For the best experience, open
https://m.punjabitribuneonline.com
on your mobile browser.
Advertisement

ਆਬਕਾਰੀ ਨੀਤੀ: ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਰਾਹਤ ਨਹੀਂ

07:15 AM Apr 16, 2024 IST
ਆਬਕਾਰੀ ਨੀਤੀ  ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਰਾਹਤ ਨਹੀਂ
Advertisement

* ਅਗਲੀ ਸੁਣਵਾਈ 29 ਅਪਰੈਲ ਨੂੰ

Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 15 ਅਪਰੈਲ
ਸੁਪਰੀਮ ਕੋਰਟ ਨੇ ਕਥਿਤ ਆਬਕਾਰੀ ਨੀਤੀ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਆਪਣੀ ਗ੍ਰਿਫ਼ਤਾਰੀ ਨੂੰ ਚੁਣੌਤੀ ਦਿੰਦੀ ਪਟੀਸ਼ਨ ’ਤੇ ‘ਆਪ’ ਦੇ ਕੌਮੀ ਕਨਵੀਨਰ ਨੂੰ ਫੌਰੀ ਭਾਵੇਂ ਕੋਈ ਰਾਹਤ ਨਹੀਂ ਦਿੱਤੀ ਪਰ ਜਸਟਿਸ ਸੰਜੀਵ ਖੰਨਾ ਤੇ ਜਸਟਿਸ ਦੀਪਾਂਕਰ ਦੱਤਾ ਦੇ ਬੈਂਚ ਨੇ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਤੋਂ 24 ਅਪਰੈਲ ਤੱਕ ਜਵਾਬ ਜ਼ਰੂਰ ਮੰਗ ਲਿਆ ਹੈ। ਕੇੇਜਰੀਵਾਲ ਨੇ ਪਟੀਸ਼ਨ ਵਿਚ ਦਿੱਲੀ ਹਾਈ ਕੋਰਟ ਵੱਲੋਂ 9 ਅਪਰੈਲ ਨੂੰ ਸੁਣਾਏ ਗ੍ਰਿਫ਼ਤਾਰੀ ਬਰਕਰਾਰ ਰੱਖਣ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ। ਬੈਂਚ ਨੇ ਕੇਸ ਦੀ ਅਗਲੀ ਸੁਣਵਾਈ 29 ਅਪਰੈਲ ਲਈ ਨਿਰਧਾਰਿਤ ਕੀਤੀ ਹੈ।
ਸੁਪਰੀਮ ਕੋਰਟ ਵਿਚ ਅੱਜ ਪਟੀਸ਼ਨ ’ਤੇ ਸੁਣਵਾਈ ਦੌਰਾਨ ਕੇਜਰੀਵਾਲ ਵੱਲੋਂ ਪੇਸ਼ ਸੀਨੀਅਰ ਵਕੀਲ ਅਭਿਸ਼ੇਕ ਸਿੰਘਵੀ ਨੇ ਬੈਂਚ ਨੂੰ ਦੱਸਿਆ ਕਿ ਉਹ ਕੁੱਝ ਤੱਥ ਦਿਖਾਉਣਾ ਚਾਹੁੰਦੇ ਹਨ ਜਿਸ ਨਾਲ ਕੋਰਟ ਦੀ ਅੰਤਰ-ਆਤਮਾ ਨੂੰ ‘ਝਟਕਾ’ ਲੱਗੇਗਾ। ਸਿੰਘਵੀ ਨੇ ਕਿਹਾ ਕਿ ਇਹ ‘ਮਾਮਲਾ ਬਹੁਤ ਅਸਾਧਾਰਨ’ ਹੈ ਸਿਰਫ਼ ਇਸ ਲਈ ਨਹੀਂ ਕਿਉਂਕਿ ਕੇਜਰੀਵਾਲ ਮੁੱਖ ਮੰਤਰੀ ਹਨ। ਸਿੰਘਵੀ ਨੇ ਕੇਜਰੀਵਾਲ ਦੀ ਗ੍ਰਿਫ਼ਤਾਰੀ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਗ੍ਰਿਫ਼ਤਾਰੀ ਉਦੋਂ ਹੋਈ ਜਦੋਂਂ ਲੋਕ ਸਭਾ ਚੋਣਾਂ ਕਰਕੇ ਚੋਣ ਜ਼ਾਬਤਾ ਅਮਲ ਵਿਚ ਆ ਚੁੱਕਾ ਸੀ। ਉਨ੍ਹਾਂ ਕਿਹਾ ਕਿ ਥਾਂ ਥਾਂ ’ਤੇ ਚੋਣਵੀਆਂ ਚੋਰਮੋਰੀਆਂ ਹਨ’ ਜੋ ਹਰ ਕਿਸੇ ਨੂੰ ਗ਼ਲਤ ਪ੍ਰਭਾਵ ਦੇ ਰਹੀਆਂ ਹਨ। ਜਸਟਿਸ ਖੰਨਾ ਨੇ ਕਿਹਾ, ‘‘ਮੈਨੂੰ ਇਨ੍ਹਾਂ ਚੋਣਵੀਆਂ ਚੋਰਮੋਰੀਆਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਲਈ ਨੋਟਿਸ ਜਾਰੀ ਕਰਨਾ ਬਣਦਾ ਹੇੈ।’’
ਈਡੀ ਵੱਲੋਂ ਪੇਸ਼ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਤੇ ਵਧੀਕ ਸੌਲੀਸਿਟਰ ਜਨਰਲ ਐੱਸ.ਵੀ.ਰਾਜੂ ਨੇ ਕਿਹਾ ਕਿ ਜਾਂਚ ਏਜੰਸੀ ਪਟੀਸ਼ਨ ਨੂੰ ਲੈ ਕੇ ਆਪਣਾ ਜਵਾਬ ਦਾਖਲ ਕਰੇਗੀ। ਇਸ ’ਤੇ ਸਿੰਘਵੀ ਨੇ ਮਸਲਾ ਫੌਰੀ ਸੁਣੇ ਜਾਣ ਦੀ ਲੋੜ ’ਤੇ ਜ਼ੋਰ ਦਿੰਦੇ ਹੋਏ ਕਿਹਾ, ‘‘ਮੈਂ ਕਾਰਨ ਦੱਸੇ ਜਾਣ ਲਈ ਸ਼ੁੱਕਰਵਾਰ ਦੀ ਬੇਹੱਦ ਛੋਟੀ ਤਰੀਕ ਲਈ ਨਹੀਂ ਕਹਿ ਰਿਹਾ।’’ ਜਸਟਿਸ ਖੰਨਾ ਨੇ ਸਿੰਘਵੀ ਨੂੰ ਕਿਹਾ, ‘‘ਅਸੀਂ ਮੁਨਾਸਬ ਤਰੀਕ ਦੇਵਾਂਗੇ, ਬਹੁਤ ਛੋਟੀ ਤਰੀਕ, ਪਰ ਜੋ ਤੁਸੀਂ ਕਹਿ ਰਹੇ ਹੋ ਉਹ ਨਹੀਂ।’’ ਸੁਣਵਾਈ ਦੌਰਾਨ ਸੀਨੀਅਰ ਐਡਵੋਕੇਟ ਨੇ ਕਿਹਾ ਕਿ ਸੀਬੀਆਈ ਤੇ ਈਡੀ ਨੇ ਆਬਕਾਰੀ ਕੇਸ ਵਿਚ ਅੱਠ ਦੋਸ਼-ਪੱਤਰ ਦਾਖ਼ਲ ਕੀਤੇ ਹਨ ਤੇ ਇਨ੍ਹਾਂ ਵਿਚੋਂ ਕਿਸੇ ਵਿਚ ਵੀ ਕੇਜਰੀਵਾਲ ਦਾ ਨਾਮ ਨਹੀਂ ਹੈ।’’ ਉਨ੍ਹਾਂ ਕਿਹਾ, ‘‘ਕਹਾਣੀ ਸਤੰਬਰ 2022 ਤੋਂ ਸ਼ੁਰੂ ਹੁੰਦੀ ਹੈ ਤੇ ਕੇਜਰੀਵਾਲ ਨੂੰ ਮਾਰਚ 2024 ਵਿਚ ਗ੍ਰਿਫ਼ਤਾਰ ਕੀਤਾ ਗਿਆ।’’ ਸਿੰਘਵੀ ਨੇ ਕਿਹਾ ਕਿ ਇਸ ਅਰਸੇ ਦੌਰਾਨ 15 ਬਿਆਨ (ਨੌਂ ਇਕੋ ਵਿਅਕਤੀ ਵੱਲੋਂ ਤੇ ਛੇ ਹੋਰਨਾਂ ਵੱਲੋਂ) ਦਰਜ ਕੀਤੇ ਗਏ, ਪਰ ਕਿਸੇ ਨੇ ਵੀ ਕੇਜਰੀਵਾਲ ਦਾ ਨਾਮ ਨਹੀਂ ਲਿਆ। ਉਨ੍ਹਾਂ ‘ਆਪ’ ਦੇ ਕੌਮੀ ਕਨਵੀਨਰ ਦੀ ਗ੍ਰਿਫ਼ਤਾਰੀ ਦੀ ਟਾਈਮਿੰਗ ਨੂੰ ਲੈ ਕੇ ਕਿਹਾ ਕਿ ਪਹਿਲੇ ਗੇੜ ਦੀਆਂ ਚੋਣਾਂ 19 ਅਪਰੈਲ ਨੂੰ ਹੋਣੀਆਂ ਹਨ। ਇਸ ’ਤੇ ਜਸਟਿਸ ਖੰਨਾ ਨੇ ਤਜਰਬੇਕਾਰ ਵਕੀਲ ਨੂੰ ਕਿਹਾ ਕਿ ‘ਕੁਝ ਦਲੀਲਾਂ ਅਗਲੀ ਤਰੀਕ ਲਈ ਵੀ ਰੱਖੀਆਂ ਜਾਣ।’ ਉਧਰ ਮਹਿਤਾ ਨੇ ਦਲੀਲ ਦਿੱਤੀ ਕਿ ਅਜਿਹੇ ਮਾਮਲਿਆਂ ਵਿਚ ਰਾਹਤ ਲਈ ਚੋਣਾਂ ਨੂੰ ਆਧਾਰ ਨਹੀਂ ਬਣਾਇਆ ਜਾ ਸਕਦਾ। ਬੈਂਚ ਨੇ ਸਿੰਘਵੀ ਨੂੰ ਕਿਹਾ, ‘‘ਜਦੋਂ ਅਸੀਂ ਨੋਟਿਸ ਜਾਰੀ ਕਰਨ ਲਈ ਆਖ ਚੁੱਕੇ ਹਾਂ, ਤੁਹਾਨੂੰ ਤਾਂ ਬਹਿਸ ਵੀ ਨਹੀਂ ਕਰਨੀ ਚਾਹੀਦੀ। ਸਾਨੂੰ ਤੱਥਾਂ ਬਾਰੇ ਪਤਾ ਹੈ। ਅਸੀਂ ਸਾਰੇ ਦਸਤਾਵੇਜ਼ ਦੇਖੇ ਹਨ। ਅਸੀਂ ਕਾਫ਼ੀ ਸਮਾਂ ਲਾਇਆ ਹੈ।’’ ਬੈਂਚ ਨੇ ਈਡੀ ਨੂੰ ਨੋਟਿਸ ਜਾਰੀ ਕਰਦੇ ਹੋਏ ਕੇਂਦਰੀ ਏਜੰਸੀ ਨੂੰ 24 ਅਪਰੈਲ ਨੂੰ ਜਾਂ ਇਸ ਤੋਂ ਪਹਿਲਾਂ ਜਵਾਬ ਦਾਖ਼ਲ ਕਰਨ ਦੀ ਹਦਾਇਤ ਕੀਤੀ ਹੈ ਜਦੋਂਕਿ ਲੋੜ ਪੈਣ ’ਤੇ 27 ਅਪਰੈਲ ਤੱਕ ਜਵਾਬ ਦਾਅਵਾ ਦਾਖਲ ਕਰਨ ਲਈ ਕਿਹਾ ਹੈ। ਹਾਈ ਕੋਰਟ ਨੇ 9 ਅਪਰੈਲ ਨੂੰ ਸੁਣਾਏ ਫੈਸਲੇ ਵਿਚ ਮਨੀ ਲਾਂਡਰਿੰਗ ਕੇਸ ਵਿਚ ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਬਰਕਰਾਰ ਰੱਖਦਿਆਂ ਕਿਹਾ ਸੀ ਕਿ ਇਸ ’ਚ ਕੁਝ ਵੀ ਗੈਰਕਾਨੂੰਨੀ ਨਹੀਂ ਸੀ ਤੇ ਕੇਜਰੀਵਾਲ ਵੱਲੋਂ ਵਾਰ ਵਾਰ ਸੰਮਨਾਂ ਦੀ ਤਾਮੀਲ ਨਾ ਕੀਤੇ ਜਾਣ ਤੇ ਜਾਂਚ ’ਚ ਸ਼ਾਮਲ ਹੋਣ ਤੋਂ ਇਨਕਾਰੀ ਹੋਣ ਕਰ ਕੇ ਈਡੀ ਕੋਲ ਗ੍ਰਿਫਤਾਰੀ ਤੋਂ ਛੁੱਟ ਹੋਰ ਕੋਈ ਬਦਲ ਨਹੀਂ ਸੀ।

ਕੇਜਰੀਵਾਲ ਦੀ ਨਿਆਂਇਕ ਹਿਰਾਸਤ 23 ਤੱਕ ਵਧਾਈ

ਦਿੱਲੀ ਦੀ ਅਦਾਲਤ ਨੇ ਮਨੀ ਲਾਂਡਰਿੰਗ ਕੇਸ ਵਿਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਿਆਂਇਕ ਹਿਰਾਸਤ 23 ਅਪਰੈਲ ਤੱਕ ਵਧਾ ਦਿੱਤੀ ਹੈ। ਕੇਜਰੀਵਾਲ ਨੂੰ ਅੱਜ ਨਿਆਂਇਕ ਹਿਰਾਸਤ ਦੀ ਮਿਆਦ ਮੁੱਕਣ ਮਗਰੋਂ ਵੀਡੀਓ ਕਾਨਫਰੰਸਿੰਗ ਜ਼ਰੀਏ ਸੀਬੀਆਈ ਤੇ ਈਡੀ ਲਈ ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਦੀ ਕੋਰਟ ਵਿਚ ਪੇਸ਼ ਕੀਤਾ ਗਿਆ ਸੀ। ਈਡੀ ਨੇ ਜਾਂਚ ਅਹਿਮ ਪੜਾਅ ਉੱਤੇ ਹੋਣ ਦੇ ਹਵਾਲੇ ਨਾਲ ਕੇਜਰੀਵਾਲ ਦੀ 14 ਦਿਨਾਂ ਦੀ ਹਿਰਾਸਤ ਮੰਗੀ ਸੀ। ਜੱਜ ਨੇ ਕੇਜਰੀਵਾਲ ਦੀ ਨਿਆਂਇਕ ਹਿਰਾਸਤ 23 ਅਪਰੈਲ ਤੱਕ ਵਧਾ ਦਿੱਤੀ। ਇਸ ਤੋਂ ਪਹਿਲਾਂ ਕੋਰਟ ਨੇ ਪਹਿਲੀ ਅਪਰੈਲ ਨੂੰ ਕੇਜਰੀਵਾਲ ਨੂੰ 15 ਅਪਰੈਲ ਤੱਕ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਸੀ।

ਕਵਿਤਾ ਦੀ ਜ਼ਮਾਨਤ ਅਰਜ਼ੀ ’ਤੇ ਸੀਬੀਆਈ ਨੂੰ ਨੋਟਿਸ

ਨਵੀਂ ਦਿੱਲੀ: ਇੱਥੋਂ ਦੀ ਇਕ ਅਦਾਲਤ ਨੇ ਕਥਿਤ ਦਿੱਲੀ ਆਬਕਾਰੀ ਘੁਟਾਲੇ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਦੀ ਆਗੂ ਕੇ ਕਵਿਤਾ ਦੀ ਜ਼ਮਾਨਤ ਅਰਜ਼ੀ ’ਤੇ ਅੱਜ ਸੀਬੀਆਈ ਨੂੰ ਨੋਟਿਸ ਜਾਰੀ ਕੀਤਾ। ਸੀਬੀਆਈ ਅਤੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਮਾਮਲਿਆਂ ਲਈ ਵਿਸ਼ੇਸ਼ ਜੱਜ ਕਾਵੇਰੀ ਬਾਵੇਜਾ ਨੇ ਕਵਿਤਾ ਨੂੰ 23 ਅਪਰੈਲ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਅਤੇ ਸੰਘੀ ਏਜੰਸੀਆਂ ਨੂੰ 22 ਅਪਰੈਲ ਤੱਕ ਅਰਜ਼ੀ ’ਤੇ ਆਪਣਾ ਜਵਾਬ ਦਾਖ਼ਲ ਕਰਨ ਦਾ ਨਿਰਦੇਸ਼ ਦਿੱਤਾ। ਸੀਬੀਆਈ ਨੇ ਤਿਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਦੀ ਧੀ ਅਤੇ ਬੀਆਰਐੱਸ ਦੀ ਵਿਧਾਨਕ ਕੌਂਸਲ ਦੀ ਮੈਂਬਰ ਕਵਿਤਾ ਨੂੰ ਤਿਹਾੜ ਜੇਲ੍ਹ ਤੋਂ ਗ੍ਰਿਫ਼ਤਾਰ ਕੀਤਾ ਸੀ। ਕਥਿਤ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਦੇ ਇਕ ਮਾਮਲੇ ਵਿੱਚ ਈਡੀ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਦੇ ਬਾਅਦ ਤੋਂ ਉਹ ਤਿਹਾੜ ਜੇਲ੍ਹ ਵਿੱਚ ਬੰਦ ਸੀ। ਸੀਬੀਆਈ ਦਿੱਲੀ ਦੀ ਆਮ ਆਦਮੀ ਪਾਰਟੀ ਵੱਲੋਂ ਆਬਕਾਰੀ ਨੀਤੀ ਤਿਆਰ ਕੀਤੇ ਜਾਣ ਅਤੇ ਉਸ ਦੇ ਲਾਗੂ ਕਰਨ ਵਿੱਚ ਕਥਿਤ ਭ੍ਰਿਸ਼ਟਾਚਾਰ ਦੀ ਜਾਂਚ ਕਰ ਰਹੀ ਹੈ ਜਦਕਿ ਈਡੀ ਮਨੀ ਲਾਂਡਰਿੰਗ ਦੇ ਪਹਿਲੂ ਦੀ ਜਾਂਚ ਕਰ ਰਹੀ ਹੈ। ਕਵਿਤਾ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਦਾਇਰ ਆਪਣੀ ਜ਼ਮਾਨਤ ਅਰਜ਼ੀ ਵਿੱਚ ਕਿਹਾ ਹੈ ਕਿ ਉਹ ਲੋਕ ਸਭਾ ਚੋਣਾਂ ਵਿੱਚ ਆਪਣੀ ਪਾਰਟੀ ਦੇ ‘ਸਟਾਰ ਪ੍ਰਚਾਰਕ’ ਹਨ। ਉਨ੍ਹਾਂ ਨੇ ਅੰਤ੍ਰਿਮ ਜ਼ਮਾਨਤ ਦੀ ਅਪੀਲ ਕੀਤੀ ਸੀ ਕਿਉਂਕਿ ਉਨ੍ਹਾਂ ਦੀ ਨਿਯਮਤ ਜ਼ਮਾਨਤ ਅਰਜ਼ੀ ਪੈਂਡਿੰਗ ਹੈ। ਉਨ੍ਹਾਂ ਦੋਸ਼ ਲਾਇਆ ਹੈ ਕਿ ‘ਕੇਂਦਰ ਵਿਚਲੀ ਸੱਤਾਧਾਰੀ ਪਾਰਟੀ ਪਟੀਸ਼ਨਰ ਨੂੰ ਦਿੱਲੀ ਆਬਕਾਰੀ ਨੀਤੀ ਨਾਲ ਜਨਤਕ ਤੌਰ ’ਤੇ ਜੋੜਨ ਲਈ ਜਾਂਚ ਏਜੰਸੀਆਂ ਦਾ ਇਸਤੇਮਾਲ ਕਰ ਰਹੀ ਹੈ ਤਾਂ ਜੋ ਉਸ ਖ਼ਿਲਾਫ਼ ਦੰਡਾਤਮਕ ਕਾਰਵਾਈ ਕੀਤੀ ਜਾ ਸਕੇ।’’ ਅਰਜ਼ੀ ਵਿੱਚ ਕਿਹਾ ਗਿਆ ਹੈ, ‘‘ਜਾਂਚ ਏਜੰਸੀਆਂ ਇਹ ਗੱਲ ਚੰਗੀ ਤਰ੍ਹਾਂ ਜਾਣਦੀਆਂ ਹਨ ਕਿ ਕਥਿਤ ਘੁਟਾਲੇ ਵਿੱਚ ਪਟੀਸ਼ਨਰ ਦੀ ਸ਼ਮੂਲੀਅਤ ਦਾ ਕੋਈ ਸਬੂਤ ਨਹੀਂ ਹੈ। ਸਿਆਸੀ ਆਕਾਵਾਂ ਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਜੇਕਰ ਪਟੀਸ਼ਨਰ ਨੂੰ ਕਥਿਤ ਘੁਟਾਲੇ ਨਾਲ ਜੋੜ ਦਿੱਤਾ ਜਾਂਦਾ ਹੈ ਤਾਂ ਇਸ ਨਾਲ ਉਸ ਨੂੰ ਅਤੇ ਤਿਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਤੇ ਉਸ ਦੇ ਪਿਤਾ ਦੇ ਵੱਕਾਰ ਨੂੰ ਨੁਕਸਾਨ ਪਹੁੰਚਾਇਆ ਜਾ ਸਕੇਗਾ।’’ -ਪੀਟੀਆਈ

ਕੇਜਰੀਵਾਲ ਨਾਲ ਦਹਿਸ਼ਤਗਰਦ ਵਰਗਾ ਸਲੂਕ ਹੋ ਰਿਹੈ: ਮਾਨ

* ਤਿਹਾੜ ਜੇਲ੍ਹ ਵਿਚ ਕੇਜਰੀਵਾਲ ਨੂੰ ਮਿਲੇ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜ ਸਭਾ ਮੈਂਬਰ ਸੰਦੀਪ ਪਾਠਕ
* ਮਾਨ ਨੂੰ ਦੇਸ਼ ਭਰ ਵਿਚ ‘ਇੰਡੀਆ’ ਗੱਠਜੋੜ ਦੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਦੀ ਹਦਾਇਤ

ਨਵੀਂ ਦਿੱਲੀ (ਪੱਤਰ ਪ੍ਰੇਰਕ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਤਿਹਾੜ ਜੇਲ੍ਹ ਵਿਚ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਮਾਨ ਨੇ ਦਾਅਵਾ ਕੀਤਾ ਕਿ ਜੇਲ੍ਹ ਵਿਚ ਉਨ੍ਹਾਂ ਨਾਲ ਦਹਿਸ਼ਤਗਰਦ ਵਰਗਾ ਸਲੂਕ ਹੋ ਰਿਹਾ ਹੈ। ਕੇਜਰੀਵਾਲ ਨਾਲ ਮੁਲਾਕਾਤ ਦੌਰਾਨ ਮਾਨ ਨਾਲ ‘ਆਪ’ ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਵੀ ਮੌਜੂਦ ਸਨ। ਤਿਹਾੜ ਜੇਲ੍ਹ ਦੇ ਅਧਿਕਾਰੀਆਂ ਮੁਤਾਬਕ 33 ਮਿੰਟ ਦੀ ਇਸ ਮੁਲਾਕਾਤ ਦੌਰਾਨ ਕੇਜਰੀਵਾਲ ਤੇ ਉਨ੍ਹਾਂ ਨੂੰ ਮਿਲਣ ਆਏ ਮਾਨ ਤੇ ਪਾਠਕ ਵਿਚਾਲੇ ਸ਼ੀਸ਼ੇ ਦੀ ਦੀਵਾਰ ਸੀ ਤੇ ਉਨ੍ਹਾਂ ਫੋਨ ਕਾਲ ਜ਼ਰੀਏ ਆਪਸ ਵਿਚ ਗੱਲਬਾਤ ਕੀਤੀ। ਮਾਨ ਨੇ ਕਿਹਾ ਕਿ ਕੇਜਰੀਵਾਲ ਨੇ ਉਨ੍ਹਾਂ ਨੂੰ ਇੰਡੀਆ ਗੱਠਜੋੜ ਦੇ ਉਮੀਦਵਾਰਾਂ ਲਈ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਚੋਣ ਪ੍ਰਚਾਰ ਲਈ ਕਿਹਾ ਹੈ।
ਮੀਟਿੰਗ ਤੋਂ ਬਾਅਦ ਜੇਲ੍ਹ ਦੇ ਬਾਹਰ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਨਿਸ਼ਾਨੇ ਉੱਤੇ ਲਿਆ। ਉਨ੍ਹਾਂ ਦੋਸ਼ ਲਾਇਆ ਕਿ ਜੇਲ੍ਹ ਪ੍ਰਸ਼ਾਸਨ ਨੇ ਮੀਟਿੰਗ ਸ਼ੀਸ਼ੇ ਦੀ ਦੀਵਾਰ ਨਾਲ ਵੰਡੇ ਹੋਏ ਕਮਰੇ ਵਿੱਚ ਕਰਵਾਈ ਜਿਵੇਂ ਕਿ ਇਹ ਦੋ ਰਾਜਾਂ ਦੇ ਚੁਣੇ ਹੋਏ ਮੁਖੀਆਂ ਵਿਚਕਾਰ ਨਹੀਂ ਬਲਕਿ ਅਤਿਵਾਦੀਆਂ ਦਰਮਿਆਨ ਹੋਵੇ। ਮੁੱਖ ਮੰਤਰੀ ਨੇ ਕਿਹਾ ਕਿ ਇਹ ਤਾਨਾਸ਼ਾਹੀ ਦਾ ਸਿਖਰ ਹੈ ਕਿਉਂਕਿ ਦੋ ਮੁੱਖ ਮੰਤਰੀਆਂ ਨੂੰ ਅਤਿਵਾਦੀ ਵਜੋਂ ਪੇਸ਼ ਕੀਤਾ ਗਿਆ।
ਭਗਵੰਤ ਮਾਨ ਨੇ ਕਿਹਾ ਕਿ ਇਹ ਦੇਖ ਕੇ ਦੁੱਖ ਹੋਇਆ ਕਿ ਅਰਵਿੰਦ ਕੇਜਰੀਵਾਲ ਨੂੰ ਉਹ ਸਹੂਲਤਾਂ ਨਹੀਂ ਮਿਲ ਰਹੀਆਂ ਜੋ ਕੱਟੜ ਅਪਰਾਧੀਆਂ ਨੂੰ ਵੀ ਮਿਲਦੀਆਂ ਹਨ। ਉਨ੍ਹਾਂ ਦਾ ਕੀ ਕਸੂਰ ਹੈ? ਉਨ੍ਹਾਂ ਭਾਜਪਾ ਦੀ ਆਲੋਚਨਾ ਕਰਦਿਆਂ ਕਿਹਾ, ‘‘ਤੁਸੀਂ (ਭਾਜਪਾ) ਉਨ੍ਹਾਂ ਨਾਲ ਇੰਜ ਸਲੂਕ ਕਰ ਰਹੇ ਹੋ ਜਿਵੇਂ ਤੁਸੀਂ ਦੇਸ਼ ਦੇ ਸਭ ਤੋਂ ਵੱਡੇ ਅਤਿਵਾਦੀਆਂ ਵਿੱਚੋਂ ਇੱਕ ਨੂੰ ਫੜ ਲਿਆ ਹੋਵੇ।’’ ਪੰਜਾਬ ਦੇ ਮੁੱਖ ਮੰਤਰੀ ਨੇ ਮੀਡੀਆ ਦੇ ਸਾਹਮਣੇ ਦਿੱਲੀ ਜੇਲ੍ਹ ਮੈਨੂਅਲ ਦੀ ਇੱਕ ਲਾਈਨ ਪੜ੍ਹੀ ਜਿਸ ਵਿੱਚ ਕਿਹਾ ਗਿਆ ਹੈ ਕਿ ਜੇਲ੍ਹ ਸੁਪਰਡੈਂਟ ਚੰਗੇ ਵਿਹਾਰ ਵਾਲੇ ਕੈਦੀਆਂ ਨੂੰ ਆਪਣੇ ਮੁਲਾਕਾਤੀਆਂ ਨਾਲ ਆਹਮੋ-ਸਾਹਮਣੇ ਮਿਲਣ ਦੀ ਆਗਿਆ ਦੇ ਸਕਦਾ ਹੈ। ਉਨ੍ਹਾਂ ਯਾਦ ਕਰਵਾਇਆ ਕਿ ਜਦੋਂ ਸੀਨੀਅਰ ਕਾਂਗਰਸੀ ਆਗੂ ਪੀ.ਚਿਦੰਬਰਮ ਜੇਲ੍ਹ ਵਿੱਚ ਸਨ ਤਾਂ ਸੋਨੀਆ ਗਾਂਧੀ ਨੂੰ ਇੱਕ ਕਮਰੇ ਵਿੱਚ ਆਹਮੋ-ਸਾਹਮਣੇ ਮੁਲਾਕਾਤ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਉਨ੍ਹਾਂ ਕਿਹਾ, ‘‘ਜਦੋਂ ਅਸੀਂ ਸ਼ੀਸ਼ੇ ਦੀ ਦੀਵਾਰ ਦੇ ਪਾਰ ਬੈਠੇ ਸੀ ਤਾਂ ਸਾਨੂੰ ਉਨ੍ਹਾਂ ਨਾਲ ਫ਼ੋਨ ’ਤੇ ਗੱਲਬਾਤ ਕਰਨ ਦੀ ਇਜਾਜ਼ਤ ਦਿੱਤੀ ਗਈ। ਨਰਿੰਦਰ ਮੋਦੀ ਕੀ ਚਾਹੁੰਦੇ ਹਨ?’’ ਉਨ੍ਹਾਂ ਦਾਅਵਾ ਕੀਤਾ, ‘‘ਸ਼ੀਸ਼ਾ ਇੰਨਾ ਗੰਦਾ ਸੀ ਕਿ ਸਾਡੇ ਚਿਹਰੇ ਵੀ ਇੱਕ ਦੂਜੇ ਨੂੰ ਦਿਖਾਈ ਨਹੀਂ ਦੇ ਰਹੇ ਸਨ। ਅਰਵਿੰਦ ਕੇਜਰੀਵਾਲ ਇੱਕ ਇਮਾਨਦਾਰ ਵਿਅਕਤੀ ਹਨ ਜਿਨ੍ਹਾਂ ਨੇ ਪਾਰਦਰਸ਼ਤਾ ਦੀ ਰਾਜਨੀਤੀ ਸ਼ੁਰੂ ਕੀਤੀ ਅਤੇ ਭਾਜਪਾ ਦੀ ਰਾਜਨੀਤੀ ਨੂੰ ਖਤਮ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਨਾਲ ਅਜਿਹਾ ਸਲੂਕ ਕੀਤਾ ਜਾ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਉਹ ਭਾਵੁਕ ਹੋ ਗਏ।
ਮਾਨ ਨੇ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਮੱਦੇਨਜ਼ਰ ‘ਆਪ’ ਨੂੰ ਕਿਸੇ ਵੀ ਤਰ੍ਹਾਂ ਦੀਆਂ ਧਮਕੀਆਂ ਦੀਆਂ ਅਟਕਲਾਂ ਨੂੰ ਖਾਰਜ ਕੀਤਾ ਅਤੇ ਕਿਹਾ, ‘‘ਆਪ ਇੱਕ ਅਨੁਸ਼ਾਸਿਤ ਪਾਰਟੀ ਹੈ। ਅਸੀਂ ਸਾਰੇ ਕੇਜਰੀਵਾਲ ਨਾਲ ਚੱਟਾਨ ਵਾਂਗ ਖੜ੍ਹੇ ਹਾਂ। ਜਦੋਂ 4 ਜੂਨ ਨੂੰ ਨਤੀਜੇ ਐਲਾਨੇ ਜਾਣਗੇ ਤਾਂ ‘ਆਪ’ ਦੇਸ਼ ’ਚ ਵੱਡੀ ਸਿਆਸੀ ਤਾਕਤ ਬਣ ਕੇ ਉਭਰੇਗੀ।’’ ਇਸ ਦੌਰਾਨ ਇਕ ਜੇਲ੍ਹ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਦਿਆਂ ਦੱਸਿਆ ਕਿ ਮਾਨ ਅਤੇ ਪਾਠਕ ਜੇਲ੍ਹ ਮੈਨੂਅਲ ਅਨੁਸਾਰ ਆਮ ਮੁਲਾਕਾਤੀਆਂ ਵਾਂਗ ਕੇਜਰੀਵਾਲ ਨੂੰ ਮਿਲੇ ਸਨ।

Advertisement
Author Image

joginder kumar

View all posts

Advertisement
Advertisement
×