ਫੈਂਸੀ ਡਰੈੱਸ ਮੁਕਾਬਲਿਆਂ ’ਚ ਬੱਚਿਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ
ਦਸੂਹਾ: ਐਸ.ਵੀ.ਜੇ.ਸੀ.ਡੀ.ਏ.ਵੀ ਪਬਲਿਕ ਸਕੂਲ ਦਸੂਹਾ ਵਿਖੇ ਸ਼ਿਵਾਲਿਕ ਹਿਲਜ਼ ਸਹੋਦਿਆ ਹੁਸ਼ਿਆਰਪੁਰ ਵੱਲੋਂ ਫੈਂਸੀ ਡਰੈੱਸ ਮੁਕਾਬਲੇ ਕਰਵਾਏ ਗਏ। ਪ੍ਰਿਸੀਪਲ ਰਸ਼ਮੀ ਮੈਂਗੀ ਦੀ ਅਗਵਾਈ ਹੇਠ ਕਰਵਾਏ ਮੁਕਾਬਲਿਆਂ ਨੂੰ ਦੋ ਵਰਗਾਂ ਵਿੱਚ ਵੰਡਿਆ ਗਿਆ। ਪਹਿਲੇ ਵਰਗ ਵਿੱਚ ਤੀਸਰੀ ਤੋਂ ਪੰਜਵੀਂ ਜਮਾਤ ਅਤੇ ਦੂਸਰੇ ਵਰਗ ਵਿੱਚ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਮੁਕਾਬਲਿਆਂ ਦਾ ਅਗਾਜ਼ ਮੁੱਖ ਮਹਿਮਾਨ ਵਜੋਂ ਪੁੱਜੇ ਜਗਦੀਸ਼ ਚੰਦਰ ਧਰਮਾਰਥ ਟਰੱਸਟ ਦੀ ਮੈਂਬਰ ਸ਼੍ਰੀਮਤੀ ਆਸ਼ਾ ਕਸ਼ਯਪ ਅਤੇ ਸਹੋਦਿਆ ਗਰੁੱਪ ਦੇ ਪ੍ਰਧਾਨ ਪ੍ਰਿੰ. ਰਸਿਕ ਗੁਪਤਾ, ਸਕਤਰ ਮੈਡਮ ਹਰਕੀਰਤ ਕੌਰ ਤੇ ਮੈਡਮ ਮੋਨਿਕਾ ਠਾਕੁਰ ਵੱਲੋਂ ਜੋਤੀ ਜਗਾ ਕੇ ਕੀਤਾ ਗਿਆ। ਮਗਰੋਂ ਪੇਸ਼ ਕੀਤੇ ਰੰਗਾਰੰਗ ਪ੍ਰੋਗਰਾਮ ‘ਚ ਬੱਚਿਆਂ ਨੇ ਸਭਨਾਂ ਦਾ ਮਨ ਮੋਹਿਆ। ਪਹਿਲੇ ਵਰਗ ਦੇ ਵਿਦਿਆਰਥੀਆਂ ਦੇ ਮੁਕਾਬਲੇ ਵਿੱਚ ਦਰਸ਼ਨ ਅਕੈਡਮੀ ਸਕੂਲ, ਨੰਦ ਸਿੰਘ ਮੈਮੋਰੀਅਲ ਸਕੂਲ ਅਤੇ ਵੁੱਡਬਰੀ ਵਰਲਡ ਸਕੂਲ ਨੇ ਕ੍ਰਮਵਾਰ ਪਹਿਲੀਆਂ ਤਿੰਨ ਪੁਜ਼ੀਸ਼ਨਾਂ ‘ਤੇ ਕਬਜ਼ਾ ਕੀਤਾ ਜਦੋਕਿ ਐੱਸਵੀਜੇਸੀਡੀਏਵੀ ਪਬਲਿਕ ਸਕੂਲ ਤੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਨੂੰ ਪ੍ਰਤੀਭਾਗੀ ਪੁਰਸਕਾਰ ਦਿੱਤੇ ਗਏ। ਦੂਸਰੇ ਵਰਗ ਦੇ ਮੁਕਾਬਲਿਆਂ ਵਿੱਚ ਐਸਵੀਜੇਸੀਡੀਏਵੀ ਪਬਲਿਕ ਸਕੂਲ ਨੇ ਪਹਿਲਾ, ਹਰਕ੍ਰਿਸ਼ਨ ਪਬਲਿਕ ਸਕੂਲ ਨੇ ਦੂਸਰਾ ਅਤੇ ਸੰਸਕਾਰ ਵੈਲੀ ਸਕੂਲ ਨੇ ਤੀਸਰਾ ਸਥਾਨ ਹਾਸਲ ਕੀਤਾ।