ਜਰਮਨੀ ਖ਼ਿਲਾਫ਼ ਲੜੀ ਲਈ ਉਤਸ਼ਾਹਿਤ: ਹਰਮਨਪ੍ਰੀਤ
ਨਵੀਂ ਦਿੱਲੀ, 25 ਸਤੰਬਰ
ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਉਹ ਜਰਮਨੀ ਖ਼ਿਲਾਫ਼ ਦੋ ਮੈਚਾਂ ਦੀ ਲੜੀ ਲਈ ਉਤਸ਼ਾਹਿਤ ਹੈ। ਉਸ ਨੇ ਕਿਹਾ ਕਿ 23 ਅਤੇ 24 ਅਕਤੂਬਰ ਨੂੰ ਹੋਣ ਵਾਲੇ ਮੈਚਾਂ ਦੌਰਾਨ ਟੀਮ ਦੀ ਚੰਗੀ ਪਰਖ ਹੋਵੇਗੀ ਅਤੇ ਇਸ ਨਾਲ ਕੌਮੀ ਰਾਜਧਾਨੀ ਖੇਤਰ ਦੇ ਲੋਕਾਂ ਵਿੱਚ ਇਸ ਖੇਡ ਪ੍ਰਤੀ ਭਾਵਨਾ ਮੁੜ ਸੁਰਜੀਤ ਕਰਨ ਵਿੱਚ ਵੀ ਮਦਦ ਮਿਲੇਗੀ। ਇਹ ਦੋਵੇਂ ਮੈਚ ਮੇਜਰ ਧਿਆਨਚੰਦ ਸਟੇਡੀਅਮ ’ਚ ਖੇਡੇ ਜਾਣਗੇ ਅਤੇ ਇਹ ਸਟੇਡੀਅਮ ਲਗਪਗ ਦਹਾਕੇ ਬਾਅਦ ਕੌਮਾਂਤਰੀ ਹਾਕੀ ਦੀ ਮੇਜ਼ਬਾਨੀ ਕਰੇਗਾ। ਇਸ ਤੋਂ ਪਹਿਲਾਂ ਇੱਥੇ ਆਖਰੀ ਵਾਰ 2014 ਵਿੱਚ ਹਾਕੀ ਵਰਲਡ ਲੀਗ ਦੇ ਮੈਚ ਖੇਡੇ ਗਏ ਸਨ।
ਹਰਮਨਪ੍ਰੀਤ ਨੇ ਕਿਹਾ, ‘ਇਹ ਲੜੀ ਸਿਰਫ ਦੋ ਟੀਮਾਂ ਵਿਚਾਲੇ ਖੇਡਣ ਤੱਕ ਸੀਮਤ ਨਹੀਂ ਹੈ। ਇਸ ਨਾਲ ਦਿੱਲੀ ਵਿੱਚ ਹਾਕੀ ਦੀ ਭਾਵਨਾ ਮੁੜ ਸੁਰਜੀਤ ਕਰਨ ਵਿੱਚ ਵੀ ਮਦਦ ਮਿਲੇਗੀ। ਸਾਨੂੰ ਉਮੀਦ ਹੈ ਕਿ ਇਹ ਲੜੀ ਖੇਤਰ ਦੇ ਨੌਜਵਾਨ ਖਿਡਾਰੀਆਂ ਨੂੰ ਖੇਡ ਨਾਲ ਜੁੜਨ ਲਈ ਪ੍ਰੇਰਿਤ ਕਰੇਗੀ।’ ਉਸ ਨੇ ਕਿਹਾ, ‘ਦਿੱਲੀ ’ਚ ਇੰਨੇ ਸਾਲਾਂ ਬਾਅਦ ਘਰੇਲੂ ਪ੍ਰਸ਼ੰਸਕਾਂ ਦੇ ਸਾਹਮਣੇ ਖੇਡਣਾ ਟੀਮ ਦੇ ਰੂਪ ’ਚ ਸਾਡੇ ਲਈ ਖਾਸ ਹੈ।’ -ਪੀਟੀਆਈ