ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੀਵਨ ਬੀਮਾ ਪਾਲਿਸੀ ’ਤੇ ਜੀਐੱਸਟੀ ਤੋਂ ਮਿਲ ਸਕਦੀ ਹੈ ਛੋਟ

07:28 AM Oct 20, 2024 IST

ਨਵੀਂ ਦਿੱਲੀ, 19 ਅਕਤੂਬਰ
ਜੀਵਨ ਬੀਮਾ ਪਾਲਿਸੀਆਂ ਅਤੇ ਸੀਨੀਅਰ ਸਿਟੀਜ਼ਨਸ ਦੇ ਸਿਹਤ ਬੀਮਾ ਪ੍ਰੀਮੀਅਮਾਂ ’ਤੇ ਜੀਐੱਸਟੀ ਤੋਂ ਰਾਹਤ ਮਿਲ ਸਕਦੀ ਹੈ। ਸੂਬਿਆਂ ਦੇ ਮੰਤਰੀਆਂ ’ਤੇ ਆਧਾਰਿਤ ਕਮੇਟੀ ਦੇ ਜ਼ਿਆਦਾਤਰ ਮੈਂਬਰਾਂ ਨੇ ਆਮ ਆਦਮੀ ਨੂੰ ਲਾਹਾ ਦੇਣ ਲਈ ਟੈਕਸਾਂ ’ਚ ਕਟੌਤੀ ਦੀ ਹਮਾਇਤ ਕੀਤੀ ਹੈ। ਸਿਹਤ ਅਤੇ ਜੀਵਨ ਬੀਮਾ ਪ੍ਰੀਮੀਅਮਾਂ ’ਤੇ ਜੀਐੱਸਟੀ ਬਾਰੇ ਫ਼ੈਸਲਾ ਲੈਣ ਲਈ ਬਣੀ ਮੰਤਰੀਆਂ ਦੇ ਸਮੂਹ ਦੀ ਮੀਟਿੰਗ ’ਚ ਸੀਨੀਅਰ ਸਿਟੀਜ਼ਨਸ ਤੋਂ ਇਲਾਵਾ ਹੋਰ ਵਿਅਕਤੀਆਂ ਵੱਲੋਂ 5 ਲੱਖ ਰੁਪਏ ਤੱਕ ਦੇ ਸਿਹਤ ਬੀਮਾ ਲਈ ਭੁਗਤਾਨ ਕੀਤੇ ਗਏ ਪ੍ਰੀਮੀਅਮ ’ਤੇ ਜੀਐੱਸਟੀ ਤੋਂ ਛੋਟ ਦੇਣ ਦਾ ਫ਼ੈਸਲਾ ਲਿਆ ਗਿਆ। ਉਂਝ 5 ਲੱਖ ਰੁਪਏ ਤੋਂ ਵਧ ਦੇ ਸਿਹਤ ਬੀਮਾ ਕਵਰ ’ਤੇ 18 ਫ਼ੀਸਦ ਜੀਐੱਸਟੀ ਜਾਰੀ ਰਹੇਗਾ। ਇਸ ਤੋਂ ਇਲਾਵਾ ਜੀਐੱਸਟੀ ਦਰ ਤਰਕਸੰਗਤ ਬਣਾਉਣ ਲਈ ਵੱਖਰੇ ਮੰਤਰੀ ਸਮੂਹ ਨੇ ਮੀਟਿੰਗ ਕਰਕੇ ਸੁਝਾਅ ਦਿੱਤਾ ਕਿ ਜੀਐੱਸਟੀ ਕੌਂਸਲ ਪੈਕੇਜਡ ਪੀਣ ਵਾਲੇ ਪਾਣੀ, ਸਾਈਕਲ, ਕਾਪੀਆਂ, ਮਹਿੰਗੀਆਂ ਘੜੀਆਂ ਅਤੇ ਜੁੱਤਿਆਂ ਸਮੇਤ ਕਈ ਵਸਤਾਂ ’ਤੇ ਟੈਕਸ ਦਰਾਂ ’ਚ ਫੇਰਬਦਲ ਕਰੇ। ਸਿਹਤ ਤੇ ਜੀਵਨ ਬੀਮਾ ਪ੍ਰੀਮੀਅਮਾਂ ’ਤੇ ਜੀਐੱਸਟੀ ਅਤੇ ਹੋਰ ਵਸਤਾਂ ’ਤੇ ਟੈਕਸ ਬਾਰੇ ਅੰਤਿਮ ਫ਼ੈਸਲਾ ਕੇਂਦਰੀ ਵਿੱਤ ਮੰਤਰੀ ਦੀ ਅਗਵਾਈ ਹੇਠਲੀ ਜੀਐੱਸਟੀ ਕੌਂਸਲ ਵੱਲੋਂ ਲਏ ਜਾਣ ਦੀ ਸੰਭਾਵਨਾ ਹੈ ਜਿਸ ਦੀ ਮੀਟਿੰਗ ਅਗਲੇ ਮਹੀਨੇ ਤੈਅ ਹੈ। ਇਕ ਅਧਿਕਾਰੀ ਨੇ ਕਿਹਾ ਕਿ ਜੀਐੱਸਟੀ ਦਰਾਂ ’ਚ ਬਦਲਾਅ ਨਾਲ ਸੂਬਿਆਂ ਅਤੇ ਕੇਂਦਰ ਨੂੰ 22 ਹਜ਼ਾਰ ਕਰੋੜ ਰੁਪਏ ਦਾ ਮਾਲੀਆ ਲਾਭ ਹੋਵੇਗਾ ਜਿਸ ਨਾਲ ਬੀਮਾ ਪ੍ਰੀਮੀਅਮਾਂ ’ਤੇ ਜੀਐੱਸਟੀ ਦਰਾਂ ’ਚ ਕਟੌਤੀ ਕਾਰਨ ਹੋਣ ਵਾਲੇ ਨੁਕਸਾਨ ਦੀ ਭਰਪਾਈ ਹੋਵੇਗੀ।
ਦਰਾਂ ਨੂੰ ਤਰਕਸੰਗਤ ਬਣਾਉਣ ’ਤੇ ਮੰਤਰੀ ਸਮੂਹ ਨੇ 20 ਲਿਟਰ ਅਤੇ ਉਸ ਤੋਂ ਵਧ ਦੇ ਪੈਕੇਜਡ ਪੀਣ ਵਾਲੇ ਪਾਣੀ ’ਤੇ ਜੀਐੱਸਟੀ 18 ਤੋਂ ਘਟਾ ਕੇ 5 ਫ਼ੀਸਦ ਕਰਨ ਦੀ ਤਜਵੀਜ਼ ਰੱਖੀ ਹੈ। ਜੇ ਇਹ ਸਿਫ਼ਾਰਸ਼ਾਂ ਮੰਨ ਲਈਆਂ ਜਾਂਦੀਆਂ ਹਨ ਤਾਂ 10 ਹਜ਼ਾਰ ਰੁਪਏ ਤੋਂ ਘੱਟ ਕੀਮਤ ਵਾਲੀਆਂ ਸਾਈਕਲਾਂ ’ਤੇ ਜੀਐੱਸਟੀ 12 ਤੋਂ ਘਟਾ ਕੇ 5 ਫ਼ੀਸਦ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਕਾਪੀਆਂ ’ਤੇ ਜੀਐੱਸਟੀ 12 ਤੋਂ ਘਟਾ ਕੇ 5 ਫ਼ੀਸਦ ਕਰ ਦਿੱਤਾ ਜਾਵੇਗਾ। ਮੰਤਰੀ ਸਮੂਹ ਨੇ 15 ਹਜ਼ਾਰ ਰੁਪਏ ਤੋਂ ਵਧ ਕੀਮਤ ਵਾਲੇ ਜੁੱਤਿਆਂ ’ਤੇ ਜੀਐੱਸਟੀ 18 ਤੋਂ ਵਧਾ ਕੇ 28 ਫ਼ੀਸਦ ਕਰਨ ਦੀ ਵੀ ਸਿਫ਼ਾਰਸ਼ ਕੀਤੀ ਹੈ। ਇਸੇ ਤਰ੍ਹਾਂ 25 ਹਜ਼ਾਰ ਰੁਪਏ ਤੋਂ ਵਧ ਦੀ ਕੀਮਤ ਵਾਲੀਆਂ ਘੜੀਆਂ ’ਤੇ ਜੀਐੱਸਟੀ 18 ਤੋਂ ਵਧਾ ਕੇ 28 ਫ਼ੀਸਦ ਕਰਨ ਦੀ ਵੀ ਤਜਵੀਜ਼ ਰੱਖੀ ਗਈ ਹੈ। ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਹਤ ਅਤੇ ਜੀਵਨ ਬੀਮਾ ਬਾਰੇ ਮੰਤਰੀ ਸਮੂਹ ਦੇ ਕਨਵੀਨਰ ਬਿਹਾਰ ਦੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਕਿਹਾ ਕਿ ਗਰੁੱਪ ਦਾ ਹਰੇਕ ਮੈਂਬਰ ਲੋਕਾਂ ਨੂੰ ਰਾਹਤ ਦੇਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਕੌਂਸਲ ਨੂੰ ਛੇਤੀ ਰਿਪੋਰਟ ਦਿੱਤੀ ਜਾਵੇਗੀ ਅਤੇ ਉਹ ਹੀ ਆਖਰੀ ਫ਼ੈਸਲਾ ਲੈਣਗੇ। -ਪੀਟੀਆਈ

Advertisement

Advertisement