ਸੰਤ ਕਬੀਰ ਸਕੂਲ ਵਿੱਚ ਵਿਗਿਆਨਕ ਮਾਡਲਾਂ ਦੀ ਪ੍ਰਦਰਸ਼ਨੀ
ਪੱਤਰ ਪ੍ਰੇਰਕ
ਭੁੱਚੋ ਮੰਡੀ, 29 ਜੁਲਾਈ
ਨਵੀਂ ਸਿੱਖਿਆ ਪ੍ਰਣਾਲੀ ਤਹਿਤ ਬੱਚਿਆਂ ਵਿੱਚ ਸਿਰਜਣਾਤਮਕਤਾ ਪੈਦਾ ਕਰਨ ਲਈ ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਖੁਰਦ ਵਿੱਚ ਛੁੱਟੀਆਂ ਦੌਰਾਨ ਬੱਚਿਆਂ ਵੱਲੋਂ ਤਿਆਰ ਕੀਤੇ ਪ੍ਰਾਜੈਕਟਾਂ ਦੀ ਪ੍ਰਦਰਸ਼ਨੀ ਲਾਈ ਗਈ। ਇਸ ਵਿੱਚ ਵਿਗਿਆਨ, ਪੰਜਾਬੀ ਵਿਰਸੇ, ਖੇਡਾਂ ਰਾਹੀਂ ਗਣਿਤ ਸਿੱਖਣਾ, ਸਮਾਜਿਕ ਵਿਗਿਆਨ ਅਤੇ ਆਰਟ ਸਬੰਧੀ ਮਾਡਲ ਸ਼ਾਮਲ ਸਨ। ਇਸ ਮੌਕੇ ਮੁੱਖ ਮਹਿਮਾਨ ਐੱਮਐੱਚਆਰ ਪਬਲਿਕ ਸਕੂਲ ਦੇ ਮੁਖੀ ਸੁਰਿੰਦਰ ਮੋਹਨ ਨੇ ਪ੍ਰਦਰਸ਼ਨੀ ਦੀ ਖੂਬ ਪ੍ਰਸ਼ੰਸਾ ਕੀਤੀ। ਇਸ ਪ੍ਰਦਰਸ਼ਨੀ ਵਿੱਚ ਬੱਚਿਆਂ ਨੇ ਆਪਣੀ ਵਿਗਿਆਨਕ ਸੋਚ ਦਾ ਪ੍ਰਦਰਸ਼ਨ ਕਰਦਿਆਂ ਦਿਲ, ਗੁਰਦੇ ਅਤੇ ਨਵੀਂ ਊਰਜਾ ਦੇ ਸਰੋਤਾਂ ਨੂੰ ਵਿਕਸਤ ਕਰਦੇ ਮਾਡਲ ਬਣਾਏ।
ਇਸ ਤੋਂ ਇਲਾਵਾ ਸਕੂਲ ’ਚ ਪੰਜਾਬ ਦੇ ਹਰਿਆਲੀ ਮਿਸ਼ਨ ਨੂੰ ਪ੍ਰਫੁੱਲਤ ਕਰਨ ਲਈ ਮਾਪਿਆਂ ਵੱਲੋਂ ‘ਇੱਕ ਪੌਦਾ ਮਾਂ ਦੇ ਨਾਮ’ ਮੁਹਿੰਮ ਤਹਿਤ ਵੱਖ-ਵੱਖ ਕਿਸਮਾਂ ਦੇ ਬੂਟੇ ਲਾਏ ਗਏ। ਸਕੂਲ ਦੇ ਐੱਮਡੀ ਪ੍ਰੋਫੈਸਰ ਐੱਮਐੱਲ ਅਰੋੜਾ ਅਤੇ ਡਾ. ਦੀਪਕ ਅਰੋੜਾ ਨੇ ਸਾਰਿਆਂ ਨੂੰ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰਿੰਸੀਪਲ ਮੈਡਮ ਕੰਚਨ, ਵਾਈਸ ਪ੍ਰਿੰਸੀਪਲ ਕੁਲਵੰਤ ਕੌਰ, ਮੁੱਖ ਅਧਿਆਪਕਾ ਸੋਨੀਆ ਧਵਨ, ਰਚਨਾ ਜਿੰਦਲ ਮਾਪੇ ਅਤੇ ਸਟਾਫ ਹਾਜ਼ਰ ਸੀ।