ਵੱਖ-ਵੱਖ ਵਿਸੰਗਤੀਆਂ ਦਾ ਵਖਿਆਨ
ਕੇ.ਐਲ. ਗਰਗ
ਅਮਰਜੀਤ ਸਿੰਘ ਵੜੈਚ ਆਪਣੀ ਪਲੇਠੀ ਹਾਸ-ਵਿਅੰਗ ਕਾਵਿ ਪੁਸਤਕ ‘ਵੜੈਚ ਦੇ ਵਿਅੰਗ’ (ਕੀਮਤ: 200 ਰੁਪਏ; ਸਪਰੈੱਡ ਪਬਲੀਕੇਸ਼ਨਜ਼, ਰਾਮਪੁਰ, ਪੰਜਾਬ) ਲੈ ਕੇ ਪੰਜਾਬੀ ਦੇ ਹਾਸ-ਵਿਅੰਗ ਲੇਖਕਾਂ ਦੀ ਢਾਣੀ ਵਿੱਚ ਸ਼ਾਮਲ ਹੋ ਗਿਆ ਹੈ। ਪੰਜਾਬੀ ਹਾਸ-ਵਿਅੰਗ ਕਵਿਤਾ ਦੀ ਲੰਬੀ ਪਰੰਪਰਾ ਹੈ ਜੋ ਐੱਸ.ਐੱਸ. ਚਰਨ ਸਿੰਘ ਸ਼ਹੀਦ ਤੋਂ ਲੈ ਕੇ, ਸੁਥਰੇ, ਡਾ. ਗੁਰਨਾਮ ਸਿੰਘ ਤੀਰ, ਸੂਬਾ ਸਿੰਘ, ਭੂਸ਼ਨ, ਜਸਵੰਤ ਕੈਲਵੀ, ਭਾਈਆ ਈਸ਼ਰ ਸਿੰਘ ਈਸ਼ਰ ਤੇ ਹਰਕੋਮਲ ਬਰਿਆਰ ਥਾਣੀਂ ਹੁੰਦੀ ਹੋਈ ਅਮਰਜੀਤ ਸਿੰਘ ਵੜੈਚ ਤੀਕ ਪਹੁੰਚੀ ਹੈ।
ਅਮਰਜੀਤ ਸਿੰਘ ਵੜੈਚ ਆਪਣੇ ਸਮੇਂ ਦੀਆਂ ਆਰਥਿਕ, ਸਮਾਜਿਕ ਅਤੇ ਰਾਜਨੀਤਕ ਵਿਸੰਗਤੀਆਂ ਫੜ ਕੇ, ਉਨ੍ਹਾਂ ਦੇ ਦੋਗਲੇ ਕਿਰਦਾਰਾਂ ਅਤੇ ਗੁਫ਼ਤਾਰਾਂ ’ਤੇ ਵਿਅੰਗ ਅਤੇ ਚੋਟ ਕਰਨ ਦੇ ਆਹਰ ’ਚ ਹੈ। ਆਰਥਿਕ ਵਿਅੰਗ ਵਿੱਚ ਉਹ ਕਿਸਾਨਾਂ ਦੀ ਹੋ ਰਹੀ ਲੁੱਟ, ਮਜ਼ਦੂਰਾਂ ਦੇ ਸ਼ੋਸ਼ਣ ਅਤੇ ਬੇਰੁਜ਼ਗਾਰੀ ਦੀ ਗਲਾਜ਼ਤ ’ਚ ਰੁੜ੍ਹ ਰਹੇ ਨੌਜਵਾਨਾਂ ਦੀ ਪੀੜ ’ਤੇ ਉਂਗਲ ਧਰਦਾ ਹੈ। ਉਹ ਵਿਅੰਗ ਰਾਹੀਂ ਉਨ੍ਹਾਂ ਦੇ ਦੁੱਖ-ਦਰਦ ਜ਼ਾਹਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਸ ਦੇ ਵਿਅੰਗ ਵਿੱਚ ਹਮਦਰਦੀ ਹੈ, ਪੀੜ ਹੈ ਤੇ ਦੁੱਖ ਪ੍ਰਤੀ ਝੋਰਾ ਹੈ।
