‘ਐਗਜ਼ਿਟ ਪੋਲ’ ਉੱਤੇ ਰੋਕ ਲਾਈ ਜਾਵੇ: ਸੰਜੈ ਸਿੰਘ
ਨਵੀਂ ਦਿੱਲੀ:
‘ਆਪ’ ਆਗੂ ਤੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਮੁਲਕ ਵਿੱਚ ਐਗਜ਼ਿਟ ਪੋਲਾਂ ’ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਪੋਲ ਕਈ ਵਾਰ ਗਲਤ ਸਾਬਤ ਹੋ ਚੁੱਕੇ ਹਨ। ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਦਾਅਵਾ ਕੀਤਾ,‘ਐਗਜ਼ਿਟ ਪੋਲਾਂ ’ਤੇ ਪੂਰੀ ਤਰ੍ਹਾਂ ਪਾਬੰਦੀ ਲੱਗਣੀ ਚਾਹੀਦੀ ਹੈ ਕਿਉਂਕਿ ਇਹ ਇੱਕ ਵਾਰ ਨਹੀਂ ਬਲਕਿ ਕਈ ਵਾਰ ਗਲਤ ਸਾਬਤ ਹੋ ਚੁੱਕੇ ਹਨ। ਇਹ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਮੁਲਕ ਦੇ ਲੋਕਾਂ, ਪ੍ਰਸ਼ਾਸਕੀ ਢਾਂਚੇ ਤੇ ਚੋਣ ਕਮਿਸ਼ਨ ਨੂੰ ਪ੍ਰਭਾਵਿਤ ਕਰਨ ਦਾ ਗਲਤ ਤਰੀਕਾ ਹੈ।’ ਉਨ੍ਹਾਂ ਦਾਅਵਾ ਕੀਤਾ ਕਿ 4 ਜੂਨ ਨੂੰ ਵੋਟਾਂ ਦੀ ਗਿਣਤੀ ਮਗਰੋਂ ਇੰਡੀਆ ਗੱਠਜੋੜ 295 ਸੀਟਾਂ ਹਾਸਲ ਕਰੇਗਾ। ਪਿਛਲੇ ਦੋ ਦਿਨਾਂ ਤੋਂ ਚੱਲ ਰਹੇ ਐਗਜ਼ਿਟ ਪੋਲਾਂ ਦੌਰਾਨ ਭਾਜਪਾ ਆਗੂ ਜਸ਼ਨ ਮਨਾ ਰਹੇ ਤੇ ਮਠਿਆਈਆਂ ਵੰਡ ਰਹੇ ਹਨ। ਉਨ੍ਹਾਂ ਕਿਹਾ ਕਿ ਮੁਲਕ ਦੇ ਲੋਕਾਂ ਨੂੰ ਗਲਤ ਦਿਸ਼ਾ ’ਚ ਲਿਜਾਇਆ ਜਾ ਰਿਹਾ ਹੈ ਅਤੇ 4 ਜੂਨ ਨੂੰ ਵੋਟਾਂ ਦੀ ਗਿਣਤੀ ਨੂੰ ਗੈਰ-ਕਾਨੂੰਨੀ ਢੰਗ ਨਾਲ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। -ਪੀਟੀਆਈ