‘ਪੰਜਾਬ ਬੰਦ’ ਦੇ ਸੱਦੇ ਕਾਰਨ ਪ੍ਰੀਖਿਆਵਾਂ ਮੁਲਤਵੀ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 28 ਦਸੰਬਰ
ਕਿਸਾਨਾਂ ਵੱਲੋਂ 30 ਦਸੰਬਰ ਨੂੰ ਪੰਜਾਬ ਬੰਦ ਦੇ ਸੱਦੇ ਦੇ ਮੱਦੇਨਜ਼ਰ ਪੰਜਾਬ ਯੂਨੀਵਰਸਿਟੀ ਨੇ ਚੰਡੀਗੜ੍ਹ ਤੇ ਪੰਜਾਬ ਦੇ ਕਾਲਜਾਂ ਵਿੱਚ 30 ਦਸੰਬਰ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ। ਹੁਣ ਇਹ ਪ੍ਰੀਖਿਆਵਾਂ 31 ਦਸੰਬਰ ਨੂੰ ਲਈਆਂ ਜਾਣਗੀਆਂ। ਇਨ੍ਹਾਂ ਪ੍ਰੀਖਿਆਵਾਂ ਵਿੱਚ ਪੰਜਾਬੀ ਦੀ ਰੱਦ ਹੋਈ ਪ੍ਰੀਖਿਆ ਵੀ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਪੰਜਾਬ ਯੂਨੀਵਰਸਿਟੀ ਵਲੋਂ ਕਈ ਵਿਸ਼ਿਆਂ ਦੀ ਪ੍ਰੀਖਿਆ ਤੀਜੀ ਵਾਰ ਮੁਲਤਵੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਨੇ ਗਲਤ ਡੇਟ ਸ਼ੀਟ ਬਣਾ ਦਿੱਤੀ ਸੀ ਜਿਸ ਅਨੁਸਾਰ ਕਈ ਵਿਸ਼ਿਆਂ ਦੀਆਂ ਪ੍ਰੀਖਿਆਵਾ ਇਕ ਦਿਨ ਵਿਚ ਆ ਗਈਆਂ ਸਨ ਜਿਸ ਸਬੰਧੀ ਪੰਜਾਬੀ ਟ੍ਰਿਬਿਊਨ ਨੇ ਪ੍ਰਮੁੱਖਤਾ ਨਾਲ ਖਬਰ ਪ੍ਰਕਾਸ਼ਿਤ ਕੀਤੀ ਸੀ। ਮਗਰੋਂ ਯੂਨੀਵਰਸਿਟੀ ਨੇ ਨਵੀਂ ਡੇਟਸ਼ੀਟ ਬਣਾ ਦਿੱਤੀ। ਇਸ ਤੋਂ ਬਾਅਦ ਕਈ ਵਿਸ਼ਿਆਂ ਦੀਆਂ ਪ੍ਰੀਖਿਆਵਾਂ 21 ਦਸੰਬਰ ਨੂੰ ਰੱਖੀਆਂ ਗਈਆਂ ਪਰ ਇਸ ਦਿਨ ਪੰਜਾਬ ਦੀਆਂ ਨਗਰ ਨਿਗਮ ਦੀਆਂ ਚੋਣਾਂ ਆ ਗਈਆਂ, ਜਿਸ ਕਾਰਨ ਇਹ ਪ੍ਰੀਖਿਆ 22 ਦਸੰਬਰ ਨੂੰ ਰੱਖੀ ਗਈ। ਇਸ ਦਿਨ ਐਤਵਾਰ ਹੋਣ ਕਾਰਨ ਕਈ ਅਧਿਆਪਕ ਉਪਲਬਧ ਨਹੀਂ ਸਨ ਜਿਸ ਕਾਰਨ ਦੋ ਵਿਸ਼ਿਆਂ ਦੀ ਪ੍ਰੀਖਿਆ 26 ਤੇ ਬਾਕੀਆਂ ਦੀ 30 ਦਸਬੰਰ ਨੂੰ ਰੱਖੀ ਗਈ ਪਰ 26 ਦਸੰਬਰ ਨੂੰ ਬੀਏ ਸਮੈਸਟਰ ਪਹਿਲਾ ਦਾ ਪ੍ਰੀਖਿਆ ਪੱਤਰ ਸਿਲੇਬਸ ਤੋਂ ਬਾਹਰ ਆ ਗਿਆ ਜਿਸ ਕਾਰਨ ਇਹ ਪ੍ਰੀਖਿਆ 30 ਦਸੰਬਰ ਨੂੰ ਨਿਰਧਾਰਿਤ ਕੀਤੀ ਗਈ ਸੀ ਪਰ ਹੁਣ ਕਿਸਾਨਾਂ ਦੇ ਬੰਦ ਦੇ ਸੱਦੇ ਦੇ ਮੱਦੇਨਜ਼ਰ ਇਹ ਪ੍ਰੀਖਿਆ ਮੁੜ 31 ਦਸੰਬਰ ਨੂੰ ਨਿਰਧਾਰਿਤ ਕੀਤੀ ਗਈ ਹੈ।
ਪ੍ਰੀਖਿਆਵਾਂ ਮੁਲਤਵੀ ਹੋਣ ਕਾਰਨ ਵਿਦਿਆਰਥੀ ਪ੍ਰੇਸ਼ਾਨ
ਚੰਡੀਗੜ੍ਹ ਦੇ ਕਾਲਜਾਂ ਜੀਜੀ ਐੱਸਡੀ ਕਾਲਜ ਸੈਕਟਰ 32 ਤੇ ਡੀਏਵੀ ਕਾਲਜ ਸੈਕਟਰ 10 ਦੇ ਵਿਦਿਆਰਥੀਆਂ ਹਰਜਿੰਦਰ ਸਿੰਘ ਤੇ ਜਗਤੇਸ਼ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਵੱਲੋਂ ਪ੍ਰੀਖਿਆਵਾਂ ਵਾਰ-ਵਾਰ ਮੁਲਤਵੀ ਕੀਤੀਆਂ ਜਾ ਰਹੀਆਂ ਹਨ ਜਿਸ ਕਾਰਨ ਹੋਸਟਲਾਂ ਵਿਚ ਰਹਿਣ ਵਾਲੇ ਵਿਦਿਆਰਥੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਵਿਦਿਆਰਥੀਆਂ ਨੇ ਆਪਣੇ ਘਰਾਂ ਤੇ ਹੋਰ ਥਾਵਾਂ ’ਤੇ ਜਾਣ ਲਈ ਵੋਲਵੋ ਬੱਸਾਂ ਦੀਆਂ ਟਿਕਟਾਂ ਅਗਾਊਂ ਬੁੱਕ ਕਰਵਾਈਆਂ ਸਨ ਪਰ ਪ੍ਰੀਖਿਆਵਾਂ ਦੀਆਂ ਮਿਤੀਆਂ ਬਦਲਣ ਕਾਰਨ ਪ੍ਰੇਸ਼ਾਨੀ ਹੋ ਰਹੀ ਹੈ। ਇਸ ਕਰ ਕੇ ਯੂਨੀਵਰਸਿਟੀ ਪ੍ਰਬੰਧਕਾਂ ਨੂੰ ਇਸ ਮੁੱਦੇ ’ਤੇ ਗੌਰ ਕਰਨੀ ਚਾਹੀਦੀ ਹੈ।