For the best experience, open
https://m.punjabitribuneonline.com
on your mobile browser.
Advertisement

ਭਾਰਤ ਸ਼ਾਂਤੀਪੂਰਨ ਤੇ ਸਥਿਰ ਖੇਤਰ ਲਈ ਸਹਿਯੋਗਾਤਮਕ ਭੂਮਿਕਾ ਨਿਭਾਉਣਾ ਚਾਹੁੰਦਾ ਹੈ: ਮੋਦੀ

12:15 PM Jul 08, 2024 IST
ਭਾਰਤ ਸ਼ਾਂਤੀਪੂਰਨ ਤੇ ਸਥਿਰ ਖੇਤਰ ਲਈ ਸਹਿਯੋਗਾਤਮਕ ਭੂਮਿਕਾ ਨਿਭਾਉਣਾ ਚਾਹੁੰਦਾ ਹੈ  ਮੋਦੀ
ਨਵੀਂ ਦਿੱਲੀ ਵਿੱਚ ਸੋਮਵਾਰ ਨੂੰ ਰੂਸ ਲਈ ਰਵਾਨਾ ਹੋਣ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 8 ਜੁਲਾਈ
ਯੂਕਰੇਨ ਵਿੱਚ ਸੰਘਰਸ਼ ਵਿਚਾਲੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਸਿਖ਼ਰ ਗੱਲਬਾਤ ਲਈ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਸ਼ਾਂਤੀਪੂਰਨ ਅਤੇ ਸਥਿਰ ਖੇਤਰ ਲਈ ਸਹਿਯੋਗਾਤਮਕ ਭੂਮਿਕਾ ਨਿਭਾਉਣਾ ਚਾਹੁੰਦਾ ਹੈ। ਇਹ 2019 ਦੇ ਬਾਅਦ ਤੋਂ ਮੋਦੀ ਦੀ ਰੂਸ ਦੀ ਪਹਿਲੀ ਯਾਤਰਾ ਹੈ। ਫਰਵਰੀ 2022 ਵਿੱਚ ਯੂਕਰੇਨ ’ਤੇ ਰੂਸੀ ਹਮਲੇ ਦੀ ਸ਼ੁਰੂਆਤ ਦੇ ਬਾਅਦ ਤੋਂ ਵੀ ਇਹ ਭਾਰਤੀ ਪ੍ਰਧਾਨ ਮੰਤਰੀ ਦੀ ਰੂਸ ਦੀ ਪਹਿਲੀ ਯਾਤਰਾ ਹੈ। 9 ਜੁਲਾਈ ਨੂੰ ਰੂਸ ਵਿੱਚ ਆਪਣੀ ਯਾਤਰਾ ਪੂਰੀ ਕਰਨ ਤੋਂ ਬਾਅਦ ਮੋਦੀ ਆਸਟਰੀਆ ਲਈ ਰਵਾਨਾ ਹੋਣਗੇ। ਇਹ 40 ਸਾਲ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਹਿਲੀ ਯਾਤਰਾ ਹੋਵੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਹ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਦੁਵੱਲੇ ਸਹਿਯੋਗ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕਰਨ ਅਤੇ ਆਲਮੀ ਮੁੱਦਿਆਂ ’ਤੇ ਦ੍ਰਿਸ਼ਟੀਕੋਨ ਸਾਂਝਾ ਕਰਨ ਦੇ ਨਾਲ ਹੀ ਇਕ ਸ਼ਾਂਤੀਪੂਰਨ ਤੇ ਸਥਿਰ ਖੇਤਰ ਲਈ ਸਹਾਇਕ ਭੂਮਿਕਾ ਨਿਭਾਉਣ ਲਈ ਉਤਸ਼ਾਹਿਤ ਹਨ। ਰੂਸ ਅਤੇ ਆਸਟਰੀਆ ਦੇ ਦੋ ਦਿਨਾ ਦੌਰੇ ’ਤੇ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਬਿਆਨ ਵਿੱਚ ਇਹ ਗੱਲ ਕਹੀ। ਮੋਦੀ ਤੇ ਪੂਤਿਨ ਮੰਗਲਵਾਰ ਨੂੰ 22ਵੇਂ ਭਾਰਤ-ਰੂਸ ਸਾਲਾਨਾ ਸਿਖਰ ਸੰਮੇਲਨ ਵਿੱਚ ਮਿਲਣਗੇ। ਇਸ ਦੌਰਾਨ ਉਹ ਵੱਖ-ਵੱਖ ਖੇਤਰਾਂ ਵਿੱਚ ਦੁਵੱਲੇ ਸਬੰਧਾਂ ਨੂੰ ਹੋਰ ਵਿਸਤਾਰ ਦੇਣ ਦੇ ਤਰੀਕੇ ਲੱਭਣ ਬਾਰੇ ਚਰਚਾ ਕਰਨਗੇ। ਰੂਸ ਵਿੱਚ ਆਪਣੀ ਯਾਤਰਾ ਪੂਰੀ ਕਰਨ ਤੋਂ ਬਾਅਦ ਮੋਦੀ ਆਸਟਰੀਆ ਲਈ ਰਵਾਨਾ ਹੋਣਗੇ। ਇਹ ਪਿਛਲੇ 40 ਸਾਲਾਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਉੱਥੋਂ ਦੀ ਪਹਿਲੀ ਯਾਤਰਾ ਹੋਵੇਗੀ। ਮੋਦੀ ਨੇ ਬਿਆਨ ਵਿੱਚ ਕਿਹਾ, ‘‘ਭਾਰਤ ਤੇ ਰੂਸ ਵਿਚਾਲੇ ਵਿਸ਼ੇਸ਼ ਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਰਣਨੀਤਕ ਸਾਂਝੇਦਾਰੀ ਪਿਛਲੇ 10 ਸਾਲਾਂ ਵਿੱਚ ਹੋਰ ਵਧੀ ਹੈ, ਜਿਸ ਵਿੱਚ ਊਰਜਾ, ਸੁਰੱਖਿਆ, ਵਪਾਰ, ਨਿਵੇਸ਼, ਸਿਹਤ, ਸਿੱਖਿਆ, ਸਭਿਆਚਾਰ, ਸੈਰ-ਸਪਾਟਾ ਅਤੇ ਲੋਕਾਂ ਨਾਲ ਲੋਕਾਂ ਦਾ ਸੰਪਰਕ ਆਦਿ ਖੇਤਰ ਸ਼ਾਮਲ ਹਨ। ਉਨ੍ਹਾਂ ਕਿਹਾ, ‘‘ਮੈਂ, ਮੇਰੇ ਦੋਸਤ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਦੁਵੱਲੇ ਸਹਿਯੋਗ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕਰਨ ਅਤੇ ਵੱਖ-ਵੱਖ ਖੇਤਰੀ ਤੇ ਆਲਮੀ ਮਾਮਲਿਆਂ ਬਾਰੇ ਦ੍ਰਿਸ਼ਟੀਕੋਨ ਸਾਂਝਾ ਕਰਨ ਨੂੰ ਲੈ ਕੇ ਆਸਵੰਦ ਹਾਂ।’’ ਉਨ੍ਹਾਂ ਕਿਹਾ, ‘‘ਅਸੀਂ ਸ਼ਾਂਤੀਪੂਰਨ ਤੇ ਸਥਿਰ ਖੇਤਰ ਵਾਸਤੇ ਸਹਾਇਕ ਭੂਮਿਕਾ ਨਿਭਾਉਣਾ ਚਾਹੁੰਦੇ ਹਾਂ। ਇਹ ਯਾਤਰਾ ਮੈਨੂੰ ਰੂਸ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਨੂੰ ਮਿਲਣ ਦਾ ਮੌਕਾ ਵੀ ਪ੍ਰਦਾਨ ਕਰੇਗੀ।’’
ਪ੍ਰਧਾਨ ਮੰਤਰੀ ਨੇ ਆਸਟਰੀਆ ਨੂੰ ਭਾਰਤ ਦਾ ਦ੍ਰਿੜ੍ਹ ਤੇ ਭਰੋਸੇਯੋਗ ਸਾਂਝੇਦਾਰ ਦੱਸਿਆ ਅਤੇ ਕਿਹਾ ਕਿ ਇਸ ਦੌਰੇ ’ਤੇ ਉਨ੍ਹਾਂ ਨੂੰ ਰਾਸ਼ਟਰਪਤੀ ਐਲੇਗਜ਼ੈਂਡਰ ਵਾਨ ਡੇਰ ਬੈਲੇਨ ਅਤੇ ਚਾਂਸਲਰ ਕਾਰਲ ਨੇਹਮਰ ਨੂੰ ਮਿਲਣ ਦਾ ਮੌਕਾ ਮਿਲੇਗਾ। -ਪੀਟੀਆਈ

Advertisement

Advertisement
Advertisement
Author Image

Advertisement