ਇਕਜੁੱਟ ਹੋਣ ਦੀ ਕਵਾਇਦ: ਐੱਸਕੇਐੱਮ (ਗੈਰ-ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਨਾਲ ਗੱਲਬਾਤ ਕਰੇਗਾ ਸੰਯੁਕਤ ਕਿਸਾਨ ਮੋਰਚਾ
ਚੰਡੀਗੜ੍ਹ, 18 ਦਸੰਬਰ
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਵੱਲੋਂ ਕਿਸਾਨੀ ਸੰਘਰਸ਼ ਲਈ ਇਕਜੁੱਟ ਹੋਣ ਦੇ ਦਿੱਤੇ ਸੱਦੇ ਮਗਰੋਂ ਸੰਯੁਕਤ ਕਿਸਾਨ ਮੋਰਚਾ (ਐਸਕੇਐੱਮ) ਨੇ ਅੱਜ ਕਿਹਾ ਕਿ ਉਹ ਸੰਯੁਕਤ ਕਿਸਾਨ ਮੋਰਚਾ (ਗੈਰਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂਆਂ ਨੂੰ ਗੱਲਬਾਤ ਲਈ 21ਦਸੰਬਰ ਨੂੰ ਪਟਿਆਲਾ ਆਉਣ ਲਈ ਸੱਦਾ ਦੇਵੇਗਾ। ਪੰਧੇਰ ਨੇ 15 ਦਸੰਬਰ ਨੂੰ ਐੱਸਕੇਐੱਮ ਨੂੰ ਪੱਤਰ ਲਿਖ ਕੇ ਪੰਜਾਬ ਤੇ ਹਰਿਆਣਾ ਦੀ ਸਰਹੱਦ ’ਤੇ ਸ਼ੰਭੂ ਤੇ ਖਨੌਰੀ ਬਾਰਡਰਾਂ ’ਤੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਸਣੇ ਹੋਰਨਾਂ ਮੰਗਾਂ ਨੂੰ ਲੈ ਕੇ ਚੱਲ ਰਹੇ ਸੰਘਰਸ਼ ਦੀ ਹਮਾਇਤ ਕਰਨ ਲਈ ਕਿਹਾ ਸੀ। ਇਸ ਪੱਤਰ ਮਗਰੋਂ ਜੋਗਿੰਦਰ ਸਿੰਘ ਉਗਰਾਹਾਂ, ਜੰਗਵੀਰ ਸਿੰਘ ਚੌਹਾਨ, ਮਨਜੀਤ ਸਿੰਘ ਧਨੇਰ ਤੇ ਹਰਵਿੰਦਰ ਸਿੰਘ ਲੱਖੋਵਾਲ ਸਮੇਤ ਹੋਰਨਾਂ ਐੱਸਕੇਐੱਮ ਆਗੂਆਂ ਨੇ ਅੱਜ ਬੈਠਕ ਕੀਤੀ ਸੀ। ਆਗੂਆਂ ਨੇ ਐਲਾਨ ਕੀਤਾ ਕਿ ਉਹ ਕਿਸਾਨੀ ਮਸਲਿਆਂ ਨੂੰ ਲੈ ਕੇ 23 ਦਸੰਬਰ ਨੂੰ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਉੱਤੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਖਿਲਾਫ ਰੋਸ ਮੁਜ਼ਾਹਰੇ ਕਰਨਗੇ।
ਮੀਟਿੰਗ ਉਪਰੰਤ ਉਗਰਾਹਾਂ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪੰਧੇਰ ਦੇ ਉਪਰੋਕਤ ਪੱਤਰ ਦੇ ਹਵਾਲੇ ਨਾਲ ਕਿਹਾ ਕਿ ਐੱਸਕੇਐੱਮ ਆਗੂ 21 ਦਸੰਬਰ ਨੂੰ ਸੰਯੁਕਤ ਕਿਸਾਨ ਮੋਰਚਾ (ਗੈਰਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂਆਂ ਨਾਲ ਪਟਿਆਲਾ ਵਿਚ ਬੈਠਕ ਕਰਨਗੇ। ਉਨ੍ਹਾਂ ਕਿਹਾ, ‘‘ਅਸੀਂ ਉਨ੍ਹਾਂ ਨੂੰ ਗੱਲਬਾਤ ਲਈ ਸੱਦਾ ਦੇਵਾਂਗੇ।’’ ਐੱਸਕੇਐੱਮ ਵੱਲੋਂ ਬੈਠਕ ਵਿਚ ਜੋਗਿੰਦਰ ਸਿੰਘ ਉਗਰਾਹਾਂ, ਰਮਿੰਦਰ ਸਿੰਘ ਪਟਿਆਲਾ, ਬਲਬੀਰ ਸਿੰਘ ਰਾਜੇਵਾਲ, ਦਰਸ਼ਨ ਪਾਲ, ਯੁੱਧਵੀਰ ਸਿੰਘ ਤੇ ਹਨਨ ਮੌਲਾ ਸ਼ਾਮਲ ਹੋਣਗੇ। ਉਗਰਾਹਾਂ ਨੇ ਕਿਹਾ ਕਿ ਐੱਸਕੇਐੱਮ ਦੀ ਤਾਲਮੇਲ ਕਮੇਟੀ ਪਹਿਲਾਂ ਹੀ ਫੈਸਲਾ ਕਰ ਚੁੱਕੀ ਹੈ ਕਿ ਉਹ ਦੋ ਜਥੇਬੰਦੀਆਂ ਦੇ ਸੰਘਰਸ਼ ਵਿੱਚ ਸ਼ਾਮਲ ਨਹੀਂ ਹੋ ਸਕਦੀ। ਐੱਸਕੇਐੱਮ ਵੱਲੋਂ ਮੌਜੂਦਾ ਸੰਘਰਸ਼ ਦੀ ਹਮਾਇਤ ਨਾ ਕੀਤੇ ਜਾਣ ਬਾਰੇ ਸਵਾਲ ਦੇ ਜਵਾਬ ਵਿਚ ਉਗਰਾਹਾਂ ਨੇ ਕਿਹਾ ਕਿ ਐੱਸਕੇਐੱਮ (ਗ਼ੈਰਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਨੇ ਉਨ੍ਹਾਂ (ਐੱਸਕੇਐੱਮ) ਨਾਲ ਹਮਾਇਤ ਬਾਰੇ ਵਿਚਾਰ ਚਰਚਾ ਕਰਨ ਤੋਂ ਪਹਿਲਾਂ ਹੀ ਆਪਣੇ ਅੰਦੋਲਨ (ਫਰਵਰੀ ਵਿਚ ਦਿੱਲੀ ਚਲੋ ਮਾਰਚ) ਦੀ ਯੋਜਨਾਬੰਦੀ ਕਰ ਲਈ ਸੀ। ਉਨ੍ਹਾਂ ਕਿਹਾ ਕਿ ਅੰਦੋਲਨ ਬਾਰੇ ਫੈਸਲਾ ਲੈਣ ਤੋਂ ਬਾਅਦ ਹੋਰ ਕਿਸਾਨ ਜਥੇਬੰਦੀਆਂ ਦੀ ਹਮਾਇਤ ਲੈਣ ਦਾ ਇਹ ਤਰੀਕਾ ਸਹੀ ਨਹੀਂ ਹੈ, ਕਿਉਂਕਿ ਉਨ੍ਹਾਂ ਕਿਸਾਨੀ ਮੰਗਾਂ ਦੀ ਹਮਾਇਤ ਵਿੱਚ ਕਿਸੇ ਵੀ ਧਰਨੇ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਨਾਲ ਸਲਾਹ-ਮਸ਼ਵਰਾ ਕਰਨ ’ਤੇ ਜ਼ੋਰ ਦਿੱਤਾ ਸੀ।
ਇਸ ਦੌਰਾਨ ਐੱਸਕੇਐੱਮ ਨੇ 6 ਤੇ 14 ਦਸੰਬਰ ਨੂੰ ਪੈਦਲ ਦਿੱਲੀ ਕੂਚ ਦੀ ਕੋਸ਼ਿਸ਼ ਕਰ ਰਹੇ ਕਿਸਾਨਾਂ ’ਤੇ ਜਲਤੋਪਾਂ ਨਾਲ ਪਾਣੀ ਦੀਆਂ ਬੁਛਾੜਾਂ ਤੇ ਅੱਥਰੂ ਗੈਸ ਦੇ ਗੋਲੇ ਵਰਤਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਐੱਸਕੇਐੱਮ ਨੇ ਖਨੌਰੀ ਬਾਰਡਰ ’ਤੇ ਮਰਨ ਵਰਤ ਉੱਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਨਜ਼ਰਅੰਦਾਜ਼ ਕਰਨ ਲਈ ਵੀ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ। ਆਗੂਆਂ ਨੇ ਕਿਹਾ ਕਿ ਸਰਕਾਰ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਗੱਲਬਾਤ ਸ਼ੁਰੂ ਕਰੇ। ਚੇਤੇ ਰਹੇ ਕਿ ਸਾਲ 2020 ਵਿੱਚ, ਪੰਜਾਬ ਅਤੇ ਅੰਬਾਲਾ ਦੇ ਨੇੜਲੇ ਖੇਤਰਾਂ ਤੋਂ ਸ਼ੰਭੂ ਸਰਹੱਦ ’ਤੇ ਇਕੱਠੇ ਹੋਏ ਵੱਡੀ ਗਿਣਤੀ ਕਿਸਾਨਾਂ ਨੇ ਦਿੱਲੀ ਵੱਲ ਮਾਰਚ ਕਰਨ ਲਈ ਪੁਲੀਸ ਵੱਲੋਂ ਲਾਈਆਂ ਰੋਕਾਂ ਨੂੰ ਤੋੜ ਦਿੱਤਾ ਸੀ। ਇਸ ਮਗਰੋਂ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੇ (ਹੁਣ ਰੱਦ ਕੀਤੇ ਗਏ) ਤਿੰਨ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਬਰੂਹਾਂ- ਸਿੰਘੂ, ਟਿੱਕਰੀ ਅਤੇ ਗਾਜ਼ੀਪੁਰ - 'ਤੇ ਇੱਕ ਸਾਲ ਪ੍ਰਦਰਸ਼ਨ ਕੀਤਾ ਸੀ। -ਪੀਟੀਆਈ