ਲੋਕਾਂ ਦੀ ਨਬਜ਼ ਨਹੀਂ ਦਰਸਾਉਂਦੇ ਐਗਜ਼ਿਟ ਪੋਲ: ਥਰੂਰ
ਤਿਰੂਵਨੰਤਪੁਰਮ, 3 ਜੂਨ
ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਨੇ ਅੱਜ ਇੱਥੇ ਕਿਹਾ ਕਿ ਐਗਜ਼ਿਟ ਪੋਲ ਲੋਕਾਂ ਦੀ ਨਬਜ਼ ਨੂੰ ਨਹੀਂ ਦਰਸਾਉਂਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਵਿਰੋਧੀ ਧਿਰਾਂ ਦਾ ‘ਇੰਡੀਆ’ ਗੱਠਜੋੜ ਲੋਕ ਸਭਾ ਚੋਣਾਂ ਵਿੱਚ 295 ਸੀਟਾਂ ’ਤੇ ਜਿੱਤ ਦਰਜ ਕਰੇਗਾ।
ਥਰੂਰ ਨੇ ਕਿਹਾ ਕਿ ਕਾਂਗਰਸ ਐਗਜ਼ਿਟ ਪੋਲ ਨੂੰ ‘ਸ਼ੱਕ’ ਦੀ ਨਿਗ੍ਹਾ ਨਾਲ ਦੇਖਦੀ ਹੈ। ਥਰੂਰ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਕਿ ‘ਇੰਡੀਆ’ ਗੱਠਜੋੜ ਨੂੰ 295 ਤੋਂ ਵੱਧ ਸੀਟਾਂ ਮਿਲਣਗੀਆਂ। ਤਿਰੂਵਨੰਤਪੁਰਮ ਤੋਂ ਕਾਂਗਰਸ ਦੀ ਅਗਵਾਈ ਵਾਲੇ ਯੂਡੀਐੱਫ ਉਮੀਦਵਾਰ ਅਤੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪਾਰਟੀ ਕਾਫ਼ੀ ਆਸਵੰਦ ਹਨ। ਉਨ੍ਹਾਂ ਇੱਕ ਵਾਰ ਫਿਰ ਵਿਸ਼ਵਾਸ ਜਤਾਇਆ ਕਿ ਉਹ ਲਗਾਤਾਰ ਚੌਥੀ ਵਾਰ ਇੱਥੇ ਜੇਤੂ ਰਹਿਣਗੇ। ਕੇਰਲ ਪ੍ਰਦੇਸ਼ ਸਰਕਾਰ ਦੀ ਅਗਵਾਈ ਹੇਠ ਵਿਰੋਧ ਪ੍ਰਦਰਸ਼ਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਹਾਤਮਾ ਗਾਂਧੀ ਦੀ ਆਤਮਕਥਾ ਦੀ ਕਾਪੀ ਭੇਜਣ ਮਗਰੋਂ ਮੀਡੀਆ ਨਾਲ ਗੱਲ ਕਰਦਿਆਂ ਥਰੂਰ ਨੇ ਕਿਹਾ ਕਿ ਐਗਜ਼ਿਟ ਪੋਲ ਕੁਝ ਨਮੂਨਿਆਂ ’ਤੇ ਆਧਾਰਿਤ ਹੁੰਦੇ ਹਨ, ਜੋ ਕਿ ਵਿਗਿਆਨਕ ਨਹੀਂ ਹੁੰਦੇ। ਕਾਂਗਰਸ ਨੇ ਮੋਦੀ ਦੀ ਇਸ ਟਿੱਪਣੀ ਖ਼ਿਲਾਫ਼ ਪ੍ਰਦਰਸ਼ਨ ਕੀਤਾ ਕਿ ‘ਦੁਨੀਆ ਮਹਾਤਮਾ ਗਾਂਧੀ ਬਾਰੇ ਉਦੋਂ ਤੱਕ ਨਹੀਂ ਜਾਣਦੀ ਸੀ ਜਦੋਂ ਤੱਕ ਫਿਲਮ ‘ਗਾਂਧੀ’ ਨਹੀਂ ਬਣੀ ਸੀ।’ ਥਰੂਰ ਨੇ ਕਿਹਾ, ‘‘ਅਸੀਂ ਇਸ ਨੂੰ (ਐਗਜ਼ਿਟ ਪੋਲ ਦੇ ਨਤੀਜਿਆਂ ਨੂੰ) ਸ਼ੱਕ ਅਤੇ ਬੇਯਕੀਨੀ ਨਾਲ ਦੇਖ ਰਹੇ ਹਾਂ। ਅਸੀਂ ਪੂਰੇ ਦੇਸ਼ ਵਿੱਚ ਪ੍ਰਚਾਰ ਕੀਤਾ ਹੈ। ਸਾਨੂੰ ਵੀ ਪਤਾ ਹੈ ਕਿ ਲੋਕਾਂ ਦੀ ਨਬਜ਼ ਕੀ ਹੈ ਅਤੇ ਸਾਨੂੰ ਨਹੀਂ ਲੱਗਦਾ ਕਿ ਇਹ ਇਸ ਪੋਲ ਵਿੱਚ ਸਹੀ ਤਰ੍ਹਾਂ ਦਰਸਾਏ ਗਏ ਹਨ।’’ ਜੇ ਕਿਸੇ ਐਗਜ਼ਿਟ ਪੋਲ ਵਿੱਚ ਕਿਹਾ ਗਿਆ ਹੈ ਕਿ ਭਾਜਪਾ ਕੇਰਲ ਵਿੱਚ ਸੱਤ ਸੀਟਾਂ ਜਿੱਤ ਸਕਦੀ ਹੈ ਤਾਂ ਉਸ ਨੂੰ ਜਾਂ ਤਾਂ ‘ਲੂ ਲੱਗ ਗਈ ਹੈ’ ਜਾਂ ਫਿਰ ਸੂਬੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ, ‘‘ਕੁੱਝ ਐਗਜ਼ਿਟ ਪੋਲ ਤਾਂ ਹਾਸੋਹੀਣੇ ਵੀ ਹਨ। ਜੇ ਕਿਸੇ ਸੂਬੇ ਵਿੱਚ ਪੰਜ ਸੀਟਾਂ ਹਨ ਤਾਂ ਉਹ ਕਹਿੰਦੇ ਹਨ ਕਿ ਭਾਜਪਾ ਛੇ ਸੀਟਾਂ ਜਿੱਤਣ ਜਾ ਰਹੀ ਹੈ।’’ ਉਨ੍ਹਾਂ ਕਿਹਾ ਕਿ ਤਿਰੂਵਨੰਤਪੁਰਮ ਕੇਰਲ ਵਿੱਚ ਭਾਜਪਾ ਦਾ ਸਭ ਤੋਂ ਮਜ਼ਬੂਤ ਖੇਤਰ ਮੰਨਿਆ ਜਾਂਦਾ ਹੈ। ਥਰੂਰ ਨੇ ਕਿਹਾ ਕਿ ਉਨ੍ਹਾਂ ਨੂੰ ਜਿੱਤ ’ਤੇ ਪੂਰਾ ਭਰੋਸਾ ਹੈ। -ਪੀਟੀਆਈ