ਸਮਾਜਿਕ ਵਿਅੰਗ ਲਈ ਉਹ ਮਾਨਵੀ ਰਿਸ਼ਤਿਆਂ ਦੇ ਹੋ ਰਹੇ ਘਾਣ, ਘਟ ਰਹੀ ਮੁਹੱਬਤ ਅਤੇ ਹਲੂਣੀ ਜਾ ਰਹੀ ਸੰਵੇਦਨਾ ਅਤੇ ਅਹਿਸਾਸਾਂ ਪ੍ਰਤੀ ਫ਼ਿਕਰਮੰਦ ਨਜ਼ਰ ਆਉਂਦਾ ਹੈ। ਪੰਜਾਬ ਦੇ ਰੁਲ ਰਹੇ ਸੱਭਿਆਚਾਰ ਅਤੇ ਸਾਡੀਆਂ ਕਦਰਾਂ-ਕੀਮਤਾਂ ਨੂੰ ਖੋਰਾ ਲਾ ਰਹੇ ਬਾਜ਼ਾਰਵਾਦ ਪ੍ਰਤੀ ਚਿੰਤਤ ਹੈ। ਪੀਜ਼ਾ, ਡੋਨਟ, ਬਰਗਰ ਜਿਹੇ ਖਾਧ ਪਦਾਰਥਾਂ ਵੱਲੋਂ ਸਾਡੇ ਪੰਜਾਬੀ ਰਹਿਤਲ ਦੇ ਖਾਣਿਆਂ ਨੂੰ ਨਕਾਰਨਾ ਉਸ ਨੂੰ ਦੁਖੀ ਕਰਦਾ ਹੈ।
ਇਸ ਕਾਵਿ-ਪੁਸਤਕ ਵਿੱਚ ਉਸ ਨੇ ਸਭ ਤੋਂ ਵੱਧ ਰਾਜਨੀਤਕ ਕਾਵਿ-ਵਿਅੰਗਾਂ ਦੀ ਵਰਤੋਂ ਕੀਤੀ ਹੈ। ਉਹ ਲੀਡਰਾਂ ਦੀ ਲੋਟੂ ਢਾਣੀ ਅਤੇ ਲਾਣੇ ’ਤੇ ਪੈਰ-ਪੈਰ ’ਤੇ ਵਿਅੰਗ ਅਤੇ ਕਟਾਖ਼ਸ਼ ਕਰਦਾ ਹੈ। ਇਉਂ ਵੀ ਆਖਿਆ ਜਾ ਸਕਦਾ ਹੈ ਕਿ ਉਸ ਦੀ ਕਲਮ ਇਸੇ ਹਾਸੋ-ਹੀਣੀ ਰਾਜਨੀਤਕ ਸਥਿਤੀ ’ਤੇ ਆ ਕੇ ਹੀ ਨਸ਼ਤਰ ਬਣਦੀ ਹੈ। ਲੀਡਰਾਂ ਵੱਲੋਂ ਕੀਤੀ ਜਾ ਰਹੀ ਲੁੱਟ, ਪਰਿਵਾਰ ਨੂੰ ਗੋਦੀ ਚੁੱਕੀ ਫਿਰਨਾ, ਆਪਣੇ ਵਾਅਦੇ ਨਾ ਨਿਭਾਉਣੇ, ਗੱਲ-ਗੱਲ ’ਤੇ ਝੂਠ ਬੋਲਣਾ, ਧੋਖਾਧੜੀ, ਮਾਰ-ਕਾਟ, ਧਰਮ ਨੂੰ ਧੁਰਾ ਬਣਾ ਕੇ ਲੋਕਾਂ ਤੇ ਮਾਸੂਮ ਜਨਤਾ ਨੂੰ ਭਰਮਾਉਣਾ ਆਦਿ ’ਤੇ ਲੇਖਕ ਖੁੱਲ੍ਹ ਕੇ ਕਟਾਖ਼ਸ਼ ਕਰਦਾ ਦਿਖਾਈ ਦਿੰਦਾ ਹੈ।
ਵਿਅੰਗ ਆਪਣੇ ਆਪ ਵਿੱਚ ਹੀ ਹਥਿਆਰ ਅਤੇ ਨਸ਼ਤਰ ਦਾ ਕੰਮ ਕਰਦਾ ਹੈ ਪਰ ਵੜੈਚ ਖੁੱਲ੍ਹ ਕੇ ਲੋਕਾਈ ਨੂੰ ਇਸ ਸੜੇ ਹੋਏ ਸਿਸਟਮ ਦੇ ਖਿਲਾਫ਼ ਉੱਠ ਖਲੋਣ ਲਈ ਵੀ ਪ੍ਰੇਰਦਾ ਦਿਖਾਈ ਦਿੰਦਾ ਹੈ। ਉਹ ਜਨਤਾ ਨੂੰ ਇਸ ਲੁੱਟ ਅਤੇ ਸ਼ੋਸ਼ਣ ਖਿਲਾਫ਼ ਆਵਾਜ਼ ਬੁਲੰਦ ਕਰਨ ਲਈ ਲਾਮਬੰਦ ਕਰਨ ਦੀ ਗੱਲ ਵੀ ਕਰਦਾ ਹੈ।
ਅੰਗਰੇਜ਼ੀ ਵਾਰਤਾਕਾਰ ਚਾਰਲਸ ਲੈਂਬ ਬਾਰੇ ਉਸ ਦੇ ਆਲੋਚਕ ਕਿਹਾ ਕਰਦੇ ਸਨ ਕਿ, ‘‘ਉਹ ਆਪਣੇ ਹੰਝੂਆਂ ਰਾਹੀਂ ਮੁਸਕਰਾਉਂਦਾ ਹੈ।’’ ਵੜੈਚ ਬਾਰੇ ਆਖਿਆ ਜਾ ਸਕਦਾ ਹੈ ਕਿ, ‘‘ਉਹ ਆਪਣੇ ਹੰਝੂਆਂ ਰਾਹੀਂ ਟਾਹ-ਟਾਹ ਕਰਕੇ ਹੱਸਦਾ ਹੈ।’’
ਇਸ ਕਾਵਿ-ਕਿਰਤ ਦੀਆਂ ਕੁਝ ਕਵਿਤਾਵਾਂ ਜਿਵੇਂ ‘ਰੱਬ ਨੇ ਬਣਾਈ ਨਾਰੀ’, ‘ਇਸ਼ਕ ਬਨਾਮ ਵਿਆਹ’, ‘ਜਦੋਂ ਵੀ ਅਸੀਂ ਵਿਆਹ ਜਾਨੇ ਆਂ’, ‘ਬੱਗੇ ਕਾਲੇ’, ‘ਬੁਢਾਪਾ’ ਆਦਿ ਹਲਕੀਆਂ ਫੁਲਕੀਆਂ ਹਾਸ-ਰਸੀ ਕਵਿਤਾਵਾਂ ਹਨ ਜਿਨ੍ਹਾਂ ਨੂੰ ਹਲਕੇ ਹਾਸੇ-ਠੱਠੇ ਵਜੋਂ ਸਵੀਕਾਰ ਕੀਤਾ ਜਾ ਸਕਦਾ ਹੈ।
ਵੜੈਚ ਅਜਿਹਾ ਵਿਅੰਗਕਾਰ ਹੈ ਜੋ ਕਿਸੇ ਦਾ ਲਿਹਾਜ਼ ਨਹੀਂ ਕਰਦਾ। ਧਰਮ ’ਚ ਆਈ ਗਿਰਾਵਟ, ਡੇਰਾਵਾਦ ਅਤੇ ਸਾਧਾਂ ਦੀ ਲੁੱਟ ਖਿਲਾਫ਼ ਵੀ ਉਹ ਖੁੱਲ੍ਹ ਕੇ ਲਿਖਦਾ ਹੈ। ਤਿੱਖੇ ਵਿਅੰਗ ਬਾਰੇ ਉਸ ਤੋਂ ਹਾਲੇ ਹੋਰ ਹੋਮ ਵਰਕ ਕਰਨ ਦੀ ਉਮੀਦ ਕੀਤੀ ਜਾ ਸਕਦੀ ਹੈ।
ਸੰਪਰਕ: 94635-37050