ਆਬਕਾਰੀ ਨੀਤੀ: ਹਾਈ ਕੋਰਟ ਨੇ ਕੇਜਰੀਵਾਲ ਦੀ ਪਟੀਸ਼ਨ ’ਤੇ ਈਡੀ ਤੋਂ ਜਵਾਬ ਮੰਗਿਆ
ਨਵੀਂ ਦਿੱਲੀ, 12 ਨਵੰਬਰ
ਦਿੱਲੀ ਹਾਈ ਕੋਰਟ ਨੇ ਕਥਿਤ ਆਬਕਾਰੀ ਨੀਤੀ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿਚ ਈਡੀ ਦੀ ਸ਼ਿਕਾਇਤ ’ਤੇ ਜਾਰੀ ਸੰਮਨਾਂ ਨੂੰ ਚੁਣੌਤੀ ਦਿੰਦੀ ‘ਆਪ’ ਆਗੂ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ’ਤੇ ਸੰਘੀ ਜਾਂਚ ਏਜੰਸੀ ਤੋਂ ਜਵਾਬ ਮੰਗਿਆ ਹੈ। ਜਸਟਿਸ ਮਨੋਜ ਕੁਮਾਰ ਓਹਰੀ ਨੇ ਫੌਜਦਾਰੀ ਕੇਸ ਵਿਚ ਮੁਕੱਦਮੇ ਦੀ ਕਾਰਵਾਈ ਉੱਤੇ ਰੋਕ ਲਾਉਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਟਰਾਇਲ ਕੋਰਟ ਦੇ ਹੁਕਮ, ਜਿਸ ਨੂੰ ਕੇਜਰੀਵਾਲ ਨੇ ਚੁਣੌਤੀ ਦਿੱਤੀ ਹੈ, ਦੋ ਮਹੀਨੇ ਪੁਰਾਣੇ ਹਨ ਤੇ ਇਹ ਕੋਈ ਨਵੇਂ ਹੁਕਮ ਨਹੀਂ। ਸੁਣਵਾਈ ਦੌਰਾਨ ਕੇਜਰੀਵਾਲ ਦੇ ਵਕੀਲ ਨੇ ਸ਼ਿਕਾਇਤ ਦੀ ਵਾਜਬਤਾ ਉੱਤੇ ਇਸ ਅਧਾਰ ’ਤੇ ਸਵਾਲ ਚੁੱਕੇ ਕਿ ਸੰਮਨ ਅਧਿਕਾਰੀ ਵੱਲੋਂ ਜਾਰੀ ਕੀਤੇ ਗਏ ਜਦੋਂਕਿ ਸ਼ਿਕਾਇਤ ਕਿਸੇ ਹੋਰ ਅਧਿਕਾਰੀ ਨੇ ਦਰਜ ਕੀਤੀ ਸੀ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਸੈਸ਼ਨਜ਼ ਕੋਰਟ ਦੇ 17 ਸਤੰਬਰ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ, ਜਿਸ ਵਿਚ ਸੰਮਨਾਂ ਨੂੰ ਚੁਣੌਤੀ ਦਿੰਦੀ ਪਟੀਸ਼ਨ ਰੱਦ ਕੀਤੀ ਗਈ ਸੀ। ਸੁੁਣਵਾਈ ਦੌਰਾਨ ਈਡੀ ਦੇ ਵਕੀਲ ਨੇ ਪਟੀਸ਼ਨ ਦੀ ਵਾਜਬਤਾ ਨੂੰ ਲੈ ਕੇ ਇਤਰਾਜ਼ ਜਤਾਇਆ। -ਪੀਟੀਆਈ