ਅਬੋਹਰ ’ਚ ਚੈਰੀਟੇਬਲ ਟਰੱਸਟ ਵੱਲੋਂ ਅੰਗਹੀਣਾਂ ਲਈ ਸਹਾਇਤਾ ਕੈਂਪ
ਪੱਤਰ ਪ੍ਰੇਰਕ
ਅਬੋਹਰ, 2 ਜਨਵਰੀ
ਰਾਜਾ ਰਾਮ ਜਾਖੜ ਮੈਮੋਰੀਅਲ ਪਬਲਿਕ ਚੈਰੀਟੇਬਲ ਟਰੱਸਟ ਵੱਲੋਂ ਅੱਜ ਸਥਾਨਕ ਅਰੋਧਵੰਸ਼ ਧਰਮਸ਼ਾਲਾ ਵਿੱਚ ਅੰਗਹੀਣਾਂ ਦੀ ਸਹਾਇਤਾ ਲਈ ਕੈਂਪ ਲਾਇਆ ਗਿਆ। ਇਸ ਕੈਂਪ ਵਿੱਚ ਵਿਧਾਇਕ ਸੰਦੀਪ ਜਾਖੜ ਅਤੇ ਮੇਅਰ ਵਿਮਲ ਠੱਠਈ ਵਿਸ਼ੇਸ਼ ਤੌਰ ’ਤੇ ਪੁੱਜੇ। ਸ੍ਰੀ ਜਾਖੜ ਨੇ ਦੱਸਿਆ ਕਿ ਚੌਧਰੀ ਰਾਜਾ ਰਾਮ ਜਾਖੜ ਮੈਮੋਰੀਅਲ ਪਬਲਿਕ ਚੈਰੀਟੇਬਲ ਟਰੱਸਟ ਵੱਲੋਂ ਅਲਿਮਕੋ ਦੇ ਸਹਿਯੋਗ ਨਾਲ ਲਾਏ ਇਸ ਕੈਂਪ ਵਿੱਚ ਭਾਰਤ ਸਰਕਾਰ ਦੀ ਆਰਵੀਵਾਈ ਸਕੀਮ ਤਹਿਤ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬੰਦਿਆਂ ਨੂੰ ਗੋਡਿਆਂ ਦੀਆਂ ਪੇਟੀਆਂ, ਕਮਰ ਦੀਆਂ ਬੈਲੇਟਾਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਅਪਾਹਜਾਂ ਲਈ ਚਾਬੀ ਬੈਲੇਟਾਂ, ਵ੍ਹੀਲਚੇਅਰਾਂ, ਸੁਣਨ ਵਾਲੀਆਂ ਮਸ਼ੀਨਾਂ, ਕੈਨ, ਕਮੋਡ ਕੁਰਸੀਆਂ ਅਤੇ ਸਰਵਾਈਕਲ ਬੈਲੇਟ ਅਤੇ ਮੋਟਰ ਵਾਲੇ ਟਰਾਈਸਾਈਕਲ, ਵ੍ਹੀਲਚੇਅਰ ਅਤੇ ਹੋਰ ਸਾਮਾਨ ਦਿੱਤਾ ਜਾਂਦਾ ਹੈ। ਇਸ ਸਬੰਧੀ 250 ਦੇ ਕਰੀਬ ਲੋੜਵੰਦਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ, ਜਿਨ੍ਹਾਂ ਨੂੰ ਕੁਝ ਸਮੇਂ ਬਾਅਦ ਸਾਮਾਨ ਵੰਡਿਆ ਜਾਵੇਗਾ। ਉਨ੍ਹਾਂ ਆਖਿਆ ਕਿ ਲੋੜਵੰਦ ਇਸ ਕੈਂਪ ਦਾ ਲਾਹਾ ਲੈਣ। ਵਿਪਨ ਸ਼ਰਮਾ ਅਤੇ ਅਸ਼ੀਸ਼ ਵਰਮਾ ਵੱਲੋਂ ਕੀਤੀ ਜਾ ਰਹੀ ਨਿਰਸਵਾਰਥ ਸੇਵਾ ਦੀ ਸ਼ਲਾਘਾ ਕਰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਹਰ ਕੋਈ ਆਪਣੇ ਬਾਰੇ ਸੋਚਦਾ ਹੈ ਪਰ ਵਿਪਨ ਅਤੇ ਆਸ਼ੀਸ਼ ਵੱਲੋਂ ਅਪਾਹਜਾਂ ਅਤੇ ਬਜ਼ੁਰਗਾਂ ਦੀ ਸੇਵਾ ਕੀਤੀ ਜਾ ਰਹੀ ਹੈ। ਇਸ ਮੌਕੇ ਸ੍ਰੀ ਜਾਖੜ ਨੇ ਵਿਨੈ ਭਾਰਦਵਾਜ, ਰਵੀ ਸ਼ਰਮਾ, ਗੌਤਮ ਪਾਂਡੇ, ਅਨਿਲ ਕੁਮਾਰ, ਰੇਖਾ ਰਾਣੀ, ਸਤੀਸ਼ ਸਿਵਾਨ ਕੌਂਸਲਰ, ਮਾਣਕ ਸ਼ਾਹ, ਸੁਭਾਸ਼ ਸ਼ਾਕਿਆ, ਪੁਨੀਤ ਅਰੋੜਾ ਸੋਨੂ ਕੌਂਸਲਰ, ਅਨਿਲ ਸਿਆਗ, ਪਵਨ ਕੁਮਾਰ, ਸਰਬਜੀਤ ਸਿੰਘ ਚੀਮਾ ਅਤੇ ਸਾਰੇ ਵਾਲੰਟੀਅਰਾਂ ਦਾ ਧੰਨਵਾਦ ਕੀਤਾ।