂ ਹੋਣ ਈ ਲੱਗੇ ਸੀ ਤਾਂ ਉਹ ਵੀ ਰੱਬ ਤੋਂ ਬਰਦਾਸ਼ਤ ਨਾ ਹੋਏ। ਮੰਮੀ ਦੇ ਵਿਛੋੜੇ ਨੇ ਸਾਡੇ ਦੋਹਾਂ ਤੋਂ ਕਈ ਗੁਣਾਂ ਵੱਧ ਤੁਹਾਨੂੰ ਤੜਫ਼ਾਇਆ ਹੈ। ਪੁੱਤ-ਧੀਆਂ, ਭੈਣ-ਭਰਾ ਜਾਂ ਹੋਰ ਕੋਈ ਵੀ ਜੀਵਨ ਸਾਥੀ ਵਾਲੀ ਸਾਂਝ ਕਦੇ ਨਹੀਂ ਨਿਭਾ ਸਕਦੇ। ਇਸ ਤੋਂ ਅੱਗੇ ਮੈਂ ਕੀ ਬੋਲਾਂ, ਤੁਸੀਂ ਸਾਡੇ ਤੋਂ ਕਿਤੇ ਜ਼ਿਆਦਾ ਸਮਝਦਾਰ ਹੋ। ਅਸੀਂ ਤਾਂ ਤੁਹਾਡੀ ਸਮਝ ਦੇ ਅੱਧ ਤੱਕ ਨਹੀਂ ਪਹੁੰਚਦੇ। ਅਸੀਂ ਬ੍ਰਿਧ ਆਸ਼ਰਮ ਵੇਖ ਆਏ ਸੀ ਇੱਕ ਦਿਨ। ਤੁਹਾਨੂੰ ਉੱਥੇ ...।’’ ਤੇ ਅੱਗੇ ਕਹਿਣ ਤੋਂ ਰਾਣੋ ਦਾ ਗਲਾ ਜਵਾਬ ਦੇ ਗਿਆ। ਲਾਣੇਦਾਰ ਨੂੰ ਭਾਵੁਕਤਾ ’ਤੇ ਕਾਬੂ ਪਾਉਣਾ ਆਉਂਦਾ ਸੀ। ਧੀ ਦੀ ਗੱਲ ਉਸ ਨੇ ਆਪ ਹੀ ਪੂਰੀ ਕਰ ਦਿੱਤੀ।
“ਰਾਣੋ ਸੁਣ, ਉਸ ਦਿਨ ਜਦ ਤੇਰੀ ਚਾਚੀ ਨੇ ਫੋਨ ਕੀਤਾ ਤਾਂ ਮੈਨੂੰ ਕਮਰੇ ’ਚ ਸਾਰੀ ਗੱਲ ਸੁਣਦੀ ਸੀ। ਸੁਣਦੇ ਸਾਰ ਪਹੁੰਚਣ ਦੀ ਥਾਂ ਤੁਹਾਡੀ ਤੀਜੇ ਦਿਨ ਫੇਰੀ ਤੋਂ ਮੈਂ ਸਮਝ ਲਿਆ ਸੀ ਕਿ ਤੁਸੀਂ ਕੋਈ ਯੋਜਨਾ ਬਣਾ ਕੇ ਆਓਗੇ। ਡਾਕਟਰ ਸੇਖੋਂ ਦੀਆਂ ਹਦਾਇਤਾਂ ਨੋਟ ਕਰਕੇ ਮੈਂ ਨਾਲੋ ਨਾਲ ਆਪਣੇ ਆਪ ਨੂੰ ਤਿਆਰ ਕਰਦਾ ਰਿਹਾ। ਜਿਸ ਨੂੰ ਤੁਸੀਂ ਮੇਰੀ ਜ਼ਿੱਦ ਜਾਂ ਅੜੀ ਸਮਝਦੇ ਰਹੇ, ਉਹ ਮੇਰੀ ਜ਼ਿੰਦਗੀ ਦੇ ਅਸੂਲ ਨੇ। ਉਹ ਘਰ ਦੇ ਮੋਢੀ (ਲਾਣੇਦਾਰ) ਵਜੋਂ ਫਰਜ਼ ਨਿਭਾਉਣ ਲਈ ਮੇਰੀਆਂ ਮਜਬੂਰੀਆਂ ਵੀ ਸੀ। ਤੁਹਾਡੀ ਮੰਮੀ ਇਹ ਗੱਲ ਸਮਝਦੀ ਹੁੰਦੀ ਸੀ। ਮੈਂ ਭੁੱਲ ਗਿਆ ਸੀ ਕਿ ਬੁਢਾਪੇ ਤੇ ਇਕੱਲਤਾ ’ਚ ਆਪਣੇ ਅਸੂਲਾਂ ਨਾਲ ਸਮਝੌਤੇ ਕਰਨੇ ਪੈਂਦੇ ਨੇ। ਚਲੋ ਬਹੁਤੇ ਫੋਲਣੇ ਕੀ ਫਰੋਲਣੇ ਨੇ, ਤੁਸੀਂ ਤਿਆਰੀ ਕਰੋ ਜਿਸ ਦਿਨ ਤੇ ਜਿੱਥੇ ਜਾਣਾ, ਮੈਨੂੰ ਭੋਰਾ ਇਤਰਾਜ਼ ਨਹੀਂ।’’ ਗੱਲ ਮੁਕਾ ਕੇ ਲਾਣੇਦਾਰ ਨੇ ਸੱਜੇ ਖੱਬੇ ਬੈਠੇ ਧੀ ਜਵਾਈ ਵੱਲ ਤੱਕਿਆ। ਦੋਹਾਂ ਦੀਆਂ ਅੱਖਾਂ ਲਾਲ ਸੀ ਤੇ ਹੱਥਾਂ ’ਚ ਫੜੇ ਰੁਮਾਲ ਕੋਸੇ ਪਾਣੀ ਨਾਲ ਭਿੱਜੇ ਹੋਏ ਸਨ।
ਭਰੇ ਮਨਾਂ ਨਾਲ ਰਾਣੋ ਤੇ ਡਾ. ਭੱਟੀ ਨੇ ਉਸੇ ਬ੍ਰਿਧ ਆਸ਼ਰਮ ਫੋਨ ਕੀਤਾ, ਜਿੱਥੋਂ ਦੇ ਪ੍ਰਬੰਧ ਉਹ ਦੋ ਦਿਨ ਪਹਿਲਾਂ ਵੇਖ ਆਏ ਸੀ। ਮੂਹਰਿਓਂ ਅਗਲੇ ਦਿਨ ਦਾ ਸੱਦਾ ਮਿਲ ਗਿਆ। ਰਾਣੋ ਨੇ ਡੈਡੀ ਨੂੰ ਦੱਸ ਦਿੱਤਾ ਤੇ ਡਾ. ਭੱਟੀ ਨੇ ਦਫ਼ਤਰੋਂ ਅਗਲੇ ਦਿਨ ਦੀ ਛੁੱਟੀ ਲੈ ਲਈ। ਆਸ਼ਰਮ ਮੁਹਾਲੀ ਤੋਂ ਬਹੁਤੀ ਦੂਰ ਨਹੀਂ ਸੀ। ਉਹ ਰਾਤ ਲਾਣੇਦਾਰ ਨੇ ਉਸਲਵੱਟੇ ਲੈਂਦਿਆਂ ਕੱਟੀ। ਕਿੱਥੇ ਆਪਣੇ ਖੂਨ ਦੀ ਸਾਂਝ ਵਾਲੇ ਆਪਣੇ ਤੇ ਕਿੱਥੇ ਉਹ ਸਾਰੇ ਜਿਨ੍ਹਾਂ ਨਾਲ ਜਾਣ ਪਹਿਚਾਣ ਉੱਥੇ ਪਹੁੰਚ ਕੇ ਕਰਨੀ ਸੀ। ਉਨ੍ਹਾਂ ਨਾਲ ਰਹਿਣ ਸਹਿਣ ਦੇ ਸਲੀਕੇ ਵੀ ਸਿੱਖਣੇ ਪੈਣੇ ਸਨ। ਰਾਤ ਭਰ ਕਿੰਨਾ ਕੁਝ ਦ੍ਰਿਸ਼ ਬਣ ਕੇ ਉਸ ਦੀਆਂ ਅੱਖਾਂ ਮੂਹਰੇ ਘੁੰਮਦਾ ਰਿਹਾ। ਤੜਕਸਾਰ ਉਹ ਵਾਸ਼ਰੂਮ ਜਾ ਵੜਿਆ। ਰਾਣੋ ਅਜੇ ਉੱਠੀ ਨਹੀਂ ਸੀ ਪਰ ਉਹ ਤਿਆਰ ਹੋ ਕੇ ਟੀਵੀ ਮੂਹਰੇ ਜਾ ਬੈਠਾ। ਟੀਵੀ ਦੇ ਦ੍ਰਿਸ਼ਾਂ ’ਚੋਂ ਉਹ ਆਪਣੇ ਆਪ ਨੂੰ ਲੱਭਣ ਦੇ ਯਤਨ ਕਰਨ ਲੱਗਾ। ਰਾਣੋ ਨੇ ਉਸਦੇ ਮੂਹਰੇ ਚਾਹ ਵਾਲੀ ਟਰੇਅ ਲਿਆ ਰੱਖੀ। ਚਾਹ ਦਾ ਸਵਾਦ ਪਹਿਲਾਂ ਤੋਂ ਵੱਖਰਾ ਲੱਗਣ ਕਰਕੇ ਉਹ ਘੁੱਟਾਂ ਦੀ ਥਾਂ ਚੁਸਕੀਆਂ ਲੈਣ ਲੱਗਾ। ਬੋਲ ਸਾਂਝੇ ਕਰਨ ਲਈ ਪਿਉ ਧੀ ਦੀ ਜੀਭ ਸਾਥ ਨਹੀਂ ਸੀ ਦੇ ਰਹੀ।
ਚਾਹ ਪੀ ਕੇ ਰਾਣੋ ਉੱਠੀ ਤੇ ਕੱਲ੍ਹ ਲਿਆਂਦਾ ਨਵਾਂ ਅਟੈਚੀ ਡੈਡੀ ਮੂਹਰੇ ਲਿਆ ਕੇ ਖੋਲ੍ਹ ਦਿੱਤਾ।
“ਡੈਡੀ ਆਹ ਕੱਪੜੇ ਲਿਆਂਦੇ ਸੀ, ਪਹਿਨ ਕੇ ਵੇਖ ਲਓ ਸਾਰੇ। ਆਹ ਅਟੈਚੀ ਦੀ ਸਾਈਡ ’ਤੇ ਵੱਖ ਵੱਖ ਖਾਨੇ ਨੇ ਛੋਟੀਆਂ ਚੀਜ਼ਾਂ ਸਾਂਭਣ ਲਈ। ਇਸ ਦੇ ਲਾਕ ਦਾ ਨੰਬਰ ਮੈਂ ਤੁਹਾਡੇ ਜਨਮ ਦਾ ਸਾਲ ਸੈੱਟ ਕਰ ਦਿੱਤਾ, ਤੁਹਾਨੂੰ ਯਾਦ ਰਹੇਗਾ।’’ ਰਾਣੋ ਦੇ ਬੋਲਾਂ ’ਚੋਂ ਉਸ ਦੇ ਮਨ ਦੀ ਚੀਸ ਝਲਕ ਰਹੀ ਸੀ।
“ਕੋਈ ਨਾ ਬੱਚੇ, ਮਾਪ ਦਾ ਕੀ ਆ, ਤਨ ਹੀ ਢਕਣਾ। ਉੱਥੇ ਮੈਨੂੰ ਕਿਹੜਾ ਕਿਸੇ ਨੇ ਮਿਲਣ ਆਉਣਾ। ਤੁਸੀਂ ਤਿਆਰ ਹੋ ਜਾਓ। ਜੋ ਟਾਈਮ ਦਿੱਤਾ ਸੀ, ਉਦੋਂ ਤੱਕ ਪਹੁੰਚ ਜਾਈਏ। ਐਨਕ ਦੇ ਸ਼ੀਸ਼ੇ ਸਾਫ਼ ਕਰਨ ਵਾਲੇ ਦੋ ਚਾਰ ਰੁਮਾਲ ਪਾ ਦੇਈਂ ਮੇਰੇ ਸਾਮਾਨ ਵਿੱਚ। ਤੇਰੀ ਮਾਂ ਨੇ ਮੈਨੂੰ ’ਕੱਲਿਆਂ ਛੱਡਣ ਲੱਗਿਆਂ ਖੌਰੇ ਕੀ ਸੋਚਿਆ ਹੋਊ?” ਰਾਣੋ ਨੇ ਵੇਖਿਆ ਡੈਡੀ ਦੀਆਂ ਯਾਦਾਂ ਪਾਣੀ ਬਣ ਕੇ ਉਸ ਦੀਆਂ ਅੱਖਾਂ ’ਚੋਂ ਵਹਿ ਰਹੀਆਂ ਸਨ।
ਦਸ ਵੱਜਣ ਵਾਲੇ ਸੀ ਜਦ ਡੈਡੀ ਦਾ ਅਟੈਚੀ ਕਾਰ ’ਚ ਰੱਖਿਆ ਗਿਆ। ਉਹ ਬੰਦਾ ਜਿਸ ਨੇ ਕਿੰਨੇ ਰਿਸ਼ਤੇਦਾਰਾਂ ਨੂੰ ਘਰਾਂ ਵਾਲੇ ਬਣਾਇਆ ਸੀ, ਅੱਜ ਖ਼ੁਦ ਬੇਘਰ ਹੋ ਕੇ ਬ੍ਰਿਧ ਆਸ਼ਰਮ ਦੀ ਸ਼ਰਨ ਵਿੱਚ ਜਾ ਰਿਹਾ ਸੀ। ਧੀ-ਜਵਾਈ ਸਭ ਦੀਆਂ ਅੱਖਾਂ ਨਮ ਸਨ। ਬੱਚੇ ਜਿਨ੍ਹਾਂ ਨੂੰ ਨਾਨੇ ਦਾ ਖੰਘਣਾ ਅੱਖਰਦਾ ਸੀ, ਦੇ ਅੰਦਰੋਂ ਉਸ ਨੂੰ ਬਾਇ ਕਹਿਣ ਦੀ ਹਿੰਮਤ ਨਹੀਂ ਸੀ ਉੱਠ ਰਹੀ। ਉਹ ਭੱਟੀ ਜਿਹੜਾ ਝਾੜ-ਪੂੰਝ ਕਰਕੇ ਕਾਰ ’ਚ ਬੈਠਦਾ ਹੁੰਦਾ ਸੀ, ਦਾ ਮਨ ਚਾਬੀ ਘੁੰਮਾਉਣ ਨੂੰ ਨਹੀਂ ਮੰਨ ਰਿਹਾ ਸੀ। ਭਰੇ ਮਨਾਂ ਨਾਲ, ਬਿਨਾਂ ਇੱਕ ਦੂਜੇ ਨਾਲ ਇੱਕ ਵੀ ਸ਼ਬਦ ਸਾਂਝਾ ਕੀਤੇ, ਘੰਟੇ ਕੁ ਦਾ ਸਫ਼ਰ ਕਰਕੇ ਉਹ ਆਸ਼ਰਮ ਜਾ ਪਹੁੰਚੇ। ਦਫ਼ਤਰ ਵਾਲੀਆਂ ਕਾਗਜ਼ੀ ਕਾਰਵਾਈਆਂ ਪੂਰੀਆਂ ਕਰਕੇ ਰਜਿਸਟਰ ਵਿੱਚ 27 ਨੰਬਰ ਕਮਰੇ ਦੇ ਸੱਜੇ ਪਾਸੇ ’ਤੇ ਸੇਵਾ ਸਿੰਘ ਪੁੱਤਰ ਸਿਕੰਦਰ ਸਿੰਘ ਚਾੜ੍ਹ ਦਿੱਤਾ। ਕਮਰੇ ਵੱਲ ਜਾਂਦਾ ਡੈਡੀ ਪਿੱਛੇ ਝਾਕਣ ਦੀ ਹਿੰਮਤ ਨਾ ਜੁਟਾ ਸਕਿਆ ਤੇ ਨਾ ਹੀ ਪਤੀ-ਪਤਨੀ ਉਸ ਨੂੰ ਜਾਂਦਿਆਂ ਵੇਖਣ ਦਾ ਹੌਸਲਾ ਕਰ ਸਕੇ।
ਭੱਟੀ ਦੇ ਘਰ ਕਈ ਦਿਨ ਮੌਨ ਵਰਤ ਵਾਲੀ ਹਾਲਤ ਬਣੀ ਰਹੀ। ਮਸੀਂ 2 ਕੁ ਹਫ਼ਤੇ ਲੰਘੇ ਸੀ। ਭੱਟੀ ਨੂੰ ਆਸ਼ਰਮ ਤੋਂ ਫੋਨ ਆਇਆ ਤੇ ਕੋਲ ਬੈਠੀ ਹੋਣ ਕਰਕੇ ਰਾਣੋ ਨੇ ਚੁੱਕ ਲਿਆ। ਪਹਿਲੀ ਗੱਲ ਸੁਣਦੇ ਹੀ ਫੋਨ ਰਾਣੋ ਦੇ ਹੱਥੋਂ ਛੁੱਟ ਗਿਆ। ਉਸ ਦਾ ਡੈਡੀ ਆਪਣੀ ਜੀਵਨ ਸਾਥਣ ਕੋਲ ਪਹੁੰਚ ਗਿਆ ਸੀ। ਥੋੜ੍ਹਾ ਸੰਭਲ ਕੇ ਉਸ ਨੇ ਹਰਿੰਦਰ ਨੂੰ ਫੋਨ ਕਰਕੇ ਦੱਸਿਆ ਤੇ ਪਿੰਡ ਚਾਚੇ ਨੂੰ ਦੱਸ ਦਿੱਤਾ। ਜਿਸ ਹਾਲਤ ਵਿੱਚ ਉਹ ਦੋਵੇਂ ਸਨ, ਉਵੇਂ ਹੀ ਆਸ਼ਰਮ ਜਾ ਪਹੁੰਚੇ। ਮੈਨੇਜਰ ਨੇ ਵਕੀਲ ਸੱਦ ਲਿਆ ਹੋਇਆ ਸੀ। ਲਾਣੇਦਾਰ ਦੀ ਬੰਦ ਲਿਫ਼ਾਫ਼ਾ ਵਸੀਅਤ ’ਤੇ ਤਿੰਨ ਦਿਨ ਪਹਿਲਾਂ ਦੀ ਤਰੀਕ ਸੀ। ਵਕੀਲ ਦੀ ਹਾਜ਼ਰੀ ਵਿੱਚ ਲਿਫ਼ਾਫ਼ਾ ਖੋਲ੍ਹਿਆ ਗਿਆ, ਪਹਿਲੇ ਸਫ਼ੇ ’ਤੇ ਜ਼ਿੰਦਗੀ ਦੇ ਸੰਘਰਸ਼ ਦਾ ਸੰਖੇਪ ਵਰਣਨ ਸੀ। ਅਗਲੇ ਸਫ਼ੇ ’ਤੇ ਜੱਗ ਜਿਊਂਦਿਆਂ ਦੇ ਮੇਲੇ ਵਾਲੀਆਂ ਸਚਾਈਆਂ ਦਾ ਜ਼ਿਕਰ ਸੀ ਤੇ ਆਖਰੀ ਸਫ਼ੇ ’ਤੇ ਆਖਰੀ ਇੱਛਾ ਤੇ ਜਾਇਦਾਦ ਦਾ ਜ਼ਿਕਰ ਸੀ। ਉਸ ਨੇ ਲਿਖਿਆ;
“ਮੇਰੀ ਲਾਸ਼ ਬਿਨਾਂ ਕਿਸੇ ਛੇੜਛਾੜ ਮੈਡੀਕਲ ਕਾਲਜ ਨੂੰ ਖੋਜ ਕਾਰਜਾਂ ਲਈ ਸੌਂਪ ਦਿੱਤੀ ਜਾਵੇ। ਪੱਕੀ ਸੜਕ ਨਾਲ ਲੱਗਦੀ ਮੇਰੀ ਚਾਰ ਏਕੜ ਜ਼ਮੀਨ ਵਿੱਚ ਟਰੱਸਟ ਦੇ ਪ੍ਰਬੰਧਾਂ ਹੇਠ ਲਾਚਾਰ ਆਸ਼ਰਮ ਖੋਲ੍ਹਿਆ ਜਾਏ। ਮੇਰਾ ਜਵਾਈ ਲਖਬੀਰ ਸਿੰਘ ਭੱਟੀ ਤਾਅ ਉਮਰ ਟਰੱਸਟ ਦਾ ਸੈਕਟਰੀ ਬਣਿਆ ਰਹੇ। ਮੇਰੇ ਬੈਂਕ ਖਾਤੇ ਵਿੱਚ 20-22 ਲੱਖ ਰੁਪਏ ਜਮ੍ਹਾਂ ਹਨ, ਉਸ ਰਕਮ ਨਾਲ ਆਸ਼ਰਮ ਦੀ ਉਸਾਰੀ ਸ਼ੁਰੂ ਕਰਵਾਈ ਜਾਏ। ਉਸ ਨੂੰ ਪੂਰਾ ਕਰਨ ਲਈ ਪੈਸੇ ਦੀ ਘਾਟ ਪੂਰੀ ਕਰਨ ਵਾਸਤੇ ਹੋਰ ਦਾਨੀ ਆ ਜਾਣਗੇ। ਆਸ਼ਰਮ ’ਚ ਬ੍ਰਿਧਾਂ ਦੇ ਨਾਲ ਨਾਲ ਨਿਆਸਰਿਆਂ ਨੂੰ ਵੀ ਥਾਂ ਮਿਲੇ। ਮੇਰੇ ਖੂਨ ਦੇ ਰਿਸ਼ਤੇ ’ਚੋਂ ਕਿਸੇ ਨੂੰ ਟਰੱਸਟੀ ਨਾ ਬਣਾਇਆ ਜਾਵੇ।’’
ਆਖਰ ਵਿੱਚ ਰਾਣੋ ਨੂੰ ਸੰਬੋਧਨ ਹੋ ਕੇ ਉਹ ਸ਼ਬਦ ਅੰਡਰ ਲਾਈਨ ਕੀਤੇ ਹੋਏ ਸਨ;
“ਰਾਣੋ ਤੂੰ ਨਿੱਕੀ ਹੁੰਦੀ ਨੇ ਇੱਕ ਵਾਰ ਸਤਰੰਗੀ ਪੀਂਘ ਵੇਖ ਕੇ ਪੁੱਛਿਆ ਸੀ ਕਿ ਹਰੇਕ ਚੀਜ਼ ਦੇ ਰੰਗ ਹੁੰਦੇ ਨੇ ਪਰ ਰਿਸ਼ਤਿਆਂ ਦੇ ਰੰਗ ਕਿੱਥੋਂ ਵੇਖੀਦੇ ਨੇ। ਮੈਨੂੰ ਭਰੋਸਾ ਹੈ ਕਿ ਪਿਛਲੇ ਦਿਨਾਂ ਦੀਆਂ ਘਟਨਾਵਾਂ ’ਚੋਂ ਤੈਨੂੰ ਰਿਸ਼ਤਿਆਂ ਦੇ ਰੰਗਾਂ ਦੀ ਝਲਕ ਜ਼ਰੂਰ ਪੈਣ ਲੱਗ ਪਈ ਹੋਵੇਗੀ?”
ਵਕੀਲ ਨੇ ਲਿਖਤ ’ਤੇ ਗਵਾਹੀ ਵਜੋਂ ਸਾਰਿਆਂ ਦੇ ਦਸਤਖ਼ਤ ਕਰਵਾਏ ਤੇ ਆਪਣੇ ਕੋਲ ਸੰਭਾਲ ਲਈ। ਲਿਖਤ ਜਿਸ ਨੂੰ ਉਸ ਦੀ ਅੰਤਮ ਇੱਛਾ, ਵਸੀਅਤ ਜਾਂ ਦੂਰਅੰਦੇਸ਼ੀ, ਕੋਈ ਵੀ ਨਾਂ ਦਿੱਤਾ ਜਾ ਸਕਦਾ ਸੀ, ਨੂੰ ਸੁਣ ਕੇ ਆਸ਼ਰਮ ਵਾਲੇ ਪਛਤਾਵੇ ’ਚ ਸਨ ਕਿ ਸਮਾਜ ਨੂੰ ਨਵੀਂ ਦਿਸ਼ਾ ਦੇਣ ਵਾਲੇ ਦੂਰਅੰਦੇਸ਼ ਵਿਅਕਤੀ ਨੂੰ ਉਹ ਪਹਿਚਾਣ ਨਾ ਸਕੇ। ਥੋੜ੍ਹੀ ਦੇਰ ਬਾਅਦ ਉਸ ਦਾ ਬਾਕੀ ਪਰਿਵਾਰ ਉੱਥੇ ਪਹੁੰਚ ਗਿਆ। ਲਾਸ਼ ਲਿਜਾਣ ਲਈ ਮੈਡੀਕਲ ਕਾਲਜ ਦੀ ਐਂਬੂਲੈਂਸ ਪਹੁੰਚ ਗਈ। ਪਰਿਵਾਰ ਨੇ ਮ੍ਰਿਤਕ ਸਰੀਰ ਦੇ ਅੰਤਮ ਦਰਸ਼ਨ ਕੀਤੇ ਤੇ ਐਂਬੂਲੈਂਸ ਵਿੱਚ ਰਖਵਾ ਦਿੱਤਾ। ਵਾਪਸ ਮੁੜਦਿਆਂ ਰਾਣੋ ਦੀਆਂ ਅੱਖਾਂ ਮੂਹਰੇ ਉਹੀ ਸਤਰੰਗੀ ਪੀਂਘ ਚੜ੍ਹੀ ਹੋਈ ਸੀ, ਜਿਸ ਦੇ ਫੈਲੇ ਹੋਏ ਅਣਗਿਣਤ ਰੰਗਾਂ ’ਚੋਂ ਉਹ ਨੀਂਝ ਲਾ ਕੇ ਮਾਪਿਆਂ ਵਾਲੇ ਰਿਸ਼ਤੇ ਦਾ ਰੰਗ ਲੱਭ ਰਹੀ ਸੀ।
ਸੰਪਰਕ: +16044427676