ਦਿੱਲੀ ਅਪਰਾਧ ਦੀ ਰਾਜਧਾਨੀ ਬਣੀ: ਹਾਰੂਨ ਯੂਸਫ਼
ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਮਈ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫ਼ਤਰ ਰਾਜੀਵ ਭਵਨ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਲੀ ਸਰਕਾਰ ਦੇ ਸਾਬਕਾ ਮੰਤਰੀ ਅਤੇ ਮੀਡੀਆ ਮੁਹਿੰਮ ਰਣਨੀਤੀ ਕਮੇਟੀ ਦੇ ਚੇਅਰਮੈਨ ਹਾਰੂਨ ਯੂਸਫ਼ ਨੇ ਕਿਹਾ ਕਿ 4 ਜੂਨ ਨੂੰ ‘ਇੰਡੀਆ’ ਗੱਠਜੋੜ ਦੀਆਂ ਲੋਕ ਸਭਾ ਸੀਟਾਂ ਬਹੁਮਤ ਨਾਲ ਜਿੱਤਣ ਮਗਰੋਂ ਦੇਸ਼ ਅਤੇ ਦਿੱਲੀ ਦੀ ਵਿਗੜਦੀ ਕਾਨੂੰਨ ਵਿਵਸਥਾ ਅਤੇ ਸੁਰੱਖਿਆ ਲਈ ਕਾਂਗਰਸ ਜ਼ਿੰਮੇਵਾਰ ਹੋਵੇਗੀ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਭਾਜਪਾ ਸਰਕਾਰ ਰਾਜਧਾਨੀ ਦਿੱਲੀ ਸਣੇ ਦੇਸ਼ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਬਹਾਲ ਕਰਨ ’ਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਅੱਜ ਦਿੱਲੀ ਦੇ ਵਿਗੜ ਰਹੇ ਮਾਹੌਲ ਕਾਰਨ ਹਰੇਕ ਵਿਅਕਤੀ ਆਪਣੀ ਸੁਰੱਖਿਆ ਲਈ ਚਿੰਤਤ ਹੈ ਕਿਉਂਕਿ ਰਾਜਧਾਨੀ ਵਿਚ ਔਰਤਾਂ, ਬਜ਼ੁਰਗਾਂ, ਛੋਟੇ ਬੱਚਿਆਂ ਅਤੇ ਲੜਕੀਆਂ ਵਿਰੁੱਧ ਅਪਰਾਧਿਕ ਮਾਮਲਿਆਂ ਦੀ ਗਿਣਤੀ ਸੈਂਕੜੇ ਫੀਸਦੀ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਤੇ ਗ੍ਰਹਿ ਮੰਤਰਾਲੇ ਦੀ ਅਣਗਹਿਲੀ ਕਾਰਨ ਦਿੱਲੀ ਅਪਰਾਧ ਦੀ ਰਾਜਧਾਨੀ ਬਣ ਗਈ ਹੈ। ਇਸ ਮੌਕੇ ਹਰੂਨ ਯੂਸਫ ਦੇ ਨਾਲ ਸੰਚਾਰ ਵਿਭਾਗ ਦੇ ਵਾਈਸ ਚੇਅਰਮੈਨ ਅਨੁਜ ਅਤਰੇਆ ਵੀ ਮੌਜੂਦ ਸਨ।
ਯੂਸਫ ਨੇ ਕਿਹਾ ਕਿ ਦਿੱਲੀ ਵਿੱਚ ਹਰ ਰੋਜ਼ ਜਬਰ-ਜਨਾਹ ਦੇ ਤਿੰਨ ਮਾਮਲੇ, ਤਿੰਨ ਤੋਂ ਚਾਰ ਕਤਲ ਅਤੇ ਅਗਵਾ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਅਤੇ ਅਦਾਲਤੀ ਕੈਂਪਸ ਵਿੱਚ ਵੀ ਗੈਂਗ ਵਾਰ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਦਸੰਬਰ, 2023 ਵਿੱਚ ਜਾਰੀ ਅੰਕੜਿਆਂ ਅਨੁਸਾਰ ਸਾਲ 2022 ਵਿੱਚ ਦਿੱਲੀ ਵਿੱਚ 2.99 ਲੱਖ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ, ਜੋ ਕਿ ਪੰਜ ਮਹਾਨਗਰਾਂ ਦੇ ਮੁਕਾਬਲੇ ਰਾਜਧਾਨੀ ਵਿੱਚ ਸਭ ਤੋਂ ਵੱਧ ਹਨ। ਸਾਲ 2020-2022 ਦੌਰਾਨ ਔਰਤਾਂ ਅਤੇ ਬਜ਼ੁਰਗਾਂ ਵਿਰੁੱਧ ਅਪਰਾਧਾਂ ਵਿੱਚ 45 ਫੀਸਦੀ, ਬੱਚਿਆਂ ਵਿਰੁੱਧ ਅਪਰਾਧਾਂ ਵਿੱਚ 41 ਫੀਸਦੀ, ਅਗਵਾ ਵਿੱਚ 39 ਫੀਸਦੀ, ਕਤਲ ਵਿੱਚ 9 ਫੀਸਦੀ ਅਤੇ ਸਾਈਬਰ ਅਪਰਾਧਾਂ ਵਿੱਚ 313 ਫੀਸਦੀ ਦਾ ਵਾਧਾ ਹੋਇਆ ਹੈ।