ਪੀਏਯੂ ’ਚ ਵਿਦਿਆਰਥੀਆਂ ਦੀਆਂ ਕਲਾਕ੍ਰਿਤਾਂ ਦੀ ਪ੍ਰਦਰਸ਼ਨੀ
ਖੇਤਰੀ ਪ੍ਰਤੀਨਿਧ
ਲੁਧਿਆਣਾ, 18 ਜੁਲਾਈ
ਪੀਏਯੂ ਦੇ ਕਮਿਊਨਿਟੀ ਸਾਇੰਸ ਕਾਲਜ ਦੇ ਸਰੋਤ ਪ੍ਰਬੰਧਨ ਅਤੇ ਖ਼ਪਤਕਾਰ ਵਿਗਿਆਨ ਵਿਭਾਗ ਨੇ ਅੱਜ ਸਟੂਡੈਂਟਸ ਹੋਮ ਵਿੱਚ ਇੱਕ ਕਲਾ ਪ੍ਰਦਰਸ਼ਨੀ ਦਾ ਪ੍ਰਬੰਧ ਕੀਤਾ। ਇਹ ਪ੍ਰਦਰਸ਼ਨੀ 24 ਜੁਲਾਈ ਤੱਕ ਜਾਰੀ ਰਹੇਗੀ ਅਤੇ ਇਸ ਦਾ ਸਮਾਂ ਸਵੇਰੇ 10 ਤੋਂ ਸ਼ਾਮ ਦੇ 6 ਵਜੇ ਤੱਕ ਹੈ। ਇਸ ਵਿੱਚ ਵਿਭਾਗ ਦੇ ਚੋਣਵੇਂ ਵਿਦਿਆਰਥੀਆਂ ਨੇ ਆਪਣੀਆਂ ਕਲਾਕ੍ਰਿਤਾਂ ਦੇ ਪ੍ਰਦਰਸ਼ਨ ਦਾ ਉੱਦਮ ਕੀਤਾ ਹੈ।
ਇਸ ਸਮਾਗਮ ਦੇ ਪ੍ਰਬੰਧਕ ਡਾ. ਸ਼ਿਵਾਨੀ ਰਾਣਾ ਨੇ ਮੁੱਖ ਮਹਿਮਾਨ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਦਾ ਸਵਾਗਤ ਕੀਤਾ। ਡਾ. ਜੌੜਾ ਨੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਕਲਾਕ੍ਰਿਤਾਂ ਦੀ ਸ਼ਲਾਘਾ ਕੀਤੀ। ਕਮਿਊਨਿਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨਜੋਤ ਸਿੱਧੂ ਨੇ ਵਿਦਿਆਰਥੀਆਂ ਨੂੰ ਚੰਗੇ ਕੰਮ ਨੂੰ ਜਾਰੀ ਰੱਖਣ ਅਤੇ ਸਿਲੇਬਸ ਦੇ ਨਾਲ-ਨਾਲ ਕਲਾਤਮਕ ਗਤੀਵਿਧੀਆਂ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਾ. ਸਰਨਬੀਰ ਕੌਰ ਬੱਲ, ਆਂਚਲ ਗੁਪਤਾ ਅਤੇ ਸਤਵੀਰ ਸਿੰਘ ਵੀ ਹਾਜ਼ਰ ਸਨ। ਵਿਭਾਗ ਦੇ ਮੁਖੀ ਡਾ. ਦੀਪਿਕਾ ਵਿੱਗ ਨੇ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਸਾਰਿਆਂ ਦਾ ਧੰਨਵਾਦ ਕੀਤਾ। ਇਹ ਕਲਾਕ੍ਰਿਤਾਂ ਵਿਕਰੀ ਲਈ ਵੀ ਉਪਲੱਬਧ ਹੋਣਗੀਆਂ।