ਗੁਰੂ ਗੋਬਿੰਦ ਸਿੰਘ ਦੀਆਂ ਦੁਰਲੱਭ ਨਿਸ਼ਾਨੀਆਂ ਦੀ ਪ੍ਰਦਰਸ਼ਨੀ
ਕੁਲਦੀਪ ਸਿੰਘ
ਨਵੀਂ ਦਿੱਲੀ, 8 ਜਨਵਰੀ
ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ‘ਸਾਹਿਬ-ਏ-ਕਮਾਲ’ ਸਿਰਲੇਖ ਹੇਠ ਗੁਰਦੁਆਰਾ ਬੰਗਲਾ ਸਾਹਿਬ ’ਚ ਪ੍ਰਦਰਸ਼ਨੀ ਲਾਈ ਗਈ। ਪੂਰਾ ਹਫ਼ਤਾ ਚੱਲਣ ਵਾਲੀ ਇਹ ਪ੍ਰਦਰਸ਼ਨੀ ਨੈਸ਼ਨਲ ਇੰਸਟੀਟਿਊਟ ਆਫ਼ ਪੰਜਾਬ ਸਟਡੀਜ਼, ਭਾਈ ਵੀਰ ਸਿੰਘ ਸਾਹਿਤ ਸਦਨ ਰਾਹੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਲਾਈ ਗਈ। ਇਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜੀਆਂ ਕੁਝ ਸਭ ਤੋਂ ਕੀਮਤੀ ਦੁਰਲੱਭ ਨਿਸ਼ਾਨੀਆਂ ਨੂੰ ਵਿਖਾਇਆ ਗਿਆ ਹੈ। ਇਨ੍ਹਾਂ ਵਿੱਚੋਂ ਕਈ ਨਿਸ਼ਾਨੀਆਂ ਨੂੰ ਗੁਰੂ ਸਾਹਿਬ ਰਾਹੀਂ ਅਸ਼ੀਰਵਾਦ ਪ੍ਰਾਪਤ ਪਰਿਵਾਰਾਂ ਰਾਹੀਂ ਸੰਭਾਲਿਆ ਗਿਆ ਹੈ। ਪ੍ਰਦਰਸ਼ਨੀ ’ਚ ਤਕਰੀਬਨ 26 ਸਲਾਈਡਾਂ ਹਨ ਜੋ ਗੁਰੂ ਸਾਹਿਬ ਦੀ ਪਟਨਾ ਤੋਂ ਨਾਂਦੇੜ ਤਕ ਦੀ ਯਾਤਰਾ ਨੂੰ ਦਿਖਾਉਂਦੀਆਂ ਹਨ। ਪਹਿਲੀ ਸਲਾਈਡ ਵਿੱਚ ਗੁਰੂ ਗੋਬਿੰਦ ਸਿੰਘ ਦੀ ਇਕ ਦੁਰਲਭ ਲਘੂ ਪੇਂਟਿੰਗ ਦਿਖਾਈ ਗਈ ਹੈ। ਇਹ ਪੇਂਟਿੰਗ ਕੋਲਕਾਤਾ ਦੇ ਵਿਕਟੋਰੀਆ ਮੈਮੋਰੀਅਲ ਹਾਲ ’ਚ ਸੁਰੱਖਿਅਤ ਹੈ। ਪ੍ਰਦਰਸ਼ਨੀ ਦੇ ਮੁੱਖ ਆਕਰਸ਼ਨਾਂ ’ਚ ਗੁਰੂ ਗੋਬਿੰਦ ਸਿੰਘ ਜੀ ਦੀਆਂ ਦੁਰਲੱਭ ਨਿਸ਼ਾਨੀਆਂ ਹਨ ਜਿਨ੍ਹਾਂ ਨੂੰ ਭਾਈ ਰਾਮਾ ਤੇ ਤਿਲਕਾ ਦੇ ਪਰਿਵਾਰਾਂ ਨੇ ਸਾਂਭਿਆ ਹੈ। ਇਸ ਤੋਂ ਇਲਾਵਾ ਪ੍ਰਦਰਸ਼ਨੀ ’ਚ ਗੁਰੂ ਜੀ ਦਾ ਇਕ ਹੁਕਮਨਾਮਾ, ਇਕ ਨਿਜੀ ਗੁਟਕਾ, ਇਕ ਛੋਟੀ ਕਿਰਪਾਨ ਅਤੇ ਹੋਰ ਕੁਝ ਵਸਤੂਆਂ ਹਨ ਜੋ ਕਿ ਗੁਰੂ ਜੀ ਦੀਆਂ ਨਿਜੀ ਵਸਤਾਂ ਦਾ ਹਿੱਸਾ ਸਨ। ਪ੍ਰਦਰਸ਼ਨੀ ’ਚ ਇਕ ਖਾਸ ਕਲਾਕ੍ਰਿਤੀ 2 ਅਗਸਤ 1696 ਦਾ ਹੁਕਮਨਾਮਾ ਹੈ ਜਿਸ ਨੂੰ ਗੁਰੂ ਸਾਹਿਲ ਨੇ ਭਾਈ ਰੂਪਾ ਦੀ ਸੰਗਤ ਨੂੰ ਜਾਰੀ ਕੀਤਾ ਸੀ ਅਤੇ ਜਿਸ ਵਿਚ ਗੁਰੂ ਜੀ ਨੇ ਉਨ੍ਹਾਂ ਦੇ ਘਰ ਨੂੰ ਗੁਰੂ ਘਰ ਕਹਿ ਕੇ ਸਨਮਾਨ ਦਿੱਤਾ। ਪ੍ਰਦਰਸ਼ਨੀ ਵਿੱਚ ਗੁਰੂ ਗੋਬਿੰਦ ਸਿੰਘ ਦੀਆਂ ਬਚਪਨ ਦੀਆਂ ਸਿਮ੍ਰਤੀਆਂ ਨੂੰ ਦਰਸਾਉਂਦੀਆਂ ਪੇਂਟਿੰਗਜ਼ ਹਨ ਜਿਨ੍ਹਾਂ ਵਿੱਚ ਤੀਰ ਤੇ ਹੋਰ ਹਥਿਆਰ ਸ਼ਾਮਲ ਹਨ, ਜਿਨ੍ਹਾਂ ਦੀ ਗੁਰੂ ਸਾਹਿਬ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਨੇੜੇ ਆਪਣੇ ਸਾਥੀਆਂ ਨਾਲ ਨਕਲੀ ਯੁੱਧ ਕਰਦਿਆਂ ਵਰਤੋਂ ਕਰਦੇ ਸਨ। ਪ੍ਰਦਰਸ਼ਨੀ ਵਿੱਚ ਇੱਕ ਨਿਜੀ ਗੁਟਕਾ, ਛੋਟੇ ਹਥਿਆਰ ਅਤੇ ਖੰਜਰ ਸ਼ਾਮਲ ਹਨ ਜੋ ਕਿ ਸ਼ੁਰੂ ਤੋਂ ਪੀੜ੍ਹੀਆਂ ਕੋਲ ਚਲੇ ਆ ਰਹੇ ਹਨ। ਪ੍ਰਦਰਸ਼ਨੀ ’ਚ ਸ਼ਾਇਦ ਸਭ ਤੋਂ ਵਧ ਧਿਆਨ ਖਿੱਚਣ ਵਾਲੀ ਨਿਸ਼ਾਨੀ ਗੈਂਡੇ ਦੀ ਖੱਲ ਤੋਂ ਬਣੀ ਹੋਈ ਢਾਲ ਹੈ ਜਿਸ ਬਾਰੇ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਸ ਦੀ ਗੁਰੂ ਸਾਹਿਬ ਨੇ ਚਮਕੌਰ ਦੀ ਜੰਗ ’ਚ ਵਰਤੋਂ ਕੀਤੀ ਸੀ। ਭਾਈ ਵੀਰ ਸਿੰਘ ਸਾਹਿਤ ਸਦਨ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਨੇ ਦੱਸਿਆ ਭਾਈ ਰਾਮਾ ਅਤੇ ਤਿਲਕਾ ਦੇ ਵਡੇਰੇ ਬਾਬਾ ਫੂਲ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਤੋਂ ਬਖਸ਼ਿਸ਼ ਪ੍ਰਾਪਤ ਸਨ। ਛੇਵੇਂ ਅਤੇ ਦਸਵੇਂ ਗੁਰੂ ਸਾਹਿਬਾਨ ਤੋਂ ਬਖਸ਼ਿਸ਼ ਪ੍ਰਾਪਤ ਹੋਣ ਸਦਕਾ ਇਹ ਪਰਿਵਾਰ ਫੂਲਕੀਆਂ ਪਰਿਵਾਰਾਂ ਵਜੋਂ ਜਾਣੇ ਜਾਂਦੇ ਹਨ। ਇਨ੍ਹਾਂ ਪਰਿਵਾਰਾਂ ਨੇ ਪਟਿਆਲਾ, ਨਾਭਾ ਤੇ ਜੀਂਦ ਦੀਆਂ ਰਿਆਸਤਾਂ ’ਤੇ ਸ਼ਾਸਨ ਕੀਤਾ।