ਨਿਵੇਕਲੀ ਪਿਰਤ: ਸੰਗਰੂਰ ’ਚ ‘ਟ੍ਰੀ ਫਾਰ ਗੰਨ’ ਮੁਹਿੰਮ ਦਾ ਆਗਾਜ਼
ਗੁਰਦੀਪ ਸਿੰਘ ਲਾਲੀ
ਸੰਗਰੂਰ, 19 ਅਗਸਤ
ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਅਤੇ ਘੱਟ ਰਹੇ ਜੰਗਲਾਂ ਦੇ ਰਕਬੇ ਪ੍ਰਤੀ ਸੰਗਰੂਰ ਵਾਸੀਆਂ ਨੂੰ ਲਾਮਬੰਦ ਕਰਨ ਦੇ ਮਕਸਦ ਨਾਲ ਡਿਵੀਜ਼ਨਲ ਕਮਿਸ਼ਨਰ ਪਟਿਆਲਾ ਚੰਦਰ ਗੈਂਦ ਨੇ ਅਸਲਾ ਲਾਇਸੈਂਸ ਬਣਵਾਉਣ ਅਤੇ ਨਵਿਆਉਣ ਵਾਲਿਆਂ ਲਈ ‘ਟ੍ਰੀ ਫ਼ਾਰ ਗੰਨ’ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਗੈਂਦ ਨੇ ਦੱਸਿਆ ਕਿ ਇਸ ਦਾ ਮੁੱਖ ਮਕਸਦ ਲੋਕਾਂ ਨੂੰ ਬੂਟੇ ਲਗਾਉਣ ਲਈ ਪ੍ਰੇਰਿਤ ਕਰਨਾ ਅਤੇ ਰੁੱਖਾਂ ਨੂੰ ਪਾਲਣ ਲਈ ਪਾਬੰਦ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਜੋ ਨਵਾਂ ਅਸਲਾ ਲਾਇਸੈਂਸ ਬਣਵਾਉਣ ਜਾਂ ਫਿਰ ਪੁਰਾਣੇ ਲਾਇਸੈਂਸ ਨੂੰ ਨਵਿਆਉਣਾ ਚਾਹੁੰਦਾ ਹੈ ਤਾਂ ਉਸ ਲਈ ਕ੍ਰਮਵਾਰ 10 ਅਤੇ 5 ਬੂਟੇ ਲਗਾਉਣੇ ਲਾਜ਼ਮੀ ਹੋਣਗੇ। ਉਨ੍ਹਾਂ ਦੱਸਿਆ ਕਿ ਲਾਇਸੈਂਸ ਦੀ ਫਾਈਲ ਜਮ੍ਹਾਂ ਕਰਵਾਉਣ ਸਮੇਂ ਬੂਟੇ ਲਗਾਉਣ ਦੀ ਸੈਲਫ਼ੀ ਨਾਲ ਦੇਣੀ ਹੋਵੇਗੀ। ਇਕ ਮਹੀਨੇ ਬਾਅਦ ਜਦ ਦਰਖ਼ਾਸਤ ਪੁਲੀਸ ਵੈਰੀਫਿਕੇਸ਼ਨ ਅਤੇ ਡੋਪ ਟੈਸਟ ਲਈ ਭੇਜੀ ਜਾਵੇਗੀ ਤਾਂ ਵੀ ਲਗਾਏ ਗਏ ਬੂਟਿਆਂ ਨਾਲ ਦੁਬਾਰਾ ਸੈਲਫ਼ੀ ਦੀਆਂ ਫ਼ੋਟੋਆਂ ਜਮ੍ਹਾਂ ਕਰਵਾਉਣੀਆਂ ਹੋਣਗੀਆਂ। ਸ੍ਰੀ ਗੈਂਦ ਨੇ ਦੱਸਿਆ ਕਿ ਜ਼ਿਲ੍ਹੇ ’ਚ ਹੁਣ ਤੱਕ ਕਰੀਬ 22 ਹਜ਼ਾਰ ਅਸਲਾ ਲਾਇਸੈਂਸ ਜਾਰੀ ਕੀਤੇ ਜਾ ਚੁੱਕੇ ਹਨ। ਜੇਕਰ ਹਰ ਮਹੀਨੇ 200 ਦੇ ਕਰੀਬ ਅਸਲਾ ਲਾਇਸੈਂਸ ਨਵੀਨੀਕਰਨ ਲਈ ਆਉਂਦੇ ਹੋਣ ਤਾਂ ਹਰ ਬਿਨੈਕਾਰ 5 ਰੁੱਖ ਲਗਾਉਂਦਾ ਹੈ ਤਾਂ ਇਕ ਮਹੀਨੇ ’ਚ ਇੱਕ ਹਜ਼ਾਰ ਬੂਟੇ ਲਗਣਗੇ ਅਤੇ ਸਾਲ ਵਿੱਚ ਸੰਗਰੂਰ ਜ਼ਿਲ੍ਹੇ ਅੰਦਰ 12 ਹਜ਼ਾਰ ਬੂਟੇ ਲੱਗ ਸਕਣਗੇ